ਅੱਜ ਵੀ ਜੀਵਤ ਹੈ ਪੰਜਾਬ ਦੀਆਂ ਪੇਂਡੂ ਔਰਤਾਂ ਵਿਚ ਕਲਾਤਮਕ ਹੁਨਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪੁਰਾਣੇ ਸਮਿਆਂ ਵਿਚ ਪੇਂਡੂ ਔਰਤਾਂ ਵਿਚ ਅਜਿਹੀਆਂ ਕਲਾਵਾਂ ਨੂੰ ਪ੍ਰਦਰਸ਼ਿਤ  ਕਰਨ ਦਾ ਬਹੁਤ ਚਾਅ ਹੁੰਦਾ ਸੀ।

Punjabi Culture

ਤ੍ਰਿੰਜਣ ਤਾਂ ਔਰਤਾਂ ਦੇ ਮਨ ਭਾਉਂਦੇ ਸਥਾਨਾਂ ਦੇ ਤੌਰ ਉਤੇ ਵਿਕਸਤ ਹੋਏ ਹਨ, ਜਿਥੇ ਇਕੱਠੀਆਂ ਬੈਠ ਪਿੰਡਾਂ ਦੀਆਂ ਔਰਤਾਂ, ਅਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਜਾਂ ਨਵੀਂ ਕਲਾ ਸਿਖਣ ਦਾ ਯਤਨ ਕਰਦੀਆਂ। ਇਨ੍ਹਾਂ ਤ੍ਰਿੰਜਣਾਂ ਵਿਚ ਬੈਠ ਉਹ ਕਢਾਈ-ਬੁਣਾਈ ਦੇ ਨਵੇਂ-ਨਵੇਂ ਨਮੂਨੇ ਸਿਖਦੀਆਂ, ਚਰਖਿਆਂ ਤੇ ਪੂਣੀਆਂ ਪਾ ਸੂਤ ਕੱਤ-ਕੱਤ ਕੇ ਘਰ ਦੀ ਵਰਤੋਂ ਦੀਆਂ ਕਈਆਂ ਵਸਤਾਂ ਤਿਆਰ ਕਰਦੀਆਂ ਅਤੇ ਨਾਲ ਹੀ ਅਪਣੇ ਮਨਾਂ ਵਿਚ ਉਠਦੇ ਕਲਾ ਰੂਪੀ ਹੁਨਰ ਨੂੰ ਉਜਾਗਰ ਕਰਦੀਆਂ।

ਇਨ੍ਹਾਂ ਤ੍ਰਿ੍ਰ੍ਰੰਜਣਾਂ ਵਿਚ ਬੈਠ ਕੇ ਪਿੰਡ ਦੀਆਂ ਮੁਟਿਆਰਾਂ ਜਿਥੇ ਅਪਣੀ ਕਲਾ ਦੇ ਜੌਹਰ ਵਿਖਾਉਂਦੀਆਂ, ਉਥੇ ਅਪਣੇ ਹੁਨਰ ਦੀ ਧਾਕ ਵੀ ਬਿਠਾਉਂਦੀਆਂ, ਜਿਨ੍ਹਾਂ ਨੂੰ ਦੇਖ ਹਰ ਕੋਈ ਇਹ ਜ਼ਰੂਰੀ ਜਾਣਨਾ ਚਾਹੁੰਦਾ ਕਿ ਕਲਾ ਮੂਰਤੀਆਂ ਕਿਸ ਮੁਟਿਆਰ ਨੇ ਤਿਆਰ ਕੀਤੀਆਂ ਹਨ। ਜਦੋਂ ਕੋਈ ਕਿਸੇ ਕਲਾ ਨਿਪੁੰਨ ਔਰਤ ਦੀ ਕਲਾ ਨੂੰ ਵੇਖ ਕੇ ਉਸ ਦੀ ਤਾਰੀਫ਼ ਕਰਦਾ ਤਾਂ ਉਸ ਔਰਤ ਦਾ ਕੁੱਝ ਹੋਰ ਨਵਾਂ ਕਰਨ ਨੂੰ ਮਨ ਕਰਦਾ।

ਇਹੀ ਕਾਰਨ ਸੀ ਕਿ ਪੰਜਾਬ ਵਿਚ ਪਿੰਡਾਂ ਦੀਆਂ ਔਰਤਾਂ ਅਪਣੇ ਘਰਾਂ ਵਿਚ ਭਾਂਡੇ ਰੱਖਣ ਲਈ ਪੀੜ੍ਹੇ ਬਣਾ ਕੇ ਉਨ੍ਹਾਂ ਉਪਰ ਖ਼ੂਬ ਰੰਗਦਾਰ ਵੇਲ-ਬੂਟੀਆਂ ਪਾਉਂਦੀਆਂ। ਇਨ੍ਹਾਂ ਸੱਭ ਕੁੱਝ ਦੇ ਨਾਲ ਨਾਲ ਬੜਾ ਮਹੱਤਵਪੂਰਨ ਹੁੰਦਾ ਸੀ, ਸੂਤ ਤੋਂ ਮੰਜੇ ਬੁਣਨਾ ਤੇ ਉਨ੍ਹਾਂ ਨੂੰ ਵੀ ਵੇਲ-ਬੂਟੀਆਂ ਨਾਲ ਸਜਾਉਣਾ। ਭਾਵੇਂ ਇਹ ਕੰਮ ਥੋੜਾ ਮੁਸ਼ਕਿਲ ਹੁੰਦਾ ਸੀ ਕਿਉਂਕਿ ਇਸ ਲਈ ਸੂਤ ਤਿਆਰ ਕਰਨਾ ਤੇ ਫਿਰ ਮਨ ਚਾਹੇ ਰੰਗਾਂ ਵਿਚ ਰੰਗਣਾ ਤੇ ਫਿਰ ਅਪਣੀ ਕਲਾ ਰਾਹੀਂ ਮੰਜੇ ਬੁਣ ਉਨ੍ਹਾਂ ਨੂੰ ਸਜ਼ਾਵਟੀ ਦਿਖ ਦੇਣਾ ਹੁੰਦਾ ਸੀ।

ਇਹ ਕੰਮ ਬੁੱਧੀ, ਡੁੰਘੀ ਸੋਚ-ਵਿਚਾਰ, ਮਿਹਨਤ ਤੇ ਕਾਫ਼ੀ ਸਮੇਂ ਦੀ ਮੰਗ ਕਰਦਾ ਸੀ। ਇਸ ਲਈ ਖ਼ਾਸ ਖ਼ਾਸ ਔਰਤਾਂ ਹੀ ਇਸ ਕੰਮ ਵਿਚ ਦਿਲਚਸਪੀ ਲੈਂਦੀਆਂ ਤੇ ਕਈ ਵਾਰ ਤਾਂ ਕਈ-ਕਈ ਔਰਤਾਂ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਦੀਆਂ। ਇਸ ਕੰਮ ਨੂੰ ਸਿੱਖਣ ਲਈ ਵੀ ਧੀਰਜਤਾ ਦੀ ਲੋੜ ਹੁੰਦੀ ਸੀ। ਪੁਰਾਣੇ ਸਮਿਆਂ ਵਿਚ ਪੇਂਡੂ ਔਰਤਾਂ ਵਿਚ ਅਜਿਹੀਆਂ ਕਲਾਵਾਂ ਨੂੰ ਪ੍ਰਦਰਸ਼ਿਤ  ਕਰਨ ਦਾ ਬਹੁਤ ਚਾਅ ਹੁੰਦਾ ਸੀ।

ਪਰ ਸਮੇਂ ਦੇ ਨਾਲ-ਨਾਲ ਇਹ ਰੁਝਾਨ ਖ਼ਤਮ ਹੁੰਦਾ ਗਿਆ ਤੇ ਮਸ਼ੀਨੀ ਯੁੱਗ ਦੇ ਆਉਣ ਨਾਲ ਪਿੰਡਾਂ ਵਿਚ ਵੀ ਰੈਡੀਮੇਟ ਕਢਾਈ-ਬੁਣਾਈ ਵਾਲਾ ਲੋੜੀਂਦਾ ਸਮਾਨ ਮਿਲਣ ਲਗਿਆ ਜਿਸ ਕਾਰਨ ਔਰਤ ਵਿਚ ਮਿਹਨਤ ਕਰਨ ਦੀ ਦਿਲਚਸਪੀ ਘਟਦੀ ਚਲੀ ਗਈ। ਪਿੰਡਾਂ ਵਿਚ ਤ੍ਰਿੰਜਣ ਤੇ ਮੁਟਿਆਰਾਂ ਦਾ ਇਕੱਠਿਆਂ ਬੈਠਣਾ ਖ਼ਤਮ ਹੋਣ ਦੇ ਕਿਨਾਰੇ ਆ ਗਿਆ। ਦਰੀਆਂ, ਸਰਾਣੇ, ਪੱਖੀਆਂ, ਫੁਲਕਾਰੀਆਂ ਕੱਢਣ ਤੇ ਰੰਗਦਾਰ ਮੰਜੇ ਬੁਣਨ ਦੀ ਪ੍ਰਕਿਰਿਆ ਖ਼ਤਮ ਹੋਣ ਕਿਨਾਰੇ ਹੀ ਆ ਗਈਆਂ।

ਵਿਆਹਾਂ ਵਿਚ ਦਾਜ ਵਿਖਾਉਣ ਦੀ ਰਸਮ ਖ਼ਤਮ ਹੋ ਗਈ ਜਿਸ ਕਾਰਨ ਮੁਟਿਆਰਾਂ ਨੂੰ ਅਪਣੀ ਕਲਾ ਦੀ ਪ੍ਰਦਰਸ਼ਨੀ ਕਰਨ ਦਾ ਮੌਕਾ ਖ਼ਤਮ ਹੋ ਗਿਆ। ਦੂਜੇ ਸੱਭ ਲੜਕੀਆਂ ਦੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਜਾਣ ਕਰ ਕੇ ਸਮੇਂ ਦੀ ਕਮੀ ਨੇ ਵੀ ਮੁਟਿਆਰਾਂ ਦੇ ਹੁਨਰ ਸਿਖਣ ਤੇ ਕਢਾਈ ਦੇ ਸ਼ਾਨਦਾਰ ਕੰਮ ਕਰਨ ਦੀ ਕਲਾ ਨੂੰ ਸੱਟ ਮਾਰੀ।

ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਗੁਜਰਵਾਲ ਵਿਖੇ ਕੁੱਝ ਔਰਤਾਂ ਵਲੋਂ ਬੁਣੇ ਹੋਏ ਦੇਸੀ ਸੂਤ ਦੇ ਰੰਗਦਾਰ ਫੁੱਲਾਂ ਵਾਲੇ ਮੰਜੇ ਵੇਖਣ ਦਾ ਮੌਕਾ ਮਿਲਿਆ ਤਾਂ ਜਿਨ੍ਹਾਂ ਵਿਅਕਤੀਆਂ ਨੇ ਵੀ ਇਨ੍ਹਾਂ ਮੰਜ਼ਿਆਂ ਨੂੰ ਵੇਖਿਆ ਤਾਂ ਉਹ ਬਣਾਉਣ ਵਾਲੀਆਂ ਔਰਤਾਂ ਦੀ ਕਲਾ ਤੋਂ ਬਹੁਤ ਪ੍ਰਭਾਵਤ ਹੋਏ। ਕੁੱਝ ਔਰਤਾਂ ਨੇ ਦਸਿਆ ਕਿ ਇਹ ਕੰਮ ਹੁਣ ਕੇਵਲ ਸ਼ੌਕ ਦਾ ਹੀ ਰਹਿ ਗਿਆ ਹੈ ਕਿਉਂਕਿ ਦੇਸੀ ਸੂਤ ਨਾ ਮਿਲਣ ਕਾਰਨ ਇਹ ਮੰਜੇ ਬੁਣਨਾ ਬਹੁਤ ਹੀ ਮਹਿੰਗਾ ਪੈਂਦਾ ਹੈ।

ਦੂਜੇ ਇਸ ਕੰਮ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਸੂਤ ਨੂੰ ਕਈ ਰੰਗਾਂ ਵਿਚ ਰੰਗਣਾ ਪੈਂਦਾ ਹੈ ਅਤੇ ਇਸ ਲਈ ਵੀ ਸੋਹਣੇ ਪੱਕੇ ਰੰਗਾਂ ਦੀ ਚੋਣ ਕਰਨੀ ਪੈਂਦੀ ਹੈ। ਮੰਜਿਆਂ ਦੀ ਬੁਣਤੀ ਦਾ ਕੰਮ ਵੀ ਨਿਗਾਹ ਲਗਾਉਣ ਵਾਲਾ ਹੁੰਦਾ ਹੈ ਤੇ ਠੀਕ ਫੁੱਲ-ਬੂਟੀਆਂ ਨੂੰ ਬਣਤਰ ਦੇਣ ਲਈ, ਕਈ ਵਾਰ ਉਧੇੜਨ-ਬੁਣਨ ਦਾ ਕੰਮ ਕਰਨ ਲਈ ਯਤਨ ਕਰਨੇ ਪੈਂਦੇ ਹਨ।

ਕਈ ਵਾਰ ਤਾਂ ਕਈ-ਕਈ ਦਿਮਾਗ਼ ਇਸ ਦੀ ਰੂਪ ਰੇਖਾ ਲਈ ਕੰਮ ਕਰਦੇ ਹਨ। ਬਣਾਏ ਜਾਣ ਵਾਲੇ ਨਮੂਨਿਆਂ ਨੂੰ ਕਈ ਵਾਰ ਤਾਂ ਵਾਰ-ਵਾਰ ਕਾਗ਼ਜ਼ ਪਰ ਉਲੀਕਣਾ ਪੈਂਦਾ ਹੈ ਤੇ ਵੱਖ-ਵੱਖ ਰੰਗਾਂ ਦੀ ਚੋਣ ਕਰਨੀ ਪੈਂਦੀ ਹੈ। ਕਈ ਸਿਆਣੀਆਂ ਔਰਤਾਂ ਦੇ ਤਜਰਬਿਆਂ ਦੀ ਸਲਾਹ ਲੈਣੀ ਪੈਂਦੀ ਹੈ। ਮਿਹਨਤ ਤੇ ਕਲਾਤਮਕ ਗੁਣ ਮਿਲ ਕੇ ਹੀ ਕਿਸੇ ਨਵੀਂ ਬਣਤਰ ਦੀ ਸਿਰਜਣਾ ਕਰਦੇ ਹਨ।

ਪਰ ਇਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਪ੍ਰਮਾਤਮਾ ਇਹ ਰੰਗ-ਰੰਗੀਲੀ ਦੁਨੀਆਂ ਅਤੇ ਕੁਦਰਤ ਵਿਚ ਅਨੇਕਾਂ ਪ੍ਰਕਾਰ ਦੇ ਰੰਗਦਾਰ ਫੁੱਲਾਂ-ਬੂਟਿਆਂ ਤੇ ਪ੍ਰਕਿਰਤੀ ਦੀ ਸੁੰਦਰਤਾ ਨੂੰ ਬਣਾ ਕੇ, ਫਿਰ ਉਸ ਨੂੰ ਵੇਖ-ਵੇਖ ਖ਼ੁਸ਼ ਹੁੰਦਾ ਹੈ, ਉਸ ਤਰ੍ਹਾਂ ਜਦੋਂ ਕਿਸੇ ਔਰਤ ਦੀ ਕਲਾ ਇਕ ਨਵੀਂ ਬਣਤਰ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਬਣਤਰ ਨੂੰ ਵੇਖ-ਵੇਖ ਉਸ ਕਲਾਮਤੀ ਦਾ ਧਰਤੀ ਉਤੇ ਪੈਰ ਨਹੀਂ ਟਿਕਦਾ ਤੇ ਉਸ ਨੂੰ ਅਥਾਹ ਖ਼ੁਸ਼ੀ ਹੁੰਦੀ ਹੈ।

ਇਸੇ ਤਰ੍ਹਾਂ ਇਨ੍ਹਾਂ ਮੰਜਿਆਂ ਦੀ ਨਿਰਮਾਤਾਂ ਨੂੰ ਇਨ੍ਹਾਂ ਦੇ ਅੰਤਿਮ ਰੂਪ ਵਿਚ ਵੇਖ ਕੇ ਜਿਥੇ ਅਨੰਤ ਖ਼ੁਸ਼ੀ ਮਿਲਦੀ ਹੋਵੇਗੀ ਉਥੇ ਹੀ ਇਹ ਗੱਲ ਵੀ ਜੱਗ-ਜ਼ਾਹਰ ਹੋ ਗਈ ਹੈ ਕਿ ਅੱਜ ਵੀ ਪੰਜਾਬ ਦੇ ਪਿੰਡਾਂ ਵਿਚ ਔਰਤਾਂ ਵਿਚ ਕਲਾਤਮਕ ਹੁਨਰ ਜੀਵਤ ਹੈ ਜਿਸ ਲਈ ਕੋਈ ਵੀ ਪੰਜਾਬੀ ਅਪਣੇ ਪੁਰਾਣੇ ਸੱਭਿਆਚਾਰ, ਕਲਾ, ਗਿਆਨ ਤੇ ਸਮਾਜਕ ਮਿਲਾਪ ਪਰ ਮਾਣ ਕਰ ਸਕਦਾ ਹੈ।                        

ਸੰਪਰਕ : 98764-52223 
ਬਹਾਦਰ ਸਿੰਘ ਗੋਸਲ