ਸਰਦੀਆਂ 'ਚ ਪੂਰਾ ਰੱਖੋ ਸਰੀਰ 'ਚ ਪਾਣੀ ਦਾ ਪੱਧਰ, ਪਾਣੀ ਦੀ ਕਮੀ ਦੱਸਦੇ ਹਨ ਇਹ ਲੱਛਣ  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਠੰਢ ਦੇ ਮੌਸਮ 'ਚ ਨਿਯਮਿਤ ਰੂਪ ਨਾਲ ਕਰੋ ਪਾਣੀ ਦਾ ਸੇਵਨ

Image

 

ਚੰਡੀਗੜ੍ਹ - ਪਾਣੀ ਸਰੀਰ ਦੀਆਂ ਮੁਢਲੀਆਂ ਲੋੜਾਂ ਵਿੱਚੋਂ ਇੱਕ ਹੈ। ਤੰਦਰੁਸਤੀ ਵਾਸਤੇ ਗਰਮੀਆਂ ਦੇ ਮੌਸਮ ਵਿਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਅਤੇ ਸਰਦੀਆਂ ਦੇ ਮੌਸਮ ਵਿਚ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। 

ਪਾਣੀ ਭੋਜਨ ਦੇ ਸਹੀ ਹਾਜ਼ਮੇ, ਜ਼ਹਿਰੀਲੇ ਪਦਾਰਥਾਂ ਦੀ ਨਿਕਾਸੀ, ਅਤੇ ਖੂਨ ਨੂੰ ਸਾਫ਼ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਰੀਰ 'ਚ ਪਾਣੀ ਦੇ ਪੱਧਰ ਦਾ ਘਟਣਾ ਬੇਲੋੜੇ ਤਣਾਅ ਨੂੰ ਜਨਮ ਦਿੰਦਾ ਹੈ, ਅਤੇ ਹੋਰ ਵੀ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਅੱਜ ਅਸੀਂ ਅਜਿਹੇ ਕੁਝ ਲੱਛਣ ਸਾਂਝੇ ਕਰਾਂਗੇ, ਜਿਹੜੇ ਸਰੀਰ 'ਚ ਪਾਣੀ ਦੀ ਕਮੀ ਦਾ ਪ੍ਰਗਟਾਵਾ ਕਰਦੇ ਹਨ, ਅਤੇ ਸਾਨੂੰ ਇਸ ਦੀ ਪੂਰਤੀ ਲਈ ਚਿਤਾਵਨੀ ਦਿੰਦੇ ਹਨ। 

ਪਿਸ਼ਾਬ 

ਪਿਸ਼ਾਬ ਦਾ ਘੱਟ ਆਉਣਾ ਜਾਂ ਪੀਲੇ ਰੰਗ ਦਾ ਆਉਣਾ ਸਰੀਰ 'ਚ ਪਾਣੀ ਦੀ ਘਾਟ ਦਾ ਸੂਚਕ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਤਾਂ ਸਾਨੂੰ ਸਧਾਰਨ ਤੌਰ 'ਤੇ 6 ਤੋਂ 7 ਵਾਰ ਪਿਸ਼ਾਬ ਆਉਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ, ਤਾਂ ਪਾਣੀ ਜ਼ਿਆਦਾ ਪੀਣਾ ਸ਼ੁਰੂ ਕਰੋ।

ਤੇਜ਼ ਸਿਰਦਰਦ

ਜੇਕਰ ਤੁਹਾਡਾ ਬਹੁਤ ਜ਼ਿਆਦਾ ਸਿਰ ਦਰਦ ਹੁੰਦਾ ਹੈ, ਅਤੇ ਖ਼ਾਸ ਤੌਰ ’ਤੇ ਹਿੱਲ-ਜੁੱਲ ਸਮੇਂ, ਤਾਂ ਸਮਝ ਜਾਓ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਇਸ ਲਈ ਸਿਰ ਦਰਦ ਹੋ ਰਿਹਾ ਹੈ ਅਤੇ ਤੁਰੰਤ ਪਾਣੀ ਪੀਣਾ ਸ਼ੁਰੂ ਕਰ ਦਿਓ ।

ਮੂੰਹ ਵਾਰ-ਵਾਰ ਸੁੱਕਣਾ

ਕਈ ਲੋਕਾਂ ਦਾ ਮੂੰਹ ਵਾਰ-ਵਾਰ ਸੁੱਕਦਾ ਹੈ। ਦਰਅਸਲ ਮੂੰਹ ਸੁੱਕਣਾ ਪਾਣੀ ਦੀ ਘਾਟ ਦਾ ਲੱਛਣ ਹੈ। ਇਸ ਲਈ ਉਚਿਤ ਮਾਤਰਾ 'ਚ ਪਾਣੀ ਪੀਓ ।

ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗਣਾ

ਕਈ ਲੋਕਾਂ ਨੂੰ ਖਾਣਾ ਖਾਣ ਤੋਂ ਕੁਝ ਹੀ ਸਮੇਂ ਬਾਅਦ ਦੁਆਰਾ ਕੁਝ ਖਾਣ ਦਾ ਮਨ ਕਰਦਾ ਹੈ। ਅਜਿਹਾ ਪਾਣੀ ਦੀ ਘਾਟ ਹੋਣ ਕਰਕੇ ਹੁੰਦਾ ਹੈ। ਜੇ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ ਦਾ ਜ਼ਰੂਰ ਪੀਓ।

ਖੁਸ਼ਕ ਚਮੜੀ 

ਜੇਕਰ ਮੁਆਸਚਰਾਈਜ਼ਰ ਲਗਾਉਣ ਦੇ ਬਾਵਜੂਦ ਚਮੜੀ ਖੁਸ਼ਕ ਰਹਿੰਦੀ ਹੈ, ਤਾਂ ਇਸ ਦਾ ਮਤਲਬ ਹੈ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਸਰੀਰ ਵਿੱਚ ਪਾਣੀ ਦੀ ਪੂਰੀ ਮਾਤਰਾ ਹੋਣ ’ਤੇ ਚਮੜੀ ਖੁਸ਼ਕ ਨਹੀਂ ਹੁੰਦੀ ।

ਚੱਕਰ ਆਉਣਾ

ਗਰਮੀ ਦੇ ਮੌਸਮ ਵਿੱਚ ਵਾਰ-ਵਾਰ ਚੱਕਰ ਆਉਣੇ ਪਾਣੀ ਦੀ ਕਮੀ ਦਾ ਸਿੱਧਾ ਸੰਕੇਤ ਹੁੰਦੇ ਹਨ। ਜੇ ਤੁਹਾਨੂੰ ਵੀ ਚੱਕਰ ਆਉਂਦੇ ਹਨ, ਤਾਂ ਪੀਣ ਵਾਲੇ ਪਾਣੀ ਦੀ ਮਾਤਰਾ ਵਧਾਓ।  

ਜੋੜਾਂ ’ਚ ਦਰਦ

ਸਾਡੇ ਜੋੜਾਂ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਤਰਲ ਹੁੰਦਾ ਹੈ, ਜਿਸ ਨੂੰ ਆਮ ਤੌਰ 'ਤੇ ਜੋੜਾਂ ਦਾ ਗਰੀਸ ਕਹਿ ਦਿੱਤਾ ਜਾਂਦਾ ਹੈ। ਇਸ ਦਾ ਪੱਧਰ ਬਣਾਈ ਰੱਖਣ ਵਿੱਚ ਵੀ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਪਾਣੀ ਸਰੀਰ ਵਿੱਚੋਂ ਘੱਟ ਜਾਵੇ, ਤਾਂ ਇਸ ਨਾਲ ਜੋੜਾਂ ਵਿੱਚ ਦਰਦ ਹੁੰਦਾ ਹੈ ਤੇ ਲੋੜ ਹੁੰਦੀ ਹੈ ਕਿ ਪਾਣੀ ਵੱਧ ਪੀਤਾ ਜਾਵੇ। 

ਮਾਸਪੇਸ਼ੀਆਂ ਦਾ ਦਰਦ

ਸਰੀਰ ਦੀਆਂ ਮਾਸਪੇਸ਼ੀਆਂ ਦਾ 80% ਭਾਗ ਪਾਣੀ ਤੋਂ ਬਣਦਾ ਹੈ। ਪਾਣੀ ਘਟ ਜਾਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। 

ਪਾਚਨ ਸੰਬੰਧੀ ਸਮੱਸਿਆ

ਪਾਣੀ ਦੀ ਕਮੀ ਨਾਲ ਪਾਚਨ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਮੁਢਲੇ ਤੌਰ 'ਤੇ ਕਰਨਾ ਪੈਂਦਾ ਹੈ। ਪਾਣੀ ਦੀ ਕਮੀ ਕਾਰਨ ਨਾ ਤਾਂ ਖਾਣਾ ਠੀਕ ਢੰਗ ਨਾਲ ਪਚਦਾ ਹੈ, ਅਤੇ ਨਾ ਹੀ ਪੂਰੀ ਤਰ੍ਹਾਂ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ। ਪਾਚਨ ਸੰਬੰਧੀ ਮੁਸ਼ਕਿਲਾਂ ਹੋਣ 'ਤੇ ਸਭ ਤੋਂ ਪਹਿਲਾਂ ਪਾਣੀ ਵੱਧ ਪੀਣਾ ਸ਼ੁਰੂ ਕਰੋ।