ਕਿੰਜ ਬਚੀਏ ਸਰਦੀ ਤੋਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਸੰਬਰ-ਜਨਵਰੀ ਦੇ ਮਹੀਨਿਆਂ ਵਿਚ ਕੜਾਕੇ ਦੀ ਠੰਢ ਪੈਂਦੀ ਹੈ ਅਤੇ ਫ਼ਰਵਰੀ ਦੇ ਮਹੀਨੇ ਤੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕੜਾਕੇ ਦੀ ਠੰਢ ਵਿਚ ਕੰਮ ਕਰਨਾ ...

Peanut Chikki

ਦਸੰਬਰ-ਜਨਵਰੀ ਦੇ ਮਹੀਨਿਆਂ ਵਿਚ ਕੜਾਕੇ ਦੀ ਠੰਢ ਪੈਂਦੀ ਹੈ ਅਤੇ ਫ਼ਰਵਰੀ ਦੇ ਮਹੀਨੇ ਤੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕੜਾਕੇ ਦੀ ਠੰਢ ਵਿਚ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਠੰਢ ਵਿਚ ਕੋਈ ਵੀ ਜੇਬਾਂ 'ਚੋਂ ਹੱਥ ਨਹੀਂ ਕਢਣਾ ਚਾਹੁੰਦਾ। ਠੰਢ ਤੋਂ ਬਚਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਨ ਜਿਵੇਂ ਕਪੜਿਆਂ ਤੋਂ ਲੈ ਕੇ ਖਾਣ ਦੇ ਸਮਾਨ ਤਕ ਦਾ ਖ਼ਾਸ ਖ਼ਿਆਲ ਰਖਿਆ ਜਾਂਦਾ ਹੈ।

ਜਿਵੇਂ ਠੰਢ ਤੋਂ ਬਚਣ ਲਈ ਵੱਧ ਤੋਂ ਵੱਧ ਕਪੜੇ ਪਾਏ ਜਾਂਦੇ ਹਨ ਜਾਂ ਵਧੀਆ ਗਰਮ ਕਪੜੇ ਖ਼ਰੀਦੇ ਜਾਂਦੇ ਹਨ, ਉਸੇ ਤਰ੍ਹਾਂ ਖਾਣ ਦੀਆਂ ਚੀਜ਼ਾਂ ਦਾ ਵੀ ਖ਼ਾਸ ਧਿਆਨ ਰਖਿਆ ਜਾਂਦਾ ਹੈ। ਇਸ ਮੌਸਮ ਵਿਚ ਜ਼ਿਆਦਾ ਕੈਲੋਰੀ ਵਾਲਾ ਲਿਆ ਹੋਇਆ ਭੋਜਨ ਵੀ ਖ਼ਰਾਬ ਕਰਦਾ ਹੈ। ਆਉ ਸਰਦੀਆਂ ਵਿਚ ਸਿਹਤਮੰਦ ਰਹਿਣ ਲਈ ਕੁੱਝ ਖ਼ਾਸ ਨੁਸਖਿਆਂ 'ਤੇ ਧਿਆਨ ਦਈਏ :

ਸਰਦੀਆਂ ਦੀ ਰੁੱਤ ਵਿਚ ਸੰਤੁਲਿਤ ਅਤੇ ਸਾਧਾਰਣ ਖ਼ੁਰਾਕ ਹੀ ਲੈਣੀ ਚਾਹੀਦੀ ਹੈ ਤਾਕਿ ਕੈਲੋਰੀ ਦੀ ਮਾਤਰਾ ਜ਼ਿਆਦਾ ਨਾ ਹੋ ਜਾਏ। 
ਸਲਾਦ ਵਿਚ ਮੂਲੀ ਅਤੇ ਗਾਜਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ ਵਿਟਾਮਿਨ-ਸੀ ਹੁੰਦਾ ਹੈ।
ਵਿਟਾਮਿਨ-ਏ ਦੀ ਪੂਰਤੀ ਲਈ ਪਾਲਕ, ਮੇਥੀ ਅਤੇ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ।

ਠੰਢ ਤੋਂ ਬਚਣ ਲਈ ਗਰਮ ਸੂਪ ਵੀ ਪੀਣਾ ਚਾਹੀਦਾ ਹੈ। ਅੱਜਕਲ ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਸੂਪ ਮਿਲਦੇ ਹਨ। ਸ਼ਾਕਾਹਾਰੀਆਂ ਲਈ ਦਾਲ ਸੂਪ, ਸਬਜ਼ੀਆਂ ਦਾ ਸੂਪ, ਟਮਾਟਰ ਦਾ ਸੂਪ ਅਤੇ ਸ਼ਾਕਾਹਾਰੀਆਂ ਲਈ ਚਿਕਨ ਸੂਪ ਆਦਿ। ਖਣਿਜ ਅਤੇ ਪ੍ਰੋਟੀਨ ਬਹੁਤ ਹੀ ਲਾਭਦਾਇਕ ਹੁੰਦੇ ਹਨ ਅਤੇ ਇਹ ਲਹੂ ਦੀ ਸੰਚਾਰ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦੇ ਹਨ। 

ਕਈ ਲੋਕ ਠੰਢ ਤੋਂ ਬਚਣ ਲਈ ਸਰਦੀਆਂ ਵਿਚ ਸ਼ਰਾਬ ਦੀ ਵਰਤੋਂ ਜ਼ਿਆਦਾ ਕਰਦੇ ਹਨ। ਉੁਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸ਼ਰਾਬ ਗਰਮ ਹੁੰਦੀ ਹੈ ਤੇ ਇਹ ਉੁਨ੍ਹਾਂ ਨੂੰ ਸਰਦੀ ਤੋਂ ਬਚਾਉਂਦੀ ਹੈ। ਪਰ ਇਹ ਗ਼ਲਤ ਹੈ। ਸ਼ਰਾਬ ਤਾਂ ਸ੍ਰੀਰ ਦੇ ਤਾਪਮਾਨ ਨੂੰ ਘਟਾ ਕੇ ਉਲਟਾ ਨੁਕਸਾਨ ਪਹੁੰਚਾਉਂਦੀ ਹੈ। ਸਵੇਰ ਦੇ ਨਾਸ਼ਤੇ ਵਿਚ ਮੂਲੀ, ਗੋਭੀ ਪਾਲਕ ਤੇ ਮੇਥੀ ਦੇ ਪਰੌਂਠੇ ਬਣਾਏ ਜਾ ਸਕਦੇ ਹਨ। 

ਸੰਤਰੇ, ਆਂਵਲਾ ਤੇ ਕਿੰਨੂ ਵੀ ਜ਼ਰੂਰ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ। ਜਿਹੜੇ ਲੋਕ ਦਫ਼ਤਰਾਂ ਵਿਚ ਕੰਮ ਕਰਦੇ ਹਨ, ਉੁਨ੍ਹਾਂ ਨੂੰ ਠੰਢ ਤੋਂ ਬਚਣ ਲਈ ਦੁਪਹਿਰ ਦਾ ਖਾਣਾ ਬਾਹਰ ਧੁੱਪ ਵਿਚ ਬੈਠ ਕੇ ਖਾਣਾ ਚਾਹੀਦਾ ਹੈ। ਧੁੱਪ ਮਨੁੱਖ ਨੂੰ ਲੋੜੀਂਦਾ ਵਿਟਾਮਿਨ-ਡੀ ਪ੍ਰਦਾਨ ਕਰਦੀ ਹੈ ਜੋ ਕਿ ਦਿਲ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ। 

ਰਾਤ ਦਾ ਖਾਣਾ, ਸੌਣ ਤੋਂ ਘੰਟਾ-ਦੋ ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ। ਖਾਣਾ ਖਾਣ ਤੋਂ ਬਾਅਦ ਥੋੜੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਸਰਦੀਆਂ ਵਿਚ ਮੂੰਗਫ਼ਲੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਪਰ ਇਨ੍ਹਾਂ ਨੂੰ ਵੀ ਖਾਣ ਸਮੇਂ ਧਿਆਨ ਰਖਣਾ ਚਾਹੀਦਾ ਹੈ ਕਿ ਇਹ ਇਕ ਹੱਦ ਤਕ ਖਾਣ ਵਿਚ ਹੀ ਸਮਝਦਾਰੀ ਹੈ।

ਠੰਢ ਦੇ ਮੌਸਮ ਵਿਚ ਗੁੜ ਅਤੇ ਖਜੂਰਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਇਹ ਆਇਰਨ ਦੇ ਚੰਗੇ ਸਰੋਤ ਹਨ। ਗੁੜ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਮੂੰਗਫ਼ਲੀ ਖਾਣ ਤੋਂ ਬਾਅਦ ਗੁੜ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕੈਲੋਰੀ ਨੂੰ ਸੰਤੁਲਨ ਵਿਚ ਰੱਖਣ ਲਈ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਪ੍ਰੋਕਤ ਦੱਸੇ ਕੁੱਝ ਨੁਸਖਿਆਂ ਦੀ ਵਰਤੋਂ ਕਰ ਕੇ ਤੁਸੀ ਠੰਢ ਤੋਂ ਵੀ ਬਚ ਸਕਦੇ ਹੋ ਅਤੇ ਸਿਹਤਮੰਦ ਵੀ ਰਹਿ ਸਕਦੇ ਹੋ।