ਰੋਜ਼ ਦੋ ‘ਡਾਇਟ’ ਠੰਢੇ ਪੀਣ ਨਾਲ ਵੱਧ ਸਕਦੈ ਦਿਲ ਦੇ ਦੌਰੇ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇੰਟਰਨਲ ਮੈਡੀਸਨ ਰਸਾਲੇ ’ਚ ਛਪੇ ਇਸ ਅਧਿਐਨ ’ਚ 10 ਯੂਰਪੀ ਦੇਸ਼ਾਂ ਅੰਦਰ ਠੰਢਿਆਂ ਦੀ ਖਪਤ ਅਤੇ ਮੌਤਾਂ ਦੀ ਗਿਣਤੀ ਵਿਚਕਾਰ ਸਬੰਧ ਸਥਾਪਤ ਕੀਤਾ ਗਿਆ ਹੈ

Drinking two 'diet' daily may increase risk of heart attack

ਚੰਡੀਗੜ੍ਹ : ਕਿਸੇ ਠੰਢੇ ਪੀਣਯੋਗ ਪਦਾਰਥ ਅੱਗੇ ‘ਡਾਇਟ’ ਉਦੋਂ ਜੋੜਿਆ ਜਾਂਦਾ ਹੈ ਜਦੋਂ ਇਸ ’ਚ ਬਨਾਉਟੀ ਮਿੱਠਾ ਪਾਇਆ ਹੁੰਦਾ ਹੈ ਅਤੇ ਇਸ ’ਤੇ ‘ਸ਼ੂਗਰ ਫ਼ਰੀ’ ਲਿਖਿਆ ਹੁੰਦਾ ਹੈ, ਜਿਸ ’ਚ ਕੋਈ ਕੈਲੋਰੀ ਨਾ ਹੋਵੇ। ਇਨ੍ਹਾਂ ‘ਡਾਇਟ’ ਠੰਢਿਆਂ ਦੇ ਹੋਰਨਾਂ ਦਾਅਵਿਆਂ ’ਚ ਭਾਰ ਘਟਾਉਣ ਵਾਲੇ, ਸਰੀਰ ਨੂੰ ਚੁਸਤ-ਦਰੁਸਤ ਬਣਾਉਣ ਵਾਲੇ ਆਦਿ ਵੀ ਲਿਖਿਆ ਹੁੰਦਾ ਹੈ।

ਹਾਲਾਂਕਿ ਇਨ੍ਹਾਂ ਸਾਰੇ ਦਾਅਵਿਆਂ ਦੀ ਵਿਗਿਆਨਕ ਪੁਸ਼ਟੀ ਨਹੀਂ ਹੋ ਸਕੀ ਹੈ। ਹੁਣ ਇਕ ਨਵੀਂ ਖੋਜ ਨੇ ਦਸਿਆ ਹੈ ਕਿ ਇਕ ਦਿਨ ’ਚ ਸਿਰਫ਼ ਦੋ ਵਾਰ ਅਜਿਹੇ ਠੰਢੇ ਪੀਣਯੋਗ ਪਦਾਰਥ ਨੂੰ ਪੀਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਇਹ ਅਧਿਐਨ ਆਮ ਸੋਚ ਤੋਂ ਬਿਲਕੁਲ ਉਲਟ ਹੈ ਅਤੇ ਆਖਦਾ ਹੈ ਕਿ ਅਸਲ ’ਚ ਬਨਾਉਟੀ ਤੌਰ ’ਤੇ ਮਿੱਠੇ ਬਣਾਏ ਗਏ ਠੰਢੇ ਪੀਣਯੋਗ ਪਦਾਰਥ ਬੰਦ ਕਰਨ ਨਾਲ ਦਿਲ ਦੇ ਦੌਰੇ ਕਰ ਕੇ ਹੋਣ ਵਾਲੀਆਂ ਮੌਤਾਂ ’ਚ ਕਮੀ ਕੀਤੀ ਜਾ ਸਕਦੀ ਹੈ।

ਅਧਿਐਨ ਕਰ ਰਹੀ ਟੀਮ ਨੇ ਵੇਖਿਆ ਕਿ ਹਰ ਰੋਜ਼ ਦੋ ਗਲਾਸ ‘ਡਾਈਟ’ ਠੰਢੇ ਪੀਣ ਵਾਲਿਆਂ ’ਚ ਦਿਲ ਦੇ ਦੌਰੇ ਦੀ ਦਰ ਇਕ ਮਹੀਨੇ ’ਚ ਇਕ ਗਲਾਸ ਠੰਢੇ ਪੀਣ ਵਾਲਿਆਂ ਤੋਂ 17 ਫ਼ੀ ਸਦੀ ਜ਼ਿਆਦਾ ਹੈ। ਇਹੀ ਸਥਿਤੀ ਮਿੱਠੇ ਵਾਲੇ ਠੰਢਿਆਂ ਨੂੰ ਪੀਣ ਵਾਲਿਆਂ ’ਚ ਵੀ ਵੇਖੀ ਗਈ। ਅਧਿਐਨ ਦੇ ਅਖ਼ੀਰ ’ਚ ਕਿਹਾ ਗਿਆ, ‘‘ਅਧਿਐਨ ਅਨੁਸਾਰ ਮਿੱਠੇ ਵਾਲੇ ਅਤੇ ਬਨਾਉਟੀ ਮਿੱਠੇ ਵਾਲੇ ਠੰਢੇ ਪੀਣਯੋਗ ਪਦਾਰਥ ਕਿਸੇ ਨਾ ਕਿਸੇ ਤਰ੍ਹਾਂ ਮੌਤ ਨਾਲ ਜੁੜੇ ਸਨ। ਇਹ ਨਤੀਜੇ ਲੋਕਾਂ ’ਚ ਠੰਢੇ ਪੀਣਯੋਗ ਪਦਾਰਥਾਂ ਦੀ ਖਪਤ ਨੂੰ ਘੱਟ ਕਰਨ ਦੀ ਹਾਮੀ ਭਰਦੇ ਹਨ।’’