ਖਾਂਸੀ ਦੀ ਅਵਾਜ਼ ਨਾਲ ਹੀ ਪਕੜ ‘ਚ ਆਵੇਗਾ ਕੋਰੋਨਾ, ਦੇਸ਼ ਵਿਚ ਚੱਲ ਰਹੀ ਹੈ ਖੋਜ

ਏਜੰਸੀ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਦੀ ਪਛਾਣ ਲਈ ਵਿਗਿਆਨਕ ਕਈ ਤਰੀਕੇ ਅਪਣਾ ਰਹੇ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਪਛਾਣ ਲਈ ਵਿਗਿਆਨਕ ਕਈ ਤਰੀਕੇ ਅਪਣਾ ਰਹੇ ਹਨ। ਵੱਖ-ਵੱਖ ਤਰੀਕਿਆਂ ਨਾਲ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਇਕ ਵੱਡਾ ਖਤਰਾ  ਇਹ ਵੀ ਹੈ ਕਿ ਇਸ ਜਾਂਚ ਦੌਰਾਨ ਡਾਕਟਰ ਵੀ ਕੋਰੋਨਾ ਨਾਲ ਪੀੜਤ ਹੋ ਰਹੇ ਹਨ। ਦੇਸ਼ ਦੇ ਵਿਗਿਆਨਕ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਬੰਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾ ਦੇ ਵਿਗਿਆਨਕ ਸਾਹ ਅਤੇ ਖਾਂਸੀ ਨਾਲ ਪੈਦਾ ਹੋਣ ਵਾਲੀ ਅਵਾਜ਼ ਦੀਆਂ ਤਰੰਗਾਂ ਨਾਲ ਕੋਰੋਨਾ ਦੀ ਜਾਂਚ ਲਈ ਇਕ ਯੰਤਰ ਬਣਾ ਰਹੇ ਹਨ।  ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨਾਲ ਕੋਰੋਨਾ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਮੈਡੀਕਲ ਸਟਾਫ ਵਿਚ ਸੰਕਰਮਣ ਦਾ ਖਤਰਾ ਘਟ ਜਾਵੇਗਾ।

ਇਸ ਨਾਲ ਕੀਤੀ ਜਾਣ ਵਾਲੀ ਜਾਂਚ ਦੇ ਨਤੀਜੇ ਵੀ ਜਲਦ ਆਉਣਗੇ। ਆਈਆਈਐਸਸੀ ਦੇ ਵਿਗਿਆਨਕ ਧੁਨੀ ਵਿਗਿਆਨ ਦੀ ਸਹਾਇਤਾ ਨਾਲ ਕੋਰੋਨਾ-ਵਾਇਰਸ ਕੋਵਿਡ -19 ਬਿਮਾਰੀ ਦੀ ਲਾਗ ਦਾ ਬਾਇਓਮਾਰਕਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਗਿਆਨਕ ਜਾਂਚ ਲਈ ਇਸ ਬਾਇਓਮਾਰਕਰ ਦੀ ਮਾਤਰਾ ਨਿਰਧਾਰਤ ਕੀਤੀ ਜਾਣੀ ਹੈ।

ਜਿਵੇਂ ਹੀ ਬਾਇਓਮਾਰਕਰ ਸਥਿਰ ਹੋ ਜਾਵੇਗਾ. ਇਹ ਪਤਾ ਚੱਲ ਜਾਵੇਗਾ ਕਿ ਬਿਮਾਰ ਵਿਅਕਤੀ ਦੀ ਖਾਂਸੀ ਅਤੇ ਖਾਂਸੀ ਦੀ ਆਵਾਜ਼ ਆਮ ਅਤੇ ਤੰਦਰੁਸਤ ਵਿਅਕਤੀ ਨਾਲੋਂ ਕਿੰਨੀ ਵੱਖਰੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਸਾਹ ਦੀਆਂ ਤਰੰਗਾਂ ਨਾਲ ਬਿਮਾਰੀ ਦੇ ਬਾਇਓਮਾਰਕਰ ਦਾ ਪਤਾ ਲਗਾਉਣਾ ਹੈ। ਇਸ ਟੀਮ ਵਿਚ 8 ਵਿਗਿਆਨੀ ਆਵਾਜ਼ ਅਧਾਰਤ ਟੈਕਨੋਲੋਜੀ ਤਿਆਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਭਾਂਵੇ ਕਿ ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਨੂੰ ਹਰਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ।