ਨਸ਼ਾ ਛੁਡਾਊ ਦਵਾਈ ਬਿਊਪ੍ਰੋਨੋਰਫ਼ਿਨ ਦੇ ਪੰਜਾਬ 'ਚ ਨਿਕਲ ਰਹੇ ਹਨ ਚੰਗੇ ਸਿੱਟੇ
ਉਨ੍ਹਾਂ ਦਸਿਆ ਕਿ ਇਸ ਦਵਾਈ ਦਾ ਮੁੱਖ ਕੰਮ ਨਸ਼ੇ ਦੇ ਮਰੀਜ਼ ਨੂੰ ਨਸ਼ਾ ਛੱਡਣ ਅਤੇ ਨਸ਼ੇ ਦੀ ਤੋੜ ਨਾ ਲੱਗਣ ਦੇਣਾ ਹੈ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਹੈਰੋਇਨ, ਅਫ਼ੀਮ, ਭੁੱਕੀ ਜਿਹੇ ਖ਼ਤਰਨਾਕ ਨਸ਼ਿਆਂ ਦੀ ਗ੍ਰਿਫ਼ਤ 'ਚ ਆਏ ਪੰਜਾਬ ਦੇ ਵੱਡੀ ਗਿਣਤੀ ਮਰੀਜ਼ ਇਨ੍ਹਾਂ ਨਸ਼ਿਆਂ ਦੀ ਤੋੜ ਰੋਕਣ ਵਾਲੀ ਕਾਰਗਰ ਦਵਾਈ ਬਿਊਪ੍ਰੋਨੋਰਫ਼ਿਨ ਸਦਕਾ ਮੁੜ ਸਿਹਤਮੰਦ ਜ਼ਿੰਦਗੀ ਵਲ ਪਰਤ ਆਏ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁਧ ਗਠਿਤ ਕੀਤੀ ਸਪੈਸ਼ਲ ਟਾਸਕ ਫ਼ੋਰਸ (ਐਸਟੀਐਫ਼) ਦੇ ਮੁਖੀ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਇਹ ਦਾਅਵਾ ਕੀਤਾ ਹੈ। ਸਿੱਧੂ ਅੱਜ ਉਚੇਚੇ ਤੌਰ 'ਤੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਦਫ਼ਤਰ ਪੁੱਜੇ। ਜਿਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਬਿਊਪ੍ਰੋਨੋਰਫ਼ਿਨ ਦਾ ਤਜਰਬਾ ਕਾਫ਼ੀ ਕਾਮਯਾਬ ਰਿਹਾ ਹੈ।
ਉਨ੍ਹਾਂ ਦਸਿਆ ਕਿ ਇਸ ਦਵਾਈ ਦਾ ਮੁੱਖ ਕੰਮ ਨਸ਼ੇ ਦੇ ਮਰੀਜ਼ ਨੂੰ ਨਸ਼ਾ ਛੱਡਣ ਅਤੇ ਨਸ਼ੇ ਦੀ ਤੋੜ ਨਾ ਲੱਗਣ ਦੇਣਾ ਹੈ। ਇਹ ਦਵਾਈ ਜਿੱਥੇ ਮਰੀਜ਼ ਨੂੰ ਸਰੀਰਕ ਅਤੇ ਮਾਨਸਕ ਤੌਰ 'ਤੇ ਨਸ਼ੇ ਦੀ ਤੋੜ ਨਹੀਂ ਲੱਗਣ ਦਿੰਦੀ, ਉਥੇ ਹੀ ਇਹ ਨਸ਼ਾ ਛੱਡ ਰਹੇ ਵਿਅਕਤੀ ਨੂੰ ਮੁੜ 'ਕਲੀਨ' ਹੋਣ 'ਚ ਭਰਪੂਰ ਮਦਦ ਕਰਦੀ ਹੈ। 'ਉਪੀਅਡ ਸਬਸਟਿਚਿਊਸ਼ਨ ਥੈਰੇਪੀ' ਦੇ ਤਹਿਤ ਆਊਟ ਪੇਸ਼ੈਂਟ ਉਪੀਅਡ ਟਰੀਟਮੈਂਟ (ਓਓਏਟੀ) ਕਲੀਨਿਕਾਂ 'ਚ ਇਹ ਦਵਾਈ ਮੁਫ਼ਤ ਦਿਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਵੀ ਡਾਕਟਰੀ ਮਨਜ਼ੂਰੀ ਸਹਿਤ ਇਹ ਦਵਾਈ ਬੜੀ ਨਾਮਾਤਰ ਕੀਮਤ 'ਤੇ ਉਪਲਬਧ ਹੈ।
ਪੰਜਾਬ ਭਰ 'ਚ ਸਥਾਪਤ ਇਨ੍ਹਾਂ 178 ਕਲੀਨਿਕਾਂ (8 ਕਲੀਨਿਕ ਕੇਂਦਰੀ ਜੇਲਾਂ ਵਿਚ) 'ਚ ਇਸ ਵੇਲੇ ਕਰੀਬ 94 ਹਜ਼ਾਰ ਨਸ਼ਾ ਪੀੜਤ ਮਰੀਜ਼ ਰਜਿਸਟਰਡ ਹਨ ਅਤੇ ਇਸ ਤੋਂ ਇਲਾਵਾ 3 ਲੱਖ ਹੋਰ ਅਜਿਹੇ ਮਰੀਜ਼ ਹਨ, ਜਿਨ੍ਹਾਂ 'ਚੋਂ ਸੱਭ ਤੋਂ ਵੱਧ ਮਰੀਜ਼ ਬਿਊਪ੍ਰੋਨੋਰਫ਼ਿਨ ਸਹਾਰੇ ਜਾਂ ਤਾਂ ਨਸ਼ਾ ਪੂਰੀ ਤਰ੍ਹਾਂ ਛੱਡ ਚੁੱਕੇ ਹਨ ਅਤੇ ਜਾਂ ਸਫ਼ਲਤਾਪੂਰਵਕ ਹੌਲੀ-ਹੌਲੀ ਰਿਕਵਰੀ ਦੀ ਰਾਹ 'ਤੇ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦਵਾਈ ਬਾਰੇ ਕੁੱਝ ਨਾਪੱਖੀ ਪ੍ਰਚਾਰ ਵੀ ਹੋਇਆ ਹੈ ਜੋ ਕਿ ਰੱਤੀ ਭਰ ਵੀ ਸੱਚ ਨਹੀਂ ਹੈ।
ਇਸ ਦਵਾਈ ਨਾਲ ਇਕ ਤਾਂ ਮਰੀਜ਼ ਸਿਹਤਮੰਦ ਰਹਿੰਦਾ ਹੈ ਅਤੇ ਦੂਜਾ ਇਸ ਦੀ ਡੋਜ਼ ਘਟਣ-ਵਧਣ ਨਾਲ ਵੀ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦਸਿਆ ਕਿ ਵਿਦੇਸ਼ਾਂ 'ਚ ਵੀ ਇਸ ਦਵਾਈ ਦਾ ਸਫ਼ਲ ਤਜ਼ਰਬਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਲੜਾਈ ਦਾ ਮੁੱਖ ਮਕਸਦ ਮਰੀਜ਼ ਦਾ ਨੁਕਸਾਨ ਰਹਿਤ ਸਫ਼ਲ ਇਲਾਜ ਕਰਨਾ ਹੈ, ਜਿਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਅਤੇ ਇਸ ਮੁਹਿੰਮ 'ਚ ਸਵੈ-ਇਛੁੱਕ ਤੌਰ 'ਤੇ ਹਿੱਸਾ ਪਾਉਣ ਦੀ ਲੋੜ ਹੈ।