ਇਕ ਹਜ਼ਾਰ ਦੀ ਲਾਗਤ ਨਾਲ ਕਿਸਾਨ ਨੇ ਕਮਾਏ 40 ਹਜ਼ਾਰ, Google ਤੋਂ ਸਿੱਖੀ ਜੈਵਿਕ ਖੇਤੀ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਕ ਅਧਿਆਪਕ ਨੇ ਅਪਣੇ ਲੜਕੇ ਨਾਲ ਮਿਲ ਕੇ ਲੌਕਡਾਊਨ ਕਾਰਨ ਬੰਦ ਸਕੂਲ ਦੇ ਸਮੇਂ ਦਾ ਫਾਇਦਾ ਚੁੱਕ ਕੇ ਚੰਗੀ ਕਮਾਈ ਕਰ ਲਈ।

Organic Farming

ਭੋਪਾਲ: ਮੱਧ ਪ੍ਰਦੇਸ਼ ਸੂਬੇ ਦੇ ਰਤਲਾਮ ਜ਼ਿਲ੍ਹੇ ਦੇ ਆਦਿਵਾਸੀ ਖੇਤਰ ਦੇ ਇਕ ਅਧਿਆਪਕ ਨੇ ਅਪਣੇ ਲੜਕੇ ਨਾਲ ਮਿਲ ਕੇ ਲੌਕਡਾਊਨ ਕਾਰਨ ਬੰਦ ਸਕੂਲ ਦੇ ਸਮੇਂ ਦਾ ਫਾਇਦਾ ਚੁੱਕ ਕੇ ਚੰਗੀ ਕਮਾਈ ਕਰ ਲਈ। ਇਸ ਅਧਿਆਪਕ ਨੇ ਅਪਣੀ ਡੇਢ ਹੈਕਟੇਅਰ ਦੀ ਜ਼ਮੀਨ ‘ਤੇ ਜੈਵਿਕ ਖੇਤੀ ਤੋਂ ਸਬਜ਼ੀਆਂ ਉਗਾਈਆਂ ਅਤੇ ਚਾਲੀ ਹਜ਼ਾਰ ਦੀ ਕਮਾਈ ਕੀਤੀ, ਜਿਸ ਵਿਚ ਸਿਰਫ ਇਕ ਹਜ਼ਾਰ ਦੀ ਲਾਗਤ ਆਈ ਸੀ।

ਇਹ ਅਧਿਆਪਕ ਰਤਲਾਮ ਜ਼ਿਲ੍ਹੇ ਦੇ ਪਿੰਡ ਨਰਸਿੰਘ ਨਾਕਾ ਵਿਚ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਵਾਲੇ ਗੋਵਿੰਦ ਸਿੰਘ ਕਸਾਵਤ ਹਨ। ਇਸ ਦੌਰਾਨ ਉਹਨਾਂ ਦੇ ਲੜਕੇ ਮਨੋਜ ਨੇ ਵੀ ਪਿਤਾ ਦਾ ਪੂਰਾ ਸਾਥ ਦਿੱਤਾ। ਨਰਸਿੰਘ ਨਾਕਾ, ਆਦਿਵਾਸੀ ਖੇਤਰ ਦਾ ਇਕ ਛੋਟਾ ਜਿਹਾ ਪਿੰਡ ਹੈ। ਅੱਜ ਇਸ ਕਿਸਾਨ ਕੋਲੋਂ ਜੈਵਿਕ ਖੇਤੀ ਦੇ ਗੁਣ ਸਿੱਖਣ ਲਈ ਆਸਪਾਸ ਦੇ ਲੋਕ ਵੀ ਆਉਣ ਲੱਗੇ ਹਨ। ਇਸ ਦੇ ਨਾਲ ਹੀ ਲੋਕ ਇਹਨਾਂ ਕੋਲੋਂ ਸਬਜ਼ੀ ਖਰੀਦਣ ਲਈ ਵੀ ਦੂਰੋਂ-ਦੂਰੋਂ ਪਹੁੰਚ ਰਹੇ ਹਨ।

ਜੈਵਿਕ ਖੇਤੀ ਸਬੰਧੀ ਇਸ ਅਧਿਆਪਕ ਨੇ ਸਿਰਫ ਸੁਣਿਆ ਸੀ ਪਰ ਕਦੀ ਕੀਤੀ ਨਹੀਂ ਸੀ। ਲੌਕਡਾਊਨ ਦੌਰਾਨ ਉਹਨਾਂ ਦੇ ਮਨ ਵਿਚ ਜੈਵਿਕ ਖੇਤੀ ਕਰਨ ਦਾ ਵਿਚਾਰ ਆਇਆ। ਉਹਨਾਂ ਨੇ ਅਪਣੇ ਪੁੱਤਰ ਨਾਲ ਮਿਲ ਕੇ ਯੂਟਿਊਬ ਅਤੇ ਗੂਗਲ ਤੋਂ ਜੈਵਿਕ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਅਪਣੇ ਖੇਤ ਵਿਚ ਲੌਕੀ, ਕਰੇਲਾ ਸਮੇਤ ਕਈ ਸਬਜ਼ੀਆਂ ਉਗਾਈਆਂ।

ਉਹਨਾਂ ਨੇ ਯੂਟਿਊਬ ਤੋਂ ਕਈ ਖੇਤੀਬਾੜੀ ਮਾਹਿਰਾਂ ਦੀਆਂ ਵੀਡੀਓਜ਼ ਦੇਖ ਦੇ ਜਾਣਕਾਰੀ ਇਕੱਠੀ ਕੀਤੀ। ਇਸ ਫਸਲ ਵਿਚ ਉਹਨਾਂ ਨੇ ਜੈਵਿਕ ਖੇਤੀ ਦੇ ਤਹਿਤ ਜੈਵਿਕ ਖਾਦ ਦੀ ਵਰਤੋਂ ਕੀਤੀ। ਜਦੋਂ ਸਬਜ਼ੀਆਂ ਉੱਗੀਆਂ ਤਾਂ ਉਹ ਅਪਣੀ ਫਸਲ ਨੂੰ ਵੇਚਣ ਲਈ ਮੰਡੀ ਜਾਂਦੇ ਸੀ। ਵਪਾਰੀਆਂ ਨੂੰ ਉਹਨਾਂ ਦੇ ਖੇਤ ਦੀਆਂ ਸਬਜ਼ੀਆਂ ਕਾਫੀ ਪਸੰਦ ਆਉਣ ਲੱਗੀਆਂ।

ਅਪ੍ਰੈਲ ਵਿਚ ਸ਼ੁਰੂ ਕੀਤੇ ਇਸ ਕੰਮ ਤੋਂ ਉਹਨਾਂ ਨੇ ਹੁਣ ਤੱਕ 40 ਹਜ਼ਾਰ ਰੁਪਏ ਕਮ ਲਏ ਹਨ। ਉਹਨਾਂ ਦੱਸਿਆ ਕਿ ਹੁਣ ਉਹ ਅਪਣੇ ਲੜਕੇ ਨਾਲ ਮਿਲ ਕੇ ਖੇਤੀ ਦੇ ਨਵੇਂ-ਨਵੇਂ ਤਰੀਕੇ ਅਪਨਾਉਣ ‘ਤੇ ਵਿਚਾਰ ਕਰ ਰਹੇ ਹਨ।