ਘਰ 'ਚ ਕੇਕ ਬਣਾਉਣ ਦਾ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕੇਕ ਸੱਭ ਨੂੰ ਬਹੁਤ ਪਸੰਦ ਹੁੰਦਾ ਹੈ। ਕੇਕ ਖ਼ਾਸ ਮੌਕਿਆਂ ਤੇ ਜ਼ਰੂਰ ਮੰਗਵਾਇਆ ਜਾਂਦਾ ਹੈ ਜਿਵੇਂ ਜਨਮਦਿਨ, ਵਿਆਹਾਂ, ਨਵੇਂ ਸਾਲ ਤੇ ਜਸ਼ਨ ਮਨਾਉਣ ਲਈ। ਬਾਹਰੋਂ ਕੇਕ ..

homemade cake

ਕੇਕ ਸੱਭ ਨੂੰ ਬਹੁਤ ਪਸੰਦ ਹੁੰਦਾ ਹੈ। ਕੇਕ ਖ਼ਾਸ ਮੌਕਿਆਂ ਤੇ ਜ਼ਰੂਰ ਮੰਗਵਾਇਆ ਜਾਂਦਾ ਹੈ ਜਿਵੇਂ ਜਨਮਦਿਨ, ਵਿਆਹਾਂ, ਨਵੇਂ ਸਾਲ ਤੇ ਜਸ਼ਨ ਮਨਾਉਣ ਲਈ। ਬਾਹਰੋਂ ਕੇਕ ਲਿਆਉਣ ਦੀ ਜਗ੍ਹਾ ਤੁਸੀਂ ਘਰ ਵਿਚ ਵੀ ਕੇਕ ਬਣਾ ਸਕਦੇ ਹੋ। ਇਸ ਲਈ ਅਸੀਂ ਪ੍ਰੈਸ਼ਰ ਕੁੱਕਰ ਵਿਚ ਕੇਕ ਬਣਾਵਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਹਰ ਘਰ ਵਿਚ ਮੌਜੂਦ ਹੁੰਦਾ ਹੈ। ਬਾਜ਼ਾਰ ਵਿਚ ਮਿਲਣ ਵਾਲੇ  ਕੇਕ ਖਾ ਕੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਘਟੀਆ ਕਿਸਮ ਦਾ ਘਿਓ ਜਾਂ ਕਰੀਮ ਵਰਤੀ ਹੁੰਦੀ ਹੈ। ਇਸ ਲਈ ਘਰ ਵਿਚ ਕੇਕ ਬਣਾਉਣ ਨਾਲ ਅਸੀਂ ਅਪਣੀ ਮਰਜ਼ੀ ਮੁਤਾਬਕ ਵਧੀਆ ਸਮੱਗਰੀ ਵਰਤ ਕੇ ਗੁਣਵੱਤਾ ਕਾਇਮ ਰੱਖ ਸਕਦੇ ਹਾਂ।

ਸਮੱਗਰੀ - ਮੈਦਾ – 200 ਗ੍ਰਾਮ, ਖੰਡ ਪੀਸੀ ਹੋਈ – 200 ਗ੍ਰਾਮ, ਘਿਓ – 100, ਅੰਡੇ – 4, ਮਿੱਠਾ ਸੋਢਾ – ਇਕ ਚੁਟਕੀ, ਬੇਕਿੰਗ ਪਾਊਡਰ – ਇਕ ਚਮਚ

ਤਰੀਕਾ – ਸਭ ਤੋਂ ਪਹਿਲਾਂ ਮੈਦਾ, ਮਿੱਠਾ ਸੋਢਾ ਅਤੇ ਬੇਕਿੰਗ ਪਾਊਡਰ ਲੈ ਕੇ ਚਾਰ ਤੋਂ ਪੰਜ ਵਾਰ ਛਾਣ ਲਓ। ਹੁਣ ਪੀਸੀ ਹੋਈ ਖੰਡ ਅਤੇ ਘਿਓ ਨੂੰ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ, ਇਸ ਨੂੰ ਓਨੀ ਦੇਰ ਫੈਂਟਦੇ ਰਹੋ ਜਿੰਨੀ ਦੇਰ ਇਹ ਮਿਸ਼ਰਣ ਦੁੱਗਣਾ ਨਾ ਹੋ ਜਾਵੇ। ਫਿਰ ਅੰਡੇ ਨੂੰ ਤੋੜ ਕੇ ਵਿਚ ਵੈਨੀਲਾ ਇਸੈਂਸ ਪਾ ਦਿਓ ਅਤੇ ਚੰਗੀ ਤਰ੍ਹਾਂ ਫੈਂਟ ਲਓ। ਖੰਡ ਵਾਲੇ ਮਿਸ਼ਰਣ ਵਿਚ ਅੰਡੇ ਵਾਲੇ ਮਿਸ਼ਰਣ ਮਿਲਾ ਲਓ ਅਤੇ ਹੁਣ ਇਸ ਵਿਚ ਛਾਣਿਆ ਹੋਇਆ ਆਟਾ ਹੌਲੀ – ਹੌਲੀ ਪਾਉਂਦੇ ਜਾਓ ਅਤੇ ਹਿਲਾਉਂਦੇ ਜਾਓ।

ਇਸ ਨੂੰ ਹਲਾਉਣ ਦਾ ਢੰਗ ਕੱਟ ਅਤੇ ਫੋਲਡ ਹੋਣਾ ਚਾਹੀਦਾ ਹੈ ਅਤੇ ਇੱਕੋ ਹੀ ਦਿਸ਼ਾ ਵਿਚ ਹਿਲਾਉਣਾ ਚਾਹੀਦਾ ਹੈ। ਇਹ ਮਿਸ਼ਰਣ ਜੇਕਰ ਗਾੜਾ ਹੈ ਤਾਂ ਇਸ ਵਿਚ ਥੋੜ੍ਹਾ ਦੁੱਧ ਵੀ ਮਿਲਾਇਆ ਜਾ ਸਕਦਾ ਹੈ। ਇਸ ਮਿਸ਼ਰਣ ਨੂੰ ਉੱਪਰ ਚੁੱਕ ਕੇ ਦੇਖੋ ਇਸਦੀ ਧਾਰ ਬੱਝਣੀ ਚਾਹੀਦੀ ਹੈ। ਹੁਣ ਪ੍ਰੈਸ਼ਰ ਕੁੱਕਰ ਵਿਚ ਅੱਧ ਤਕ ਪਾ ਰੇਤ ਪਾ ਲਓ। ਰੇਤ ਦੇ ਉੱਪਰ ਪ੍ਰੈਸ਼ਰ ਕੁੱਕਰ ਵਾਲੀ ਜਾਲੀ ਰੱਖ ਦਿਓ ਤਾਂ ਕਿ ਕੇਕ ਹੇਠਾਂ ਤੋਂ ਸੜਨ ਤੋਂ ਬਚ ਜਾਵੇ। ਗੈਸ ਚਲਾ ਕੇ ਰੇਤ ਗਰਮ ਕਰੋ ਤੇ ਕੁੱਕਰ ਦੀ ਸੀਟੀ ਉੱਤਾਰ ਦਿਓ।

ਹੁਣ ਕੇਕ ਬਣਾਉਣ ਲਈ ਕੋਈ ਵੀ ਐਲੂਮੀਨੀਅਮ ਦਾ ਬਰਤਨ ਲੈ ਕੇ ਉਸ ਵਿਚ ਅੰਦਰ ਵਾਲੀ ਸਾਈਡ 'ਤੇ ਘਿਓ ਲਗਾ ਕੇ ਚੋਪੜ ਦਿਓ। ਇਸ ਉੱਪਰ ਥੋੜ੍ਹਾ ਸੁੱਕਾ ਮੈਦਾ ਪਾ ਕੇ ਬਰਤਨ ਘੁੰਮਾ ਦਿਓ। ਬਰਤਨ ਵਿਚ ਕੇਕ ਦਾ ਤਿਆਰ ਮਿਸ਼ਰਣ ਪਾ ਦਿਓ ਅਤੇ ਕੁੱਕਰ ਵਿਚ ਰੱਖ ਕੇ ਢੱਕਣ ਬੰਦ ਕਰ ਦਿਓ। ਕੇਕ ਨੂੰ ਪੱਕਣ ਲਈ 40-45 ਕੁ ਮਿੰਟ ਲੱਗ ਜਾਣਗੇ। ਕੇਕ ਨੂੰ ਪਰਖਣ ਲਈ ਚਾਕੂ ਲੈ ਕੇ ਬਿਲਕੁਲ ਵਿਚਕਾਰ ਚੁੱਭੋ ਕੇ ਦੇਖੋ, ਜੇਕਰ ਚਾਕੂ ਨਾਲ ਮਿਸ਼ਰਣ ਲੱਗ ਜਾਵੇ ਤਾਂ ਅਜੇ ਕੇਕ ਕੱਚਾ ਹੈ। ਜੇਕਰ ਚਾਕੂ ਸਾਫ਼ ਹੈ ਤਾਂ ਕੇਕ ਤਿਆਰ ਹੈ।

ਹੁਣ ਕੇਕ ਵਾਲਾ ਬਰਤਨ ਕੱਢ ਕੇ ਠੰਢਾ ਹੋਣ ਲਈ ਪਿਆ ਰਹਿਣ ਦਿਓ। ਕੇਕ ਵਾਲਾ ਬਰਤਨ ਉਲਟਾ ਕਰਕੇ ਥਾਲੀ ਵਿਚ ਕੱਢ ਦਿਓ। ਹੁਣ ਕੇਕ ਤਿਆਰ ਹੈ ਇਸਨੂੰ ਆਪਣੀ ਲੋੜ ਅਨੁਸਾਰ ਟੁਕੜਿਆਂ ਵਿਚ ਕੱਟ ਕੇ ਪਰੋਸੋ। ਜੇਕਰ ਕੇਕ ਨੂੰ ਜਨਮ ਦਿਨ ’ਤੇ ਕੱਟਣਾ ਹੈ ਤਾਂ ਤੁਸੀਂ ਉੱਪਰ ਕਰੀਮ ਲਗਾਉਣੀ ਚਾਹੁੰਦੇ ਹੋ ਤਾਂ ਮਲਾਈ ਨੂੰ ਚੰਗੀ ਤਰ੍ਹਾਂ ਫੈਂਟ ਲਓ ਅਤੇ ਜਦੋਂ ਮਲਾਈ ਥੋੜ੍ਹੀ ਫੁੱਲ ਜਾਵੇ ਤਾਂ ਤੁਸੀਂ ਕੇਕ ਦੇ ਉੱਪਰ ਚਮਚ ਨਾਲ ਲਗਾ ਸਕਦੇ ਹੋ।

ਜੇਕਰ ਕੇਕ ਉੱਪਰ ਕੁਝ ਲਿਖਣਾ ਹੋਵੇ ਤਾਂ ਜੈਮ ਲੈ ਕੇ ਉਸਨੂੰ ਥੋੜਾ ਪਾਣੀ ਪਾ ਕੇ ਢਿਲਾ ਕਰ ਲਵੋ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਦਾ ਕੋਣ ਬਣਾਕੇ ਉਸ ਵਿੱਚ ਪਾ ਲਵੋ। ਹੁਣ ਕੋਣ ਨਾਲ ਤੁਸੀਂ ਕੇਕ ਉੱਪਰ ਕੁਝ ਵੀ ਲਿਖ ਸਕਦੇ ਅਤੇ ਸਜਾਵਟ ਵੀ ਕਰ ਸਕਦੇ ਹੋ। ਜੇਕਰ ਕੇਕ ਵਿਚ ਤੁਸੀਂ ਸੁੱਕੇ ਮੇਵੇ ਪਾਉਣਾ ਚਾਹੁੰਦੇ ਹੋ ਤਾਂ ਸੁੱਕੇ ਮੇਵਿਆਂ ਨੂੰ ਕੱਦੂ-ਕੱਸ ਕਰਕੇ ਜਾਂ ਕੱਟ ਕੇ ਕੇਕ ਦੇ ਸਮਾਨ ਵਿਚ ਪਾਇਆ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।