ਸਰਦੀਆਂ ‘ਚ ਗਠੀਏ ਦੇ ਦਰਦ ਤੋਂ ਕਿਵੇਂ ਪਾਈਏ ਛੁਟਕਾਰਾ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਸਰੀਰ 'ਚ ਜੋੜਾਂ ਦੀ ਅਕੜਨ ਅਤੇ ਦਰਦ ਦੀ...

arthritis pain

ਚੰਡੀਗੜ੍ਹ: ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਸਰੀਰ 'ਚ ਜੋੜਾਂ ਦੀ ਅਕੜਨ ਅਤੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦਾ ਜ਼ਿਆਦਾਤਰ ਸ਼ਿਕਾਰ ਬਜ਼ੁਰਗ ਬਣਦੇ ਹਨ, ਕਿਉਂਕਿ ਵਧਦੀ ਉਮਰ ਵਿਚ ਅਕਸਰ ਲੋਕਾਂ ਨੂੰ ਗਠੀਏ ਦੀ ਸ਼ਿਕਾਇਤ ਹੋਣ ਲੱਗਦੀ ਹੈ। ਗਠੀਏ ਤੋਂ ਪੀੜਤ ਲੋਕਾਂ ਲਈ ਸਰਦੀ ਦਾ ਮੌਸਮ ਬੇਹੱਦ ਤਕਲੀਫਦੇਹ ਹੁੰਦਾ ਹੈ ਕਿਉਂਕਿ ਇਸ ਦੌਰਾਨ ਸਰੀਰ 'ਚ ਨਸਾਂ ਸੁੰਗੜਨ ਲਗਦੀਆਂ ਹਨ ਅਤੇ ਜੋੜਾਂ 'ਚ ਸੋਜ ਵੀ ਆ ਜਾਂਦੀ ਹੈ। ਕਈ ਵਾਰ ਤਾਂ ਹਾਲਾਤ ਇੰਨੇ ਮਾੜੇ ਹੋ ਜਾਂਦੇ ਹਨ ਕਿ ਦਿਨ ਵਿਚ ਕਈ ਵਾਰ ਦਰਦ ਨਿਵਾਰਕ ਦਵਾਈ ਖਾਣਾ ਜ਼ਰੂਰੀ ਹੋ ਜਾਂਦਾ ਹੈ।

ਕੀ ਹੈ ਗਠੀਆ?

ਗਠੀਆ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਸਰੀਰ 'ਚ ਯੂਰਿਕ ਐਸਿਡ ਸੰਤੁਲਨ ਵਿਗੜਨਾ ਹੈ। ਸਰੀਰ 'ਚ ਯੂਰਿਕ ਐਸਿਡ ਵਧਣ 'ਤੇ ਉਹ ਜੋੜਾਂ ਵਿਚ ਛੋਟੇ-ਛੋਟੇ ਕ੍ਰਿਸਟਲਾਂ ਦੇ ਰੂਪ 'ਚ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਰੋਗੀ ਦੇ ਇਕ ਜਾਂ ਕਈ ਜੋੜਾਂ 'ਚ ਦਰਦ, ਅਕੜਨ ਜਾਂ ਸੋਜ ਆ ਜਾਂਦੀ ਹੈ ਅਤੇ ਇਹ ਸਥਿਤੀ ਬਹੁਤ ਤਕਲੀਫਦੇਹ ਹੁੰਦੀ ਹੈ। ਇਸ ਲਈ ਇਸ ਰੋਗ ਨੂੰ ਗਠੀਆ ਕਹਿੰਦੇ ਹਨ।

ਗਠੀਆ ਵਧ ਜਾਣ 'ਤੇ ਪੀੜਤ ਨੂੰ ਤੁਰਨ-ਫਿਰਨ ਜਾਂ ਹਿੱਲਣ-ਜੁਲਣ 'ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸਦਾ ਸਭ ਤੋਂ ਜ਼ਿਆਦਾ ਅਸਰ ਗੋਡਿਆਂ, ਚੂਲਿਆਂ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਅਤੇ ਰੀੜ੍ਹ ਦੀ ਹੱਡੀ 'ਚ ਹੁੰਦਾ ਹੈ। ਬਾਅਦ ਵਿਚ ਹੌਲੀ-ਹੌਲੀ ਇਸਦਾ ਪ੍ਰਭਾਵ ਗੁੱਟਾਂ, ਕੂਹਣੀਆਂ, ਮੋਢਿਆਂ ਅਤੇ ਗਿੱਟਿਆਂ ਦੇ ਜੋੜਾਂ 'ਤੇ ਵੀ ਦਿਖਾਈ ਦੇਣ ਲੱਗਦਾ ਹੈ। ਡਾਕਟਰ ਨੂੰ ਦਿਖਾਉਣ ਦੇ ਨਾਲ-ਨਾਲ ਜੇਕਰ ਤੁਸੀਂ ਗਠੀਏ ਲਈ ਕੁਝ ਘਰੇਲੂ ਨੁਸਖੇ ਅਪਣਾਓ ਤਾਂ ਤੁਹਾਨੂੰ ਦਰਦ ਤੋਂ ਜਲਦੀ ਆਰਾਮ ਮਿਲੇਗਾ। ਸਭ ਤੋਂ ਪਹਿਲਾਂ ਤੁਹਾਨੂੰ ਯੂਰਿਕ ਐਸਿਡ ਨੂੰ ਕੰਟਰੋਲ 'ਚ ਕਰਨ ਦੀ ਲੋੜ ਹੁੰਦੀ ਹੈ।