ਸਿਰਦਰਦ ਹੋਵੇ ਜਾਂ ਮਾਈਗ੍ਰੇਨ, ਇਲਾਜ ਲਈ ਬਿਹਤਰ ਸਿੱਧ ਹੁੰਦੀ ਹੈ ਹਿੰਗ

ਏਜੰਸੀ

ਜੀਵਨ ਜਾਚ, ਸਿਹਤ

ਇਸ ’ਚ ਪ੍ਰੋਟੀਨ, ਫ਼ਾਈਬਰ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ, ਕੈਰੋਟੀਨ ਅਤੇ ਰਾਈਬੋਫਲੇਵਿਨ ਵਰਗੇ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ

photo

 

ਆਮ ਤੌਰ ’ਤੇ ਘਰਾਂ ’ਚ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ’ਚ ਪ੍ਰੋਟੀਨ, ਫ਼ਾਈਬਰ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ, ਕੈਰੋਟੀਨ ਅਤੇ ਰਾਈਬੋਫਲੇਵਿਨ ਵਰਗੇ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਐਂਟੀ ਵਾਇਰਲ, ਐਂਟੀ ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ ਇੰਫਲਾਮੇਟਰੀ, ਡਾਈਯੂਰੇਟਿਕ ਵਰਗੇ ਕਈ ਗੁਣਾਂ ਦਾ ਖਜ਼ਾਨਾ ਹੁੰਦਾ ਹੈ। ਚੁਟਕੀ ਕੁ ਹਿੰਗ ਖਾਣੇ ’ਚ ਜ਼ਰੂਰ ਸ਼ਾਮਲ ਕਰੋ। ਦਾਲ ਅਤੇ ਸਬਜ਼ੀ ’ਚ ਹਿੰਗ ਦਾ ਤੜਕਾ ਲਗਾਉ। ਇਸ ਤੋਂ ਇਲਾਵਾ ਇਕ ਕੱਪ ਪਾਣੀ ’ਚ ਜ਼ਰਾ ਜਿਹੀ ਹਿੰਗ ਮਿਲਾ ਕੇ ਰੋਜ਼ਾਨਾ ਖਾਣਾ ਖਾਣ ਪਿੱਛੋਂ ਪੀਉ।

ਔਰਤਾਂ ਲਈ ਹਿੰਗ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਹ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਹਿੰਗ ਦੀ ਵਰਤੋਂ ਨਾਲ ਅਨਿਯਮਿਤ ਮਾਹਵਾਰੀ ਅਤੇ ਵਧੇਰੇ ਬਲੀਡਿੰਗ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਸਰਦੀ-ਜ਼ੁਕਾਮ ਕਾਰਨ ਹੋਣ ਵਾਲਾ ਸਿਰਦਰਦ ਹੋਵੇ ਜਾਂ ਮਾਈਗ੍ਰੇਨ, ਹਿੰਗ ਦੋਹਾਂ ਹੀ ਸਮੱਸਿਆਵਾਂ ਦੇ ਇਲਾਜ ਲਈ ਬਿਹਤਰ ਸਿੱਧ ਹੁੰਦੀ ਹੈ। ਦੰਦ ਦਰਦ ਵਾਲੀ ਥਾਂ ’ਤੇ ਹਿੰਗ ਦਾ ਟੁਕੜਾ ਰੱਖਣ ਨਾਲ ਬਹੁਤ ਅਰਾਮ ਮਿਲਦਾ ਹੈ। ਹਿੰਗ ਦੇ ਪਾਊਡਰ ਨੂੰ ਕੋਸੇ ਪਾਣੀ ’ਚ ਮਿਲਾ ਕੇ ਕੁਰਲੀ ਕਰਨ ਨਾਲ ਵੀ ਫ਼ਾਇਦਾ ਮਿਲਦਾ ਹੈ। ਨਿੰਬੂ ਨਾਲ ਇਕ ਚਮਚ ਹਿੰਗ ਨੂੰ ਮਿਕਸ ਕਰ ਕੇ ਇਸ ਨੂੰ ਹਲਕਾ ਗਰਮ ਕਰੋ ਅਤੇ ਦਰਦ ਵਾਲੀ ਥਾਂ ’ਤੇ ਲਗਾਉ।

ਕੰਨ ਦੇ ਦਰਦ ਨੂੰ ਦੂਰ ਕਰਨ ’ਚ ਵੀ ਹਿੰਗ ਕਾਫ਼ੀ ਕਾਰਗਰ ਹੈ। ਇਸ ਦਾ ਕਾਰਨ ਇਸ ਦਾ ਐਂਟੀ ਇੰਫਲਾਮੇਟਰੀ ਗੁਣ ਹੈ। ਨਾਰੀਅਲ ਤੇਲ ਗਰਮ ਕਰ ਕੇ ਉਸ ’ਚ ਚੁਟਕੀ ਕੁ ਹਿੰਗ ਰਲਾ ਦਿਉ। ਫਿਰ ਕੰਨ ’ਚ ਬੂੰਦ-ਬੂੰਦ ਕਰ ਕੇ ਪਾਉ। ਬਹੁਤ ਛੇਤੀ ਅਰਾਮ ਮਿਲਦਾ ਹੈ। ਦਮਾ, ਸੁੱਕੀ ਖੰਘ ਅਤੇ ਸਰਦੀ-ਜ਼ੁਕਾਮ ਕਾਰਨ ਅਕਸਰ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਕਈ ਵਾਰ ਇਸ ਨਾਲ ਕਫ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਤੋਂ ਛੁਟਕਾਰੇ ਲਈ ਹਿੰਗ ਦਵਾਈ ਦੇ ਤੌਰ ’ਤੇ ਕੰਮ ਕਰਦੀ ਹੈ। ਹਿੰਗ ਪਾਊਡਰ ਨੂੰ ਪਾਣੀ ’ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਛਾਤੀ ’ਤੇ ਚੰਗੀ ਤਰ੍ਹਾਂ ਲਗਾ ਕੇ ਕੁੱਝ ਦੇਰ ਤਕ ਰੱਖੋ। ਇਸ ਨਾਲ ਅਰਾਮ ਮਿਲਦਾ ਹੈ। ਅੱਧਾ ਚਮਚ ਹਿੰਗ ਅਤੇ ਅੱਧਾ ਚਮਚ ਅਦਰਕ ਦੇ ਪਾਊਡਰ ਨੂੰ ਦੋ ਚਮਚ ਸ਼ਹਿਦ ’ਚ ਰਲਾਉ। ਦਿਨ ’ਚ ਘੱਟੋ-ਘੱਟ ਤਿੰਨ ਵਾਰ ਇਸ ਦਾ ਸੇਵਨ ਸੁੱਕੀ ਖੰਘ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਕਰਦਾ ਹੈ।