ਮਾਝਾ ਅਤੇ ਦੁਆਬਾ ਖੇਤਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਆਈ ਵੱਡੀ ਕਮੀ- ਵਿਸ਼ਵਾਜੀਤ ਖੰਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਅਪੀਲ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ ਗਿਆ। ਇਸ ਦਾ ਖੁਲਾਸਾ...

Parali

ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਅਪੀਲ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ ਗਿਆ। ਇਸ ਦਾ ਖੁਲਾਸਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਦੇ ਅੰਕੜਿਆਂ ਵਿੱਚ ਹੋਇਆ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਾਜੀਤ ਖੰਨਾ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਨੇ ਵਾਤਾਵਰਣ, ਮਿੱਟੀ ਤੇ ਮਨੁੱਖੀ ਸਿਹਤ ਦੀ ਸੁਰੱਖਿਆ ਪ੍ਰਤੀ ਆਪਣਾ ਯੋਗਦਾਨ ਦੇਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਕਿਉਂ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੰਜਾਬ ਦੀ ਹਵਾ ਗੁਣਵੱਤਾ ਵਿੱਚ ਵਧੇਰੇ ਸੁਧਾਰ ਵੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਰੋਪੜ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਸਭ ਤੋਂ ਵੱਧ 60 ਫੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਐਸ.ਬੀ.ਐਸ. ਨਗਰ ਵਿੱਚ 53 ਫੀਸਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 45 ਫੀਸਦੀ, ਕਪੂਰਥਲਾ ਵਿੱਚ 41 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 33 ਫੀਸਦੀ, ਲੁਧਿਆਣਾ ਵਿੱਚ 26 ਫੀਸਦੀ, ਪਠਾਨਕੋਟ ਵਿੱਚ 25 ਫੀਸਦੀ, ਜਲੰਧਰ ਵਿੱਚ 22 ਫੀਸਦੀ, ਗੁਰਦਾਸਪੁਰ ਵਿੱਚ 14 ਫੀਸਦੀ

ਐਸ.ਏ.ਐਸ. ਨਗਰ ਵਿੱਚ 14 ਫੀਸਦੀ, ਸੰਗਰੂਰ ਅਤੇ ਪਟਿਆਲਾ ਵਿੱਚ 2 ਫੀਸਦੀ ਗਿਰਾਵਟ ਦਰਜ ਕੀਤੀ ਗਈ। ਪਰਾਲੀ ਸਾੜਨ ਦੇ ਵਧੇਰੇ ਮਾਮਲਿਆਂ ਦਾ ਰੁਝਾਨ ਮੁੱਖ ਤੌਰ 'ਤੇ ਦੱਖਣੀ ਪੰਜਾਬ ਵਿੱਚ ਵੇਖਿਆ ਗਿਆ। ਬਿਨਾਂ ਕਿਸੇ ਗਿਰਾਵਟ ਦੇ ਸਭ ਤੋਂ ਵੱਧ ਮਾਮਲੇ ਬਠਿੰਡਾ ਜ਼ਿਲ੍ਹੇ ਵਿੱਚ 5341 ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 4895, ਸ੍ਰੀ ਮੁਕਤਸਰ ਸਾਹਿਬ 4721, ਮਾਨਸਾ ਵਿੱਚ 3578, ਮੋਗਾ ਵਿੱਚ 3202 ਅਤੇ ਬਰਨਾਲਾ ਵਿੱਚ 2688 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਭਾਵੇਂ ਸੰਗਰੂਰ ਅਤੇ ਪਟਿਆਲਾ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਬਹੁਤ ਘੱਟ ਕਮੀ ਦਰਜ ਕੀਤੀ ਗਈ।

ਪਟਿਆਲੇ ਵਿੱਚ 3780 ਮਾਮਲਿਆਂ ਦੇ ਮੁਕਾਬਲੇ ਸੰਗਰੂਰ ਵਿੱਚ 6828 ਮਾਮਲੇ ਸਾਹਮਣੇ ਆਏ। ਕੁੱਲ ਮਿਲਾ ਕੇ ਇਨ੍ਹਾਂ 8 ਜ਼ਿਲ੍ਹਿਆਂ ਵਿੱਚ 75 ਫੀਸਦੀ ਮਾਮਲੇ ਸਾਹਮਣੇ ਆਏ। ਇਸ ਦਾ ਮੁੱਖ ਕਾਰਨ ਇਨ੍ਹਾਂ ਖੇਤਰਾਂ ਵਿੱਚ ਸਤੰਬਰ ਮਹੀਨੇ ਦੇ ਅਖੀਰ ਵਿੱਚ ਪੈਣ ਵਾਲਾ ਭਾਰੀ ਮੀਂਹ ਰਿਹਾ ਹੈ। ਪੰਜਾਬ ਦੇ 1374 ਪਿੰਡਾਂ 'ਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੂਬੇ ਦੇ ਖੇਤੀਬਾੜੀ ਸਕੱਤਰ ਅਤੇ ਪਰਾਲੀ ਸਾੜਣ ਵਿਰੋਧੀ ਮੁਹਿੰਮ ਦੇ ਨੋਡਰ ਅਫਸਰ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ

ਕਿ ਅਗਲੇ ਸਾਲ ਇਨ੍ਹਾਂ 8 ਜ਼ਿਲ੍ਹਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਲਈ ਢੁਕਵੀਂ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਵੇਗੀ।