ਜੰਕ ਫੂਡ ਦੇ ਇਸ਼ਤਿਹਾਰਾਂ ਤੇ ਪਾਬੰਦੀ ਲਗਾਉਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਐਫਐਸਐਸਏਆਈ ਦੇ ਸੀਈਓ ਪਵਨ ਅਗਰਵਾਲ ਸਕੂਲੀ ਇਮਾਰਤਾਂ ਅਤੇ ਉਹਨਾਂ ਦੇ ਆਸਪਾਸ ਜੰਕ ਫੂਡ ਦੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣ ਦੀ ਤੈਆਰੀ ਕਰ ਰਹੇ ਹਨ।

Junk food

ਨਵੀ ਦਿੱਲੀ: ਇੰਡੀਅਨ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ (ਐਫਐਸਐਸਏਆਈ) ਦੇ ਸੀਈਓ ਪਵਨ ਅਗਰਵਾਲ ਸਕੂਲੀ ਇਮਾਰਤਾਂ ਅਤੇ ਉਹਨਾਂ ਦੇ ਆਸਪਾਸ ਜੰਕ ਫੂਡ ਦੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣ ਦੀ ਤੈਆਰੀ ਕਰ ਰਹੇ ਹਨ। ਉਹਨਾਂ ਨੇ ਸਕੂਲਾਂ ਵਿਚ ਸੁਰੱਖਿਅਤ ਅਤੇ ਪੋਸ਼ਟਿਕ ਭੋਜਨ ਦੀ ਉਪਲਬਧਤਾ ‘ਤੇ ਇਕ ਡਰਾਫਟ ਤਿਆਰ ਕੀਤਾ ਹੈ, ਜਿਸ ਨੂੰ ਸਿਹਤ ਮੰਤਰਾਲੇ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ।

ਸਕੂਲ ਹੈਲਥਕੇਅਰ ‘ਤੇ ਹੋਏ ਐਸੋਚੈਮ (ASSOCHAM) ਦੇ ਸੰਮੇਲਨ ਵਿਚ ਐਫਐਸਐਸਏਆਈ ਦੇ ਸੀਈਓ ਅਗਰਵਾਲ ਨੇ ਕਿਹਾ ਕਿ ਉਹਨਾਂ ਨੇ ਸਕੂਲੀ ਇਮਾਰਤਾਂ ਅਤੇ ਉਹਨਾਂ ਦੇ 50 ਮੀਟਰ ਦੇ ਘੇਰੇ ਵਿਚ ਗੈਰ-ਸਿਹਤਮੰਦ ਖਾਦ ਪਦਾਰਥਾਂ ਦੇ ਇਸ਼ਤਿਹਾਰਾਂ ਅਤੇ ਪ੍ਰਚਾਰ ‘ਤੇ ਰੋਕ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਪਿਛਲੇ ਸਾਲ ਐਫਐਸਐਸਏਆਈ ਨੇ ਡਰਾਫਟ ਤਿਆਰ ਕਰਕੇ ਸੁਝਾਅ ਮੰਗੇ ਸੀ।

ਇਸ ਵਿਚ ਸਕੂਲ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਨਿਊਡਲਜ਼, ਚਿਪਸ, ਕਾਰਬੋਨੇਟਡ ਪੀਣ ਵਾਲੇ ਪਦਾਰਥ ਅਤੇ ਕਈ ਤਰ੍ਹਾਂ ਦੇ ਜੰਕ ਫੂਡ ਦੀ ਵਿਕਰੀ ‘ਤੇ ਰੋਕ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਵਿਚ ਮਠਿਆਈਆਂ ਵੀ ਸ਼ਾਮਿਲ ਸਨ। ਐਫਐਸਐਸਏਆਈ ਨੇ ਕਿਹਾ ਸੀ ਕਿ ਉਹਨਾਂ ਦਾ ਉਦੇਸ਼ ਚਿਪਸ, ਨਿਊਡਲਜ਼, ਪੀਜ਼ਾ, ਬਰਗਰ ਵਰਗੇ ਹੋਰ ਕਈ ਜੰਕ ਫੂਡ ਆਦਿ ਦੀ ਵਿਕਰੀ ਨੂੰ ਸੀਮਤ ਕਰਨਾ ਹੈ। ਜ਼ਿਕਰਯੋਗ ਹੈ ਕਿ ਮਾਰਚ 2015 ਵਿਚ ਦਿੱਲੀ ਹਾਈ ਕੋਰਟ ਨੇ ਸਕੂਲ ਦੇ ਬੱਚਿਆਂ ਲਈ ਸਿਹਤਮੰਦ ਭੋਜਨ ਵਿਚ ਵਾਧਾ ਕਰਨ ਲਈ ਖੁਰਾਕ ਰੈਗੂਲੇਟਰ ਨੇ ਨਿਯਮ ਬਣਾਉਣ ਲਈ ਨਿਰਦੇਸ਼ ਦਿੱਤੇ ਸਨ।