ਕਿਥੇ ਅਲੋਪ ਹੋ ਗਈ ਸਾਡੀ ਕਾੜ੍ਹਨੀ ਦੀ ਲੱਸੀ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕਿਥੇ ਗੁਆਚ ਗਿਆ ਹੈ ਮੇਰੇ ਸੋਹਣੇ ਪੰਜਾਬ ਦਾ ਇਕ ਅਨਮੋਲ ਰਤਨ ਜਿਸ ਦਾ ਨਾਂ ਲੈਂਦਿਆਂ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਮੁੱਢ ਤੋਂ ਚਲੀ..

Lassi

ਕਿਥੇ ਗੁਆਚ ਗਿਆ ਹੈ ਮੇਰੇ ਸੋਹਣੇ ਪੰਜਾਬ ਦਾ ਇਕ ਅਨਮੋਲ ਰਤਨ ਜਿਸ ਦਾ ਨਾਂ ਲੈਂਦਿਆਂ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਮੁੱਢ ਤੋਂ ਚਲੀ ਆ ਰਹੀ ਅਤੇ ਪੰਜਾਬੀਆਂ ਨੂੰ ਵਿਰਸੇ ਵਿਚ ਮਿਲਣ ਵਾਲੀ ਅਨਮੋਲ ਚੀਜ਼ ਕਾੜ੍ਹਨੀ ਵਾਲੀ ਲੱਸੀ ਦੀ। ਪਿੰਡਾਂ ਦੀਆਂ ਸੁਆਣੀਆਂ ਸਵੇਰੇ-ਸਵੇਰੇ ਮੱਝਾਂ ਦੀਆਂ ਧਾਰਾਂ ਚੋ ਕੇ ਦੁੱਧ ਨੂੰ ਮਿੱਟੀ ਦੇ ਬਣੇ ਹੋਏ ਇਕ ਭਾਂਡੇ ਵਿਚ ਪਾ ਦਿੰਦੀਆਂ ਸਨ ਜਿਸ ਨੂੰ ਕਾੜ੍ਹਨੀ ਕਿਹਾ ਜਾਂਦਾ ਸੀ ਅਤੇ ਅਪਣੇ ਮਕਾਨ ਦੀ ਕਿਸੇ ਨੁੱਕਰ 'ਤੇ ਬਣੇ ਹੋਏ ਹਾਰੇ ਵਿਚ ਪਾਥੀਆਂ ਦੀ ਅੱਗ ਬਾਲ ਕੇ ਰੱਖ ਦੇਂਦੀਆਂ ਸਨ, ਜੋ ਸ਼ਾਮ ਤਕ ਕੜ੍ਹ-ਕੜ੍ਹ ਕੇ ਹਲਕੇ ਲਾਲ ਰੰਗ ਦਾ ਹੋ ਜਾਂਦਾ ਸੀ ਅਤੇ

ਉਸ ਉਪਰ ਮੋਟੀ-ਮੋਟੀ ਪਰਤ ਕੜ੍ਹੀ ਹੋਈ ਮਲਾਈ ਦੀ ਚੜ੍ਹ ਜਾਂਦੀ ਸੀ। ਫਿਰ ਸ਼ਾਮ ਨੂੰ ਲਗਭਗ ਪੰਜ ਵਜੇ ਦੇ ਕਰੀਬ ਉਸ ਕਾੜ੍ਹਨੀ ਨੂੰ ਅੱਗ ਤੋਂ ਉਤਾਰਿਆ ਜਾਂਦਾ ਸੀ। ਫਿਰ ਉਸ ਨੂੰ ਰਿੜਕਣੇ ਵਿਚ ਪਾ ਕੇ ਉਸ ਵਿਚ ਕੁੱਝ ਮਾਤਰਾ ਵਿਚ ਕੱਚਾ ਦੁੱਧ ਮਿਲਾ ਕੇ ਕਿਸੇ ਸਾਫ਼ ਕਪੜੇ ਨਾਲ ਰਿੜਕਣੇ ਦੇ ਮੂੰਹ ਨੂੰ ਬੰਨ੍ਹ ਕੇ ਸੌਣ ਸਮੇਂ ਸਿਰਹਾਣੇ ਰੱਖ ਲਿਆ ਜਾਂਦਾ ਸੀ। ਸਵੇਰ ਹੁੰਦੇ ਸਾਰ ਘਰ ਦੀਆਂ ਔਰਤਾਂ ਦੁੱਧ ਵਿਚ ਲਕੜੀ ਦੀ ਬਣੀ ਹੋਈ ਮਧਾਣੀ ਪਾ ਕੇ ਰਿੜਕਦੀਆਂ ਸਨ। ਦੁੱਧ ਨੂੰ ਅੱਧਾ ਪੌਣਾ ਘੰਟਾ ਰਿੜਕਣ ਤੋਂ ਬਾਅਦ ਉਸ ਉਪਰ ਮੱਖਣ ਆ ਜਾਂਦਾ ਸੀ, ਜਿਸ ਨੂੰ ਅਲਗ ਭਾਂਡੇ ਵਿਚ ਪਾ ਕੇ ਰਖਿਆ ਜਾਂਦਾ ਸੀ।

ਏਨੀ ਪ੍ਰਕਿਰਿਆ ਤੋਂ ਬਾਅਦ ਤਿਆਰ ਹੁੰਦੀ ਸੀ ਮੂੰਹੋਂ ਨਾ ਲਹਿਣ ਵਾਲੀ ਹਲਕੀ ਜਿਹੀ ਲਾਲੀ ਵਾਲੀ ਕਾੜ੍ਹਨੀ ਦੀ ਲੱਸੀ, ਜਿਸ ਦਾ ਜ਼ਿਕਰ ਸਾਡੇ ਗੀਤਾਂ ਵਿਚ ਵੀ ਆਉੁਂਦਾ ਸੀ ਕਿ, 'ਸਾਡੇ ਪਿੰਡ ਦੀ ਲੱਸੀ ਦੀ ਘੁੱਟ ਪੀ ਕੇ ਲਿਮਕੇ ਨੂੰ ਭੁੱਲ ਜਾਏਂਗੀ।' ਉਸ ਸਮੇਂ ਲੋਕ ਦੁੱਧ ਨੂੰ ਵੇਚਣਾ, ਪੁੱਤਰ ਵੇਚਣ ਦੇ ਬਰਾਬਰ ਸਮਝਦੇ ਸਨ, ਪਰ ਹੌਲੀ-ਹੌਲੀ ਅਪਣਾ ਆਰਥਕ ਪੱਖ ਮਜ਼ਬੂਤ ਕਰਨ ਲਈ ਅਤੇ ਅਪਣੀ ਆਮਦਨ ਦੇ ਸਰੋਤ ਵਧਾਉਣ ਲਈ ਲੋਕ ਦੁੱਧ ਵੇਚਣ ਲੱਗ ਪਏ। ਬੱਸ, ਫਿਰ ਇਕ ਦੂਜੇ ਦੀ ਰੀਸ ਨਾਲ ਸਰਦੇ-ਪੁਜਦੇ ਘਰਾਂ ਨੇ ਵੀ ਦੁੱਧ ਵੇਚਣ ਨੂੰ ਅਪਣਾ ਧੰਦਾ ਬਣਾ ਲਿਆ।

ਅੱਜ ਜੇਕਰ ਅਸੀ ਕਾੜ੍ਹਨੀ ਦੀ ਲੱਸੀ ਦੀ ਹੋਂਦ ਨੂੰ ਲਗਭਗ ਖ਼ਤਮ ਹੋਣ ਕਿਨਾਰੇ ਖੜੀ ਵੇਖਦੇ ਹਾਂ ਤਾਂ ਇਸ ਦਾ ਸਾਰਾ ਦੋਸ਼ ਮਹਿੰਗਾਈ ਨੂੰ ਨਹੀਂ ਦਿਤਾ ਜਾ ਸਕਦਾ ਕਿਉਂਕਿ ਜੇਕਰ ਸਾਡੀਆਂ ਖ਼ਰੀਦਣ ਵਾਲੀਆਂ ਵਸਤਾਂ ਮਹਿੰਗੀਆਂ ਹੋ ਗਈਆਂ ਹਨ ਤਾਂ ਸਾਡੀਆਂ ਵੇਚਣ ਵਾਲੀਆਂ ਫ਼ਸਲਾਂ ਦੇ ਮੁਲ ਵੀ ਤਾਂ ਵਧੇ ਹਨ। ਇਸ ਦਾ ਮੁੱਖ ਕਾਰਨ ਤਾਂ ਇਹ ਹੈ ਕਿ ਪਿੰਡਾਂ ਦੇ ਨੌਜੁਆਨਾਂ ਨੇ ਕੰਮ ਕਰਨਾ ਲਗਭਗ ਛੱਡ ਹੀ ਦਿਤਾ ਹੈ ਅਤੇ ਫ਼ਜ਼ੂਲ ਖ਼ਰਚੇ ਵਧਾ ਲਏ ਹਨ। ਜੇਕਰ ਸਾਡੇ ਬਜ਼ੁਰਗ ਇਨ੍ਹਾਂ ਹੀ ਜ਼ਮੀਨਾਂ ਵਿਚ ਖੇਤੀ ਕਰ ਕੇ ਅਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਕੇ ਵਧੀਆ ਢੰਗ ਨਾਲ ਜ਼ਿੰਦਗੀ ਲੰਘਾ ਗਏ ਹਨ,

ਫਿਰ ਅਸੀ ਅਜਿਹਾ ਕਿਉਂ ਨਹੀਂ ਕਰ ਸਕਦੇ? ਅਸਲ ਵਿਚ ਸਾਡਾ ਸਮਾਜ ਏਨਾ ਖ਼ਰਚੀਲਾ ਹੋ ਗਿਆ ਹੈ ਜਿਸ ਕਾਰਨ ਘਰਾਂ ਵਿਚੋਂ ਦੁੱਧ ਆਦਿ ਵੇਚ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਹਰ ਘਰ ਦੇ ਇਕੱਲੇ-ਇਕੱਲੇ ਜੀਅ ਕੋਲ ਮੋਬਾਈਲ ਫ਼ੋਨ ਹੈ, ਜੋ ਅੱਜ ਦੇ ਯੁਗ ਮੁਤਾਬਕ ਸਹੀ ਵੀ ਹੈ, ਪਰ 100 ਵਿਚੋਂ 70 ਇਹ ਗੱਲ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਅਸੀ ਇਸ ਦੀ ਵਰਤੋਂ ਸਹੀ ਢੰਗ ਨਾਲ ਕਰਦੇ ਹਾਂ। ਘਰਾਂ ਵਿਚ ਪਏ ਸਰ੍ਹੋਂ ਦੇ ਤੇਲ ਦੀ ਥਾਂ ਮਹਿੰਗੀਆਂ-ਮਹਿੰਗੀਆਂ ਜੈਲਾਂ ਤੇ ਖ਼ੁਸ਼ਬੂਦਾਰ ਤੇਲ ਵਰਤਣੇ ਨੌਜੁਆਨ ਪੀੜ੍ਹੀ ਦਾ ਸ਼ੌਕ ਬਣ ਗਿਆ ਹੈ। 

ਮੈਂ ਅਜਿਹੇ ਨੌਜੁਆਨ ਵੀ ਵੇਖੇ ਹਨ ਜਿਹੜੇ ਸਿਰਫ਼ ਸ਼ਰਾਬ ਦੀ ਲਾਲਸਾ ਖ਼ਾਤਰ ਅਪਣੇ ਬੱਚਿਆਂ ਦੇ ਮੂੰਹ ਵਿਚੋਂ ਦੁੱਧ ਕੱਢ ਕੇ ਡੇਅਰੀ ਜਾਂ ਢੋਲ ਵਾਲਿਆਂ ਨੂੰ ਪਾ ਦਿੰਦੇ ਹਨ ਅਤੇ ਰਾਤੀਂ ਦਾਰੂ ਨਾਲ ਟੱਲੀ ਹੋ ਕੇ ਇਹ ਭੁਲ ਜਾਂਦੇ ਹਨ ਕਿ ਉਨ੍ਹਾਂ ਦਾ ਪ੍ਰਵਾਰ ਜਿਹੜੇ ਦੁੱਧ, ਲੱਸੀ ਲਈ ਮੱਝਾਂ ਸਾਂਭਦਾ ਹੈ, ਇਹ ਉਸ ਦੁੱਧ ਨੂੰ ਇਕੱਲੇ ਹੀ ਸਾਂਭ ਲੈਂਦੇ ਹਨ। ਪਹਿਲਾਂ ਪਿੰਡਾਂ ਦੇ ਬਾਹਰ-ਵਾਰ ਪਾਥੀਆਂ ਦੇ ਵੱਡੇ-ਵੱਡੇ ਗੁਹਾਰੇ ਨਜ਼ਰ ਆਉਂਦੇ ਸਨ, ਜਿਨ੍ਹਾਂ ਨੂੰ ਦੁੱਧ ਕਾੜ੍ਹਨ ਲਈ ਬਾਲਣ ਵਾਸਤੇ ਵਰਤਿਆ ਜਾਂਦਾ ਸੀ, ਜਿਸ ਤੋਂ ਲੱਸੀ-ਮੱਖਣ ਬਣਾਇਆ ਜਾਂਦਾ ਸੀ, ਪਰ ਅੱਜ ਕਲ ਸਾਡੇ ਪੰਜਾਬ ਦੀਆਂ ਮੁਟਿਆਰਾਂ ਪੰਜ-ਪੰਜ ਰੁਪਏ ਦੀ ਪਾਥੀ ਖ਼ਰੀਦਣ ਲੱਗ ਪਈਆਂ ਹਨ,

ਜਿਸ ਦੇ ਫੱਲਸਰੂਪ ਕਾੜ੍ਹਨੀਆਂ ਖੂੰਜੇ ਲਾ ਕੇ ਰੱਖ ਦਿਤੀਆਂ ਗਈਆਂ ਹਨ। ਹੁਣ ਕਾੜ੍ਹਨੀ ਦੀ ਲੱਸੀ ਵੀ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਲੋਕ ਇਕ ਲੀਟਰ ਦੁੱਧ ਨੂੰ ਮਿੱਟੀ ਦੇ ਛੋਟੇ ਜਿਹੇ ਭਾਂਡੇ, ਜਿਸ ਨੂੰ ਕੁੱਜਾ ਆਖਿਆ ਜਾਂਦਾ ਹੈ, ਵਿਚ ਪਾ ਕੇ ਦਹੀਂ ਜਮਾਉਣ ਲੱਗ ਪਏ ਹਨ ਅਤੇ ਸਵੇਰੇ ਉਸ ਨੂੰ ਹੱਥ ਨਾਲ ਘੁਮਾ ਕੇ ਚਲਾਉਣ ਵਾਲੀ ਛੋਟੀ ਜਿਹੀ ਮਸ਼ੀਨ ਨਾਲ ਰਿੜਕ ਕੇ ਉਸ ਦੀ ਲੱਸੀ ਬਣਾਉਣ ਲੱਗ ਪਏ ਹਨ, ਜਿਸ ਕਾਰਨ ਪਿੰਡਾਂ ਵਿਚ ਖੁਲ੍ਹੀ ਖ਼ੁਰਾਕ ਵਜੋਂ ਖਾਧਾ ਜਾਣ ਵਾਲਾ ਮੱਖਣ ਵੀ ਅਲੋਪ ਹੋ ਗਿਆ ਹੈ।

ਪਹਿਲਾਂ ਕਾੜ੍ਹਨੀ ਦੀ ਲੱਸੀ ਬਣਾਉਣ ਲਈ ਹਰ ਘਰ ਦੇ ਮਰਦ- ਔਰਤਾਂ ਡੰਗਰ-ਪਸ਼ੂ ਸਾਂਭਣ ਵਾਸਤੇ ਬਹੁਤ ਸਾਰਾ ਕੰਮ ਕਰਿਆ ਕਰਦੇ ਸਨ, ਪਰ ਅੱਜ ਇਸ ਤੋਂ ਬਿਲਕੁਲ ਉਲਟ, ਨਾ ਤਾਂ ਪਿੰਡਾਂ ਦੇ ਮਰਦ ਕੰਮ ਕਰਨ ਵਿਚ ਦਿਲਸਚਪੀ ਵਿਖਾਉੁਂਦੇ ਹਨ ਤੇ ਨਾ ਹੀ ਔਰਤਾਂ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਕਾੜ੍ਹਨੀ ਦੀ ਲੱਸੀ ਅਲੋਪ ਹੋ ਗਈ ਹੈ। - ਇਕਬਾਲ ਸਿੰਘ ਮਹਿਤਾ, 
ਪਿੰਡ : ਮਹਿਤਾ, ਡਾਕ ਤੇ ਤਹਿ.: ਤਪਾ ਮੰਡੀ, ਜ਼ਿਲ੍ਹਾ : ਬਰਨਾਲਾ।