ਫੁੱਲਾਂ ਦੀ ਖੇਤੀ ਕਰਕੇ ਚੰਗੀ ਕਮਾਈ ਕਰ ਰਿਹੈ ਕਿਸਾਨ ਭਰਭੂਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੱਲਾ ਦੇ ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਫੁੱਲਾਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਚੰਗਾ ਮੁਨਾਫ਼ਾ ਕਮਾ ਰਹੇ ਹਨ। ਅਗਾਂਹਵਧੂ...

Captain Amrinder with Kissan Bharpoor Singh

ਚੰਡੀਗੜ੍ਹ : ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੱਲਾ ਦੇ ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਫੁੱਲਾਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਚੰਗਾ ਮੁਨਾਫ਼ਾ ਕਮਾ ਰਹੇ ਹਨ। ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਨੇ 1999  ਵਿਚ ਇਕ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਤੋਂ  ਫੁੱਲਾਂ ਦੀ ਖੇਤੀ ਸ਼ੁਰੂ ਕੀਤੀ। ਉਹ ਅੱਜ 11 ਏਕੜ ਜ਼ਮੀਨ ਵਿੱਚ ਫੁੱਲਾਂ ਦੀ ਖੇਤੀ ਕਰਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਭਰਭੂਰ ਸਿੰਘ ਦੇ ਕਹਿਣ ਮੁਤਾਬਕ ਉਹ ਅਪਣੇ 15 ਏਕੜ ਰਕਬੇ ਚੋਂ 12 ਏਕੜ ਰਕਬੇ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ।

ਪ੍ਰਤੀ ਏਕੜ ਸਲਾਨਾ ਡੇਢ ਤੋਂ ਦੋ ਲੱਖ ਦੀ ਕਮਾਈ ਕਰ ਰਹੇ ਹਨ। ਕਿਸਾਨ ਭਰਭੂਰ ਸਿੰਘ ਨਿਰਮਾਣ ਨੂੰ ਉਹਨਾਂ ਦੇ ਪਰਵਾਰ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਉਹਨਾਂ ਦੇ ਦੋਨੋ ਪੁੱਤਰ ਵੀ ਉਹਨਾਂ ਦਾ ਫੁੱਲਾਂ ਦੀ ਖੇਤੀ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਅਪਣੇ ਪਿਤਾ ਨਾਲ ਫੁੱਲਾਂ ਦੀ ਖੇਤੀ ਕਰਨੀ ਸੁਰੂ ਕਰ ਦਿੱਤੀ। ਉਹਨਾਂ  ਕੋਲ ਆਧੁਨਿਕ ਖੇਤੀ ਦੇ ਸਾਰੇ  ਸੰਦ ਹਨ ਅਤੇ ਉਹ ਚਾਰ ਕਿਸਮਾਂ ਦੇ ਫੁਲ ਗਲੈਡੀਓਲਸ, ਜਾਫਰੀ, ਮੌਸਮੀ ਗੁਲਦਾਉਦੀ, ਲੱਡੂ ਗੇਦਾ ਦੀ ਖੇਤੀ ਕਰ ਰਹੇ ਹਨ।

ਕਿਸਾਨ ਭਰਭੂਰ ਸਿੰਘ ਨਿਰਮਾਣ ਜਾਫਰੀ ਦਾ ਬੀਜ ਆਪ ਤਿਆਰ ਕਰਦੇ ਹਨ ਅਤੇ ਲੱਡੂ ਗੇਦੇ ਦਾ ਬੀਜ  ਕਲਕੱਤੇ ਤੋਂ ਮੰਗਵਾਉਦੇ ਹਨ। ਉਹ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾ  ਨੂੰ ਬੀਜ ਦਿੰਦੇ ਹਨ ਤਾਂ ਜੋ ਹੋਰ ਕਿਸਾਨ ਵੀ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਹੋਣ।  ਕਿਸਾਨ ਭਰਭੂਰ ਸਿੰਘ ਨਿਰਮਾਣ ਅਪਣੇ ਫੁੱਲਾਂ ਦੀ ਸਪਲਾਈ  ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਦਿੱਲੀ ਦੀ ਮੰਡੀ ਵਿਚ ਕਰਦੇ ਹਨ। ਉਹਨਾਂ ਨੂੰ " ਨਿਰਮਾਣ ਫਲਾਵਰ ਫਾਰਮਰ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਸਾਨ ਭਰਭੂਰ ਸਿੰਘ ਨੇ ਸਮੇਂ-ਸਮੇਂ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕੇ ਵੀ ਕੇ ਰੌਣੀ ਵੱਲੋਂ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕੀਤੀ।

 ਪਟਿਆਲਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਲਗਾਈ ਗਈ ਗੁਲਦਾਉਦੀ ਦੇ ਫੁੱਲਾਂ ਦੀ ਪ੍ਰਦਰਸ਼ਨੀ ਦੌਰਾਨ ਡਾ. ਪੁਸ਼ਪਿੰਦਰ ਸਿੰਘ ਔਲਖ ਡਾਇਰੈਕਟਰ ਬਾਗਬਾਨੀ ਪੰਜਾਬ ਵੱਲੋਂ ਕਿਸਾਨ ਭਰਭੂਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਨਮਾਨਿਤ ਕੀਤਾ ਗਿਆ।  ਕਿਸਾਨ ਭਰਭੂਰ ਸਿੰਘ ਨਿਰਮਾਣ ਦੇ ਫਾਰਮ ਵਿਚ ਹੋ ਰਹੀ ਫੁੱਲਾਂ ਦੀ ਖੇਤੀ ਨੂੰ ਦੇਖਣ ਲਈ ਕਿਸਾਨ ਅਤੇ ਵਿਦਿਆਰਥੀ ਵੀ ਆਉਦੇ ਹਨ।

ਕਿਸਾਨ ਭਰਭੂਰ ਸਿੰਘ ਨਿਰਮਾਣ ਵੱਲੋਂ ਸਾਰੇ ਨੌਜਵਾਨ ਕਿਸਾਨਾਂ ਨੂੰ ਅਪੀਲ ਹੈ ਕੀ ਆਪਣੇ ਸੂਬੇ ਵਿਚ ਰਹਿ ਕੇ ਕਣਕ-ਝੋਨੇ ਦੇ ਚੱਕਰ ਚੋਂ ਨਿਕਲ ਕੇ ਫੁੱਲਾਂ ਦੀ ਖੇਤੀ ਵੱਲ ਆਉਣ ਅਤੇ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ 'ਚ ਯੋਗਦਾਨ ਦੇਣ।