ਦਫ਼ਤਰ ‘ਚ ਡਿਊਟੀ ਕਰਨ ਵਾਲੇ ਧਿਆਨ ਦੇਣ, ਇਹ 5 ਗੱਲਾਂ ਰੱਖਣਗੀਆਂ ਦਿਲ ਦੀਆਂ ਬੀਮਾਰੀਆਂ ਤੋਂ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਿਲ ਦੀਆਂ ਬਿਮਾਰੀਆਂ ਦੁਨੀਆ ਭਰ 'ਚ ਮੌਤ ਦੀ ਅਹਿਮ ਵਜ੍ਹਾ ਹਨ। ਇਕ ਤੱਥ ਇਹ ਹੈ...

Office work

ਚੰਡੀਗੜ੍ਹ: ਦਿਲ ਦੀਆਂ ਬਿਮਾਰੀਆਂ ਦੁਨੀਆ ਭਰ 'ਚ ਮੌਤ ਦੀ ਅਹਿਮ ਵਜ੍ਹਾ ਹਨ। ਇਕ ਤੱਥ ਇਹ ਹੈ ਕਿ ਦਿਲ ਦੀ ਬਿਮਾਰੀ ਕਾਰਨ ਹੋਣ ਵਾਲੀਆਂ 80 ਫ਼ੀਸਦੀ ਮੌਤਾਂ ਨੂੰ ਅਸੀਂ ਰੋਕ ਸਕਦੇ ਹਾਂ, ਬਸ ਸਾਨੂੰ ਇੰਨਾ ਕਰਨਾ ਪਵੇਗਾ ਕਿ ਖ਼ਤਰਾ ਪੈਦਾ ਕਰਨ ਵਾਲੇ ਕਾਰਕਾਂ ਨੂੰ ਕਾਬੂ ਕੀਤਾ ਜਾਵੇ, ਜਿਵੇਂ ਤੰਬਾਕੂ ਦਾ ਸੇਵਨ ਬੰਦ ਕਰਨਾ, ਸਿਹਤ ਲਈ ਹਾਨੀਕਾਰਕ ਚੀਜ਼ਾਂ ਤੋਂ ਪਰਹੇਜ਼ ਅਤੇ ਇਕ ਜਗ੍ਹਾ ਜ਼ਿਆਦਾ ਦੇਰ ਤਕ ਬੈਠੇ ਰਹਿਣ ਤੋਂ ਮੁਕਤੀ ਆਦਿ।

ਇਕ ਦਿਨ ਵਿਚ ਅਸੀਂ ਜੋ ਸਮਾਂ ਜਾਗ ਕੇ ਗੁਜ਼ਾਰਦੇ ਹਾਂ, ਉਸ ਦਾ 60 ਫ਼ੀਸਦੀ ਹਿੱਸਾ ਸਾਡਾ ਦਫ਼ਤਰ ਆਫਿਸ 'ਚ ਕੰਮ ਕਰਦਿਆਂ ਲੰਘਦਾ ਹੈ। ਇਸ ਲਈ ਸਾਨੂੰ ਆਪਣੇ ਕੰਮ ਦੀ ਜਗ੍ਹਾ 'ਤੇ ਕੁਝ ਚੰਗੀਆਂ ਆਦਤਾਂ ਨੂੰ ਪ੍ਰਫੁੱਲਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਸੰਭਵ ਹੋ ਸਕੇ।ਖੋਜਾਂ ਅਨੁਸਾਰ ਨਿਯਮਤ ਕਸਰਤ ਅਤੇ ਪੋਸ਼ਣ ਯੁਕਤ ਖਾਣ-ਪੀਣ ਨਾਲ ਤਣਾਅ ਮੈਨੇਜਮੈਂਟ ਅਤੇ ਮਨੁੱਖੀ ਸਰੀਰ ਦੀ ਹਰ ਕਿਰਿਆ 'ਤੇ ਸਕਾਰਾਤਮਕ ਅਸਰ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਿਨ ਭਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਦੇ ਦਿਲ ਦੀ ਸਿਹਤ ਵਧੀਆ ਰੱਖੀ ਜਾ ਸਕਦੀ ਹੈ।

ਜ਼ਰੂਰੀ ਹੈ ਸਾਲ 'ਚ ਇਕ ਵਾਰ ਜਾਂਚ

ਹਰ ਸਾਲ ਸਕ੍ਰੀਨਿੰਗ ਹੋਣ ਨਾਲ ਦਿਲ ਦੇ ਰੋਗਾਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦਾ ਦਿਲ ਦੀ ਪ੍ਰਣਾਲੀ 'ਤੇ ਬੁਰਾ ਅਸਰ ਪੈਂਦਾ ਹੈ। ਨਿਯਮਤ ਜਾਂਚ ਰਾਹੀਂ ਤੁਹਾਨੂੰ ਪਤਾ ਲੱਗ ਸਕਦੈ ਕਿ ਕਦੋਂ ਕਿਹੜਾ ਕਦਮ ਉਠਾਉਣਾ ਹੈ? ਇਸ ਤਰ੍ਹਾਂ ਦਿਲ ਦੇ ਰੋਗਾਂ ਦੀ ਸਫ਼ਲਤਾਪੂਰਵਕ ਰੋਕਥਾਮ ਕਰਨ 'ਚ ਮਦਦ ਮਿਲਦੀ ਹੈ। ਚੰਗੀਆਂ ਆਦਤਾਂ ਨੂੰ ਹੱਲਾਸ਼ੇਰੀ ਦੇਣ ਵਰਗੇ ਕੰਟੀਨ 'ਚ ਵਿਕਣ ਵਾਲੇ ਖ਼ੁਰਾਕੀ ਪਦਾਰਥਾਂ 'ਤੇ ਲੈਵਲ ਲੱਗਿਆ ਹੋਣਾ ਤਾਂ ਜੋ ਮੁਲਾਜ਼ਮ ਨੂੰ ਪਤਾ ਚੱਲ ਸਕੇ ਕਿ ਉਹ ਕਿੰਨੀ ਕੈਲੋਰੀ ਖਾ ਰਿਹਾ ਹੈ। ਬਹੁਤ ਮਹੱਤਵਪੂਰਨ ਹੈ ਕਿ ਕੰਟੀਨ 'ਚ ਸਾਬਤ ਅੰਨ ਦਾ ਭੋਜਨ, ਫਲ਼, ਸਬਜ਼ੀਆਂ ਆਦਿ ਉਪਲਬਧ ਰਹਿਣ।

ਖੇਡਾਂ ਖੇਡਣੀਆਂ ਹੈ ਚੰਗਾ ਬਦਲ

ਬ੍ਰੇਕ ਦੌਰਾਨ ਮੁਲਾਜ਼ਮਾਂ ਨੂੰ ਕਸਰਤ ਕਰਨ ਲਈ ਉਤਸ਼ਾਹਤ ਕਰੋ। ਵਰਕਿੰਗ ਪਲੇਸ 'ਤੇ ਜਿਮ, ਟੈਨਿਸ ਕੋਰਟ ਆਦਿ ਹੋਣ ਨਾਲ ਮੁਲਾਜ਼ਮ ਨਿਯਮਤ ਕਸਰਤ ਅਤੇ ਖੇਡਾਂ 'ਚ ਸਰਗਰਮ ਰਹਿੰਦੇ ਹਨ। ਕੰਪਨੀਆਂ ਨੂੰ ਚਾਹੀਦੈ ਕਿ ਉਹ ਹਰ 6 ਮਹੀਨਿਆਂ 'ਚ ਖੇਡ ਮੁਕਾਬਲੇ ਕਰਵਾਏ ਜਿਵੇਂ ਕ੍ਰਿਕਟ, ਟੈਨਿਸ ਜਾਂ ਮੈਰਾਥਨ। ਇਸ ਨਾਲ ਮੁਲਾਜ਼ਮਾਂ ਨੂੰ ਸਰੀਰਕ ਪੱਖੋਂ ਸਰਗਰਮ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਉਨ੍ਹਾਂ ਵਿਚ ਟੀਮ ਭਾਵਨਾ ਵੀ ਜਾਗ੍ਰਿਤ ਹੁੰਦੀ ਹੈ।

ਦੁਪਹਿਰ ਦੇ ਖਾਣੇ 'ਚ ਫਾਈਬਰ ਸ਼ਾਮਲ ਕਰੋ

ਬਾਹਰ ਖਾਣ ਦੀ ਬਜਾਏ ਘਰੋਂ ਆਪਣਾ ਲੰਚ ਬਾਕਸ ਲਿਜਾਓ। ਭੋਜਨ 'ਚ ਫਾਈਬਰ ਦੀ ਭਰਪੂਰ ਮਾਤਰਾ ਹੋਣ ਨਾਲ ਤੁਹਾਡੀ ਖ਼ੁਰਾਕ 'ਚੋਂ ਕੈਲੋਰੀ ਘਟੇਗੀ ਅਤੇ ਇਹ ਤੁਹਾਡੇ ਪੇਟ ਲਈ ਵਧੀਆ ਹੈ। ਬ੍ਰੇਕ ਟਾਈਮ 'ਚ ਸ਼ੂਗਰ ਵਾਲੇ ਸਨੈਕਸ ਤੋਂ ਪਰਹੇਜ਼ ਕਰੋ। ਹਮੇਸ਼ਾ ਸਾਬਤ ਅਨਾਜ ਨਾਲ ਬਣੇ ਸਨੈਕਸ ਆਫਿਸ ਲਿਜਾਓ ਜਿਵੇਂ ਓਟਸ, ਨਟਸ ਅਤੇ ਬੈਰਕਾ। ਹਰ ਰੋਜ਼ ਆਪਣੀ ਖ਼ੁਰਾਕ 'ਚ 10 ਗ੍ਰਾਮ ਫਾਈਬਰ ਸ਼ਾਮਲ ਕਰਨ ਨਾਲ ਤੁਸੀਂ ਦਿਲ ਦੇ ਮਰਜ਼ ਦਾ ਖ਼ਤਰਾ 17 ਫ਼ੀਸਦੀ ਤਕ ਘਟ ਕਰ ਸਕਦੇ ਹਨ।

ਸਰਗਰਮ ਰਹੋ ਅਤੇ ਚਲਦੇ ਫਿਰਦੇ ਰਹੋ

ਲੰਚ ਤੋਂ ਬਾਅਦ ਆਰਾਮ ਨਾਲ ਚਹਿਲਕਦਮੀ ਕਰੋ। ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋ। ਬਸ ਸਟੈਂਡ ਤੋਂ ਘਰ ਜਾਂ ਆਫਿਸ ਦੀ ਦੂਰੀ ਜ਼ਿਆਦਾ ਨਾ ਹੋਵੇ ਤਾਂ ਥੋੜ੍ਹਾ ਪਹਿਲਾਂ ਹੀ ਉਤਰ ਕੇ ਪੈਦਲ ਚੱਲ ਕੇ ਜਾਓ। ਇਸ ਤੋਂ ਇਲਾਵਾ ਵਰਕਸਟੇਸ਼ਨ 'ਤੇ ਚਹਿਲਕਦਮੀ ਕਰਦੇ ਰਹੋ।

ਸਕਾਰਾਤਮਕ ਰਹੋ

ਨਕਾਰਾਤਮਕ ਸੋਚ ਵਾਲੇ ਲੋਕਾਂ ਦੇ ਮੁਕਾਬਲੇ ਸਕਾਰਾਤਮਕ ਸੋਚ ਰੱਖਣ ਵਾਲੇ ਲੋਕਾਂ 'ਚ ਦਿਲ ਦੇ ਰੋਗਾਂ ਦੀ ਸੰਭਾਵਨਾ 9 ਫ਼ੀਸਦੀ ਘਟ ਹੁੰਦੀ ਹੈ। ਇਸ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਤਣਾਅ ਗ੍ਰਸਤ ਹੋਣ ਦੇ ਮਾਮਲੇ ਘਟ ਹੁੰਦੇ ਹਨ। ਇਨ੍ਹਾਂ ਯਤਨਾਂ ਦੇ ਦੂਰਗਾਮੀ ਨਤੀਜੇ ਹੋਣਗੇ ਅਤੇ ਦਫ਼ਤਰ 'ਚ ਕੰਮ ਕਰਨ ਵਾਲਿਆਂ ਦੇ ਦਿਲ ਨੂੰ ਸਿਹਤਮੰਦ ਰੱਖ ਕੇ ਦੇਸ਼ ਦੇ ਦਿਲ ਦੇ ਰੋਗਾਂ ਦੇ ਵਧਦੇ ਬੋਝ ਨੂੰ ਘਟਾਇਆ ਜਾ ਸਕੇਗਾ।