ਮਸ਼ਰੂਮ ਖਾਣ ਨਾਲ ਘੱਟ ਹੁੰਦੈ ਗਦੂਦ ਕੈਂਸਰ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

1990 'ਚ ਮਿਆਗੀ ਕੋਹੋਰਟ ਅਤੇ 1994 'ਚ ਉਸਾਕੀ ਕੋਹੋਰਟ ਅਧਿਐਨ 'ਚ ਕੁਲ 36,499 ਮਰਦਾਂ ਨੇ ਹਿੱਸਾ ਲਿਆ ਜਿਨ੍ਹਾਂ ਦੀ ਉਮਰ 40 ਤੋਂ 79 ਸਾਲ ਵਿਚਕਾਰ ਹੈ।

Mushroom

ਚੰਡੀਗੜ੍ਹ : ਇਕ ਤਾਜ਼ਾ ਅਧਿਐਨ 'ਚ ਇਹ ਦਸਿਆ ਗਿਆ ਹੈ ਕਿ ਨਿਯਮਤ ਰੂਪ 'ਚ ਮਸ਼ਰੂਮ ਜ਼ਿਆਦਾ ਖਾਣ ਵਾਲੇ ਅਧਖੜ ਉਮਰ ਅਤੇ ਬਜ਼ੁਰਗ ਮਰਦਾਂ ਨੂੰ ਗਦੂਦ (ਪ੍ਰੋਸਟੇਟ) ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।1990 'ਚ ਮਿਆਗੀ ਕੋਹੋਰਟ ਅਤੇ 1994 'ਚ ਉਸਾਕੀ ਕੋਹੋਰਟ ਅਧਿਐਨ 'ਚ ਕੁਲ 36,499 ਮਰਦਾਂ ਨੇ ਹਿੱਸਾ ਲਿਆ ਜਿਨ੍ਹਾਂ ਦੀ ਉਮਰ 40 ਤੋਂ 79 ਸਾਲ ਵਿਚਕਾਰ ਹੈ। 13.2 ਸਾਲਾਂ ਤਕ ਚੱਲੇ ਇਸ ਅਧਿਐਨ ਦੇ ਨਤੀਜੇ ਕੈਂਸਰ ਰੋਗ ਬਾਰੇ ਇਕ ਕੌਮਾਂਤਰੀ ਰਸਾਲੇ 'ਚ ਛਾਪੇ ਗਏ ਹਨ।ਇਨ੍ਹਾਂ 'ਚੋਂ 3.3 ਮਰਦਾਂ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ।

ਅਧਿਐਨ ਅਨੁਸਾਰ ਹਫ਼ਤੇ 'ਚ ਦੋ ਵਾਰੀ ਮਸ਼ਰੂਮ ਖਾਣ ਵਾਲਿਆਂ ਨੂੰ ਗਦੂਦ ਕੈਂਸਰ ਹੋਣ ਦਾ ਖ਼ਤਰਾ 8 ਫ਼ੀ ਸਦੀ ਘੱਟ ਦਸਿਆ ਗਿਆ ਹੈ ਅਤੇ ਹਫ਼ਤੇ 'ਚ ਤਿੰਨ ਵਾਰੀ ਤੋਂ ਜ਼ਿਆਦਾ ਮਸ਼ਰੂਮ ਖਾਣ ਵਾਲਿਆਂ ਨੂੰ ਇਹ ਕੈਂਸਰ ਹੋਣ ਦਾ ਖ਼ਤਰਾ 17 ਫ਼ੀ ਸਦੀ ਘੱਟ ਦਸਿਆ ਗਿਆ ਹੈ। ਜਾਪਾਨ ਦੀ ਥੋਹੋਕੂ ਯੂਨੀਵਰਸਟੀ ਦੇ ਮੁੱਖ ਲੇਖਕ ਸ਼ੂ ਜਾਂਗ ਨੇ ਕਿਹਾ, ''ਕਿਉਂਕਿ ਮਸ਼ਰੂਮ ਦੀ ਕਿਸਮ ਬਾਰੇ ਅਧਿਐਨ 'ਚ ਕੋਈ ਜਾਣਕਾਰੀ ਨਹੀਂ ਇਕੱਠੀ ਕੀਤੀ ਗਈ ਸੀ ਇਸ ਲਈ ਇਹ ਪਤਾ ਕਰਨਾ ਮੁਸ਼ਕਲ ਹੈ ਕਿ ਕਿਹੜੀ ਮਸ਼ਰੂਮ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਮਸ਼ਰੂਮ ਗਦੂਦ ਕੈਂਸਰ ਤੋਂ ਕਿਸ ਤਰ੍ਹਾਂ ਬਚਾਅ ਕਰਦੀ ਹੈ, ਇਹ ਵੀ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।''