ਚਮੜੀ ਮਾਹਰਾਂ ਦਾ ਕਹਿਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਯੇਲ ਯੂਨੀਵਰਸਟੀ ਸਕੂਲ ਆਫ਼ ਮੈਡੀਸਨ ਦੇ ਡਰਮੇਟਾਲੋਜਿਸਟ ਡਾ. ਨਿਕੋਲਸ ਪਰੀਕੋਨ ਮੁਤਾਬਕ ਮੱਛੀ, ਫੱਲ, ਸਬਜ਼ੀਆਂ, ਆਲਿਵ ਆਇਲ ਵਾਲੀ ਖ਼ੁਰਾਕ ਨਾਲ ਤੁਸੀ ਅਪਣੀ ਚਮੜੀ ਦੀ ਰੰ...

Healthy Skin

ਯੇਲ ਯੂਨੀਵਰਸਟੀ ਸਕੂਲ ਆਫ਼ ਮੈਡੀਸਨ ਦੇ ਡਰਮੇਟਾਲੋਜਿਸਟ ਡਾ. ਨਿਕੋਲਸ ਪਰੀਕੋਨ ਮੁਤਾਬਕ ਮੱਛੀ, ਫੱਲ, ਸਬਜ਼ੀਆਂ, ਆਲਿਵ ਆਇਲ ਵਾਲੀ ਖ਼ੁਰਾਕ ਨਾਲ ਤੁਸੀ ਅਪਣੀ ਚਮੜੀ ਦੀ ਰੰਗਤ ਵਿਚ ਕਈ ਸੁਧਾਰ ਵੇਖ ਸਕਦੇ ਹੋ। ਚਮੜੀ ਸਬੰਧੀ ਕਈ ਕਿਸਮ ਦੇ ਰੋਗਾਂ ਜਿਵੇਂ ਦਾਣੇ ਆਦਿ 'ਚ ਵੀ ਸਹੀ ਖ਼ੁਰਾਕ ਰਾਹੀਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਉ ਜਾਣੀਏ ਤੁਹਾਨੂੰ ਕਿਹੋ ਜਹੀ ਖ਼ੁਰਾਕ ਲੈਣੀ ਚਾਹੀਦੀ ਹੈ : 

ਕਈ ਖੋਜਾਂ ਤੋਂ ਸਿਧ ਹੋਇਆ ਹੈ ਕਿ ਬਲੂ ਬੈਰੀਜ਼ ਵਿਚ ਸੰਤਰੇ ਨਾਲੋਂ ਵੀ ਤਿੰਨ ਗੁਣਾਂ ਵਧੇਰੇ ਐਂਟੀ-ਆਕਸੀਡੈਂਟ (ਬੁਢਾਪਾ-ਰੋਕੂ ਤੱਤ) ਪਾਏ ਜਾਂਦੇ ਹਨ। ਇਸ ਲਈ ਅਪਣੀ ਖ਼ੁਰਾਕ ਵਿਚ ਸਟ੍ਰਾਬੇਰੀ, ਜਾਮਣ ਅਤੇ ਆਂਵਲੇ ਸ਼ਾਮਲ ਕਰੋ ਅਤੇ ਚਮੜੀ ਨੂੰ ਜਵਾਨ ਰੱਖੋ। ਕਈ ਸੁੰਦਰਤਾ ਸਾਧਨਾਂ ਨੂੰ ਤਿਆਰ ਕਰਨ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 

ਸਾਡੀ ਚਮੜੀ ਵਿਚ ਕੋਲਾਜੇਨ ਦੇ ਦੁਬਾਰਾ ਨਿਰਮਾਣ ਲਈ ਜਿਹੜੇ ਐਂਟੀ-ਆਕਸੀਡੈਂਟਸ ਦੀ ਰੋਜ਼ਾਨਾ ਲੋੜ ਹੁੰਦੀ ਹੈ, ਉਸ ਦੀ ਪੂਰਤੀ ਦਾ ਸੱਭ ਤੋਂ ਵੱਡਾ ਸਰੋਤ ਹੈ ਬਲੂਬੈਰੀਜ਼। ਬੈਰੀਜ਼ ਵਿਚ ਪੋਲੀਫੀਨੋਲਸ ਨਾਮੀ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਬੇਵਕਤ ਝੁਰੜੀਆਂ ਦਾ ਸ਼ਿਕਾਰ ਹੋਣ ਤੋਂ ਸੁਰੱਖਿਆ ਦੇਂਦਾ ਹੈ। 
ਚਿਕਨਾਈ ਦੀ ਵਰਤੋਂ ਚਮੜੀ ਲਈ ਬਹੁਤ ਹੀ ਜ਼ਰੂਰੀ ਹੈ। ਮੁਲਾਇਮ ਚਮੜੀ ਲਈ ਸਹੀ ਮਾਤਰਾ ਵਿਚ ਚਿਕਨਾਈ ਦੀ ਵਰਤੋਂ ਕਰਨੀ ਚਾਹੀਦੀ ਹੈ।

ਅੱਜ ਕਲ ਔਰਤਾਂ ਸਿਹਤ ਪ੍ਰਤੀ ਏਨੀਆਂ ਕੁ ਜਾਗਰੂਕ ਹੋ ਗਈਆਂ ਹਨ ਕਿ ਅਪਣੀ ਖ਼ੁਰਾਕ 'ਚੋਂ ਚਿਕਨਾਈ ਨੂੰ ਪੂਰੀ ਤਰ੍ਹਾਂ ਕੱਢ ਹੀ ਦੇਂਦੀਆਂ ਹਨ। ਜੇਕਰ ਤੁਹਾਡੀ ਚਮੜੀ ਵੀ ਰੁੱਖੀ ਅਤੇ ਲਕੀਰਾਂ ਵਾਲੀ ਹੋ ਰਹੀ ਹੈ ਤਾਂ ਧਿਆਨ ਦਿਉ ਕਿ ਕੀ ਤੁਸੀ ਅਪਣੀ ਖ਼ੁਰਾਕ ਵਿਚ ਸਹੀ ਮਾਤਰਾ ਵਿਚ ਚਿਕਨਾਈ ਦੀ ਵਰਤੋਂ ਕਰ ਰਹੇ ਹੋ। ਮੋਨੋਸੈਚੁਰੇਟਿਡ ਅਤੇ ਪੋਲੀ ਆਇਲ ਵਰਗੇ ਤਿਲ, ਆਲਿਵ, ਸਰ੍ਹੋਂ ਆਦਿ ਚਿਕਨਾਈ ਦੇ ਵਧੀਆ ਸਰੋਤਾਂ ਦੀ ਵਰਤੋਂ ਕਰੋ। ਇਸ ਥੋੜੀ ਜਹੀ ਤਬਦੀਲੀ ਨਾਲ ਕੁੱਝ ਹਫ਼ਤਿਆਂ ਵਿਚ ਹੀ ਤੁਸੀ ਅਪਣੀ ਚਮੜੀ ਵਿਚ ਸੁਧਾਰ ਵੇਖੋਗੇ। 

ਚਮੜੀ ਵਿਚ ਲਚਕੀਲਾਪਨ ਲਿਆਉਣ ਲਈ ਐਂਟੀ-ਆਕਸੀਡੈਂਟ ਵਿਟਾਮਿਨ ਏ ਅਤੇ ਸੀ ਦੇ ਵਧੀਆ ਸਰੋਤਾਂ ਦੀ ਵੀ ਵਰਤੋਂ ਕਰੋ। ਵੱਧ ਤੋਂ ਵੱਧ ਟਮਾਟਰ ਖਾਉ। ਇਸ ਵਿਚ ਕੈਂਸਰ ਨਾਲ ਲੜਨ ਵਾਲੇ ਕੈਮੀਕਲ ਪਾਏ ਜਾਂਦੇ ਹਨ। ਵਿਟਾਮਿਨ ਸੀ ਚਮੜੀ ਨੂੰ ਲਚਕੀਲਾ ਬਣਾਉਂਦਾ ਹੈ। ਵਿਟਾਮਿਨ ਏ ਚਮੜੀ ਵਿਚ ਇਨਫ਼ੈਕਸ਼ਨ ਹੋਣ ਤੋਂ ਸੁਰੱਖਿਆ ਦੇਂਦਾ ਹੈ ਜਿਸ ਨਾਲ ਚਮੜੀ, ਦਾਣਿਆਂ ਅਤੇ ਮੁਹਾਸਿਆਂ ਆਦਿ ਦੀ ਸ਼ਿਕਾਰ ਨਹੀਂ ਹੁੰਦੀ। 

ਦਿਨ ਵਿਚ ਘੱਟੋ-ਘੱਟ ਅੱਠ ਗਲਾਸ ਪਾਣੀ ਪੀਉ ਅਤੇ ਅਪਣੀ ਚਮੜੀ ਦੀ ਨਮੀ ਕਾਇਮ ਰੱਖੋ। 
ਮੇਥੀ ਅਤੇ ਪਾਲਕ ਆਦਿ ਹਰੀਆਂ ਸਬਜ਼ੀਆਂ ਐਂਟੀ-ਆਕਸੀਡੈਂਟ ਦਾ ਚੰਗਾ ਸਰੋਤ ਹਨ। ਇਨ੍ਹਾਂ ਵਿਚ ਆਇਰਨ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਜਿਹੜੀਆਂ ਔਰਤਾਂ ਅਪਣੀ ਖ਼ੁਰਾਕ ਵਿਚ ਆਇਰਨ ਵਾਲੇ ਖਾਧ ਪਦਾਰਥਾਂ ਦੀ ਵਰਤੋਂ ਨਹੀਂ ਕਰਦੀਆਂ, ਉਨ੍ਹਾਂ ਵਿਚ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣ ਦੀ ਸਮੱਸਿਆ ਵੇਖੀ ਜਾਂਦੀ ਹੈ। ਹਰੀਆਂ ਸਬਜ਼ੀਆਂ ਵਿਚ ਜ਼ਿੰਕ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਅਪਣੀ ਖ਼ੁਰਾਕ ਵਿਚ ਜ਼ਰੂਰ ਸ਼ਾਮਲ ਕਰੋ।