ਮੌਸਮ ਬਦਲਣ ਨਾਲ ਗਲੇ ਤੋਂ ਪ੍ਰੇਸ਼ਾਨ ਲੋਕਾਂ ਲਈ ਕਾਰਗਾਰ ਉਪਾਅ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੌਸਮ ਵਿਚ ਬਦਲਾਅ ਆਉਣ ਦੇ ਕਾਰਨ ਗਲੇ ‘ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ‘ਚ ਦਰਦ ਹੋਣ ਕਾਰਨ ਬੁਖਾਰ, ਕੁੱਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ...

Throat Infection

ਮੌਸਮ ਵਿਚ ਬਦਲਾਅ ਆਉਣ ਦੇ ਕਾਰਨ ਗਲੇ ‘ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ‘ਚ ਦਰਦ ਹੋਣ ਕਾਰਨ ਬੁਖਾਰ, ਕੁੱਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ਅਤੇ ਹੋਰ ਵੀ ਕਈ ਪ੍ਰੇਸ਼ਾਨੀਆਂ ਆਉਂਦੀਆਂ ਹਨ। ਗਲੇ ਦੀ ਇੰਫੈਕਸ਼ਨ ਨੂੰ ਦੂਰ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 2 ਹਫਤੇ ਤੋਂ ਜ਼ਿਆਦਾ ਗਲੇ ਦੀ ਖਰਾਸ਼ ਅਤੇ ਖਾਂਸੀ ਠੀਕ ਨਾ ਹੋਵੇ ਤਾਂ ਡਾਕਟਰ ਦੀ ਸਲਾਹ ਜਰੂਰ ਲਵੋ।

ਮੌਸਮ 'ਚ ਆਉਣ ਵਾਲੀ ਤਬਦੀਲੀ ਅਤੇ ਗਲਤ ਖਾਣ-ਪੀਣ ਜਿਵੇਂ ਖੱਟੀਆਂ-ਮਿੱਠੀਆਂ ਤੇ ਮਸਾਲੇਦਾਰ ਚੀਜ਼ਾਂ ਦੀ ਵਰਤੋਂ ਕਰਨ ਨਾਲ ਗਲੇ 'ਚ ਖਰਾਸ਼ ਜਾਂ ਆਵਾਜ਼ ਬੈਠ ਜਾਣ ਦੀ ਪ੍ਰੇਸ਼ਾਨੀ ਆਮ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਗਲੇ 'ਚ ਦਰਦ, ਖਰਾਸ਼ ਅਤੇ ਰੇਸ਼ਾ ਆਦਿ ਜੰਮ ਜਾਂਦਾ ਹੈ। ਕੁਝ ਲੋਕਾਂ ਨੂੰ ਧੂੜ-ਮਿੱਟੀ ਤੋਂ ਵੀ ਐਲਰਜੀ ਹੁੰਦੀ ਹੈ ਜੋ ਗਲੇ 'ਚ ਖਰਾਸ਼, ਜ਼ੁਕਾਮ ਅਤੇ ਖਾਂਸੀ ਦਾ ਕਾਰਨ ਬਣਦੀ ਹੈ।

ਗਲੇ 'ਚ ਖਰਾਸ਼ ਭਾਵੇਂ ਮਾਮੂਲੀ ਜਿਹੀ ਗੱਲ ਹੋਵੇ ਪਰ ਕੇਅਰ ਨਾ ਕਰਨ 'ਤੇ ਇਹ ਕਾਫੀ ਤਕਲੀਫਦੇਹ ਵੀ ਹੋ ਸਕਦੀ ਹੈ। ਇਸ ਨਾਲ ਗਲੇ 'ਚ ਸੋਜ ਅਤੇ ਦਰਦ ਵਧ ਸਕਦਾ ਹੈ, ਜਿਸ ਨਾਲ ਖਾਣਾ-ਪੀਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਗਲਾ ਖਰਾਬ ਹੋਣ 'ਤੇ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ-ਨਾਲ ਜੇਕਰ ਕੁਝ ਘਰੇਲੂ ਟਿਪਸ ਵੀ ਅਪਣਾਓ ਤਾਂ ਮਦਦਗਾਰ ਹੋ ਸਕਦੇ ਹਨ। ਗਲੇ 'ਚ ਦਰਦ ਜਾਂ ਖਰਾਸ਼ ਦੌਰਾਨ ਜੇਕਰ ਤੁਸੀਂ ਕੋਸੇ ਪਾਣੀ 'ਚ ਨਮਕ ਪਾ ਕੇ ਗਰਾਰੇ ਕਰੋਗੇ ਤਾਂ ਜ਼ਰੂਰ ਫਾਇਦਾ ਹੋਵੇਗਾ।

ਇਸ ਨਾਲ ਤੁਹਾਡੇ ਗਲੇ ਦੇ ਅੰਦਰ ਸੋਜ ਤਾਂ ਘੱਟ ਹੋਵੇਗੀ, ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲੇਗਾ। ਸੌਂਦੇ ਸਮੇਂ ਇਕ ਗ੍ਰਾਮ ਮੁਲੱਠੀ ਦੀ ਛੋਟੀ ਜਿਹੀ ਗੰਢ ਮੂੰਹ 'ਚ ਰੱਖ ਕੇ ਕੁਝ ਦੇਰ ਚਬਾਉਂਦੇ ਰਹੋ ਜਾਂ ਫਿਰ ਮੂੰਹ 'ਚ ਰੱਖ ਕੇ ਸੌਂ ਜਾਓ। ਜੇਕਰ ਤੁਸੀਂ ਗੰਢ ਨਹੀਂ ਚਬਾ ਸਕਦੇ ਤਾਂ ਮੁਲੱਠੀ ਦੇ ਚੂਰਨ ਨੂੰ ਪਾਨ ਦੇ ਪੱਤੇ 'ਚ ਰੱਖ ਕੇ ਲਓ। ਇਸ ਨਾਲ ਸਵੇਰੇ ਗਲੇ ਦਾ ਦਰਦ ਅਤੇ ਸੋਜ ਦੋਵੇਂ ਦੂਰ ਹੋਣਗੀਆਂ।

1 ਕੱਪ ਪਾਣੀ 'ਚ 4-5 ਕਾਲੀਆਂ ਮਿਰਚਾਂ ਤੇ ਤੁਲਸੀ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ ਨੂੰ ਉਬਾਲ ਕੇ ਉਸ ਦਾ ਕਾੜ੍ਹਾ ਬਣਾ ਲਓ ਅਤੇ ਇਸ ਕਾੜ੍ਹੇ ਨੂੰ ਪੀਓ। ਅੱਧਾ ਗ੍ਰਾਮ ਕੱਚਾ ਸੁਹਾਗਾ ਮੂੰਹ 'ਚ ਰੱਖੋ ਅਤੇ ਇਸ ਦਾ ਰਸ ਚੂਸਦੇ ਰਹੋ। 2-3 ਘੰਟੇ 'ਚ ਗਲਾ ਬਿਲਕੁਲ ਸਾਫ ਹੋ ਜਾਏਗਾ। ਜਿਨ੍ਹਾਂ ਲੋਕਾਂ ਦਾ ਗਲਾ ਅਕਸਰ ਐਲਰਜੀ ਕਾਰਨ ਖਰਾਬ ਰਹਿੰਦਾ ਹੈ ਉਨ੍ਹਾਂ ਨੂੰ ਸਵੇਰੇ-ਸ਼ਾਮ 4 ਤੋਂ 5 ਮੁਨੱਕੇ ਦੇ ਦਾਣਿਆਂ ਨੂੰ ਚਬਾ ਕੇ ਖਾਣਾ ਚਾਹੀਦਾ ਹੈ ਪਰ ਧਿਆਨ ਰਹੇ ਇਸ ਦੇ ਉਪਰੋਂ ਪਾਣੀ ਨਾ ਪੀਓ।

ਇਸ ਤੋਂ ਇਲਾਵਾ ਲੋੜੀਂਦਾ ਆਰਾਮ ਕਰਨ ਨਾਲ ਤੁਹਾਨੂੰ ਗਲੇ ਦੀ ਸੋਜ, ਖਰਾਸ਼ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਲੇ ਵਿਚ ਖਰਾਸ਼ ਹੋਣ 'ਤੇ ਕੋਸੇ ਪਾਣੀ ਵਿਚ ਲੂਣ ਘੋਲ ਕੇ ਗਰਾਰੇ ਕਰਨ ਦੇ ਬੇਹੱਦ ਕਾਮਯਾਬ ਨੁਸਖੇ 'ਤੇ ਦੁਨੀਆ ਭਰ ਦੀਆਂ ਦਾਦੀਆਂ-ਨਾਨੀਆਂ ਨੂੰ ਪਤਾ ਹੈ। ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਕਿ ਲੂਣ ਵਾਲਾ ਕੋਸਾ ਪਾਣੀ ਗਲੇ ਦੀ ਖਰਾਸ਼ ਨੂੰ ਕਿਸ ਤਰ੍ਹਾਂ ਦੂਰ ਕਰਦਾ ਹੈ।

ਗਲੇ ਦੀ ਖਰਾਸ਼ ਦੀ ਵਜ੍ਹਾ ਗਲੇ ਦੇ ਇਕ ਖਾਸ ਕਿਸਮ ਦੇ ਬੈਕਟੀਰੀਅਲ ਸੰਕ੍ਰਮਣ ਦਾ ਸ਼ਿਕਾਰ ਹੋਣਾ ਹੈ। ਲੂਣ ਵਿਚ ਖਰਾਸ਼ ਪੈਦਾ ਕਰਨ ਵਾਲੇ ਇਸ ਸੰਕ੍ਰਮਣ ਨੂੰ ਨਸ਼ਟ ਕਰਨ ਦੀ ਖੂਬੀ ਹੁੰਦੀ ਹੈ। ਜਦੋਂ ਅਸੀਂ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰਦੇ ਹਾਂ ਤਾਂ ਬੈਕਟੀਰੀਆ ਦਾ ਖਾਤਮਾ ਹੋ ਜਾਂਦਾ ਹੈ ਅਤੇ ਸਾਨੂੰ ਰਾਹਤ ਮਿਲਦੀ ਹੈ, ਨਾਲ ਹੀ ਲੂਣ ਨਾਲ ਸੰਕ੍ਰਮਣ ਦੇ ਚਲਦੇ ਜਲਣ ਦੇ ਸ਼ਿਕਾਰ ਹੋਏ ਟਿਸ਼ੂਆਂ ਦੀ ਵੀ ਮੁਰੰਮਤ ਹੋ ਜਾਂਦੀ ਹੈ। ਇਸ ਲਈ ਲੂਣ ਦੇ ਗਰਾਰੇ ਗਲੇ ਦੀ ਖਰਾਸ਼ ਲਈ ਅਨਮੋਲ ਔਸ਼ਧੀ ਹਨ।