ਭਾਰਤ-ਪਾਕਿ ਸਰਹੱਦ 'ਤੇ 16 ਕਿੱਲੋ ਹੈਰੋਇਨ ਬਰਾਮਦ
ਮੈਗਜ਼ੀਨ, ਮੋਬਾਈਲ ਫ਼ੋਨ, ਜਿੰਦਾ ਰੌਂਦ ਅਤੇ ਦੋ ਪਾਕਿਸਤਾਨੀ ਸਿਮਾਂ ਸਮੇਤ ਨਸ਼ਾ ਤਸਕਰ ਕਾਬੂ
ਫ਼ਿਰੋਜ਼ਪੁਰ : ਫ਼ਿਰੋਜ਼ਪੁਰ 'ਚ ਬੀ.ਐਸ.ਐਫ. ਦੀ 136 ਬਟਾਲੀਅਨ ਬੀ.ਓ.ਪੀ. ਓਲਡ ਮੁਹੰਮਦੀ ਵਾਲਾ 'ਚ ਪਾਕਿਸਤਾਨ ਵਲੋਂ ਆਈ 16 ਕਿਲੋਗ੍ਰਾਮ ਹੈਰੋਇਨ ਸਮੇਤ ਇਕ ਭਾਰਤੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 80 ਕਰੋੜ ਰੁਪਏ ਹੈ।
ਬੀਐਸਐਫ ਦੀ 136 ਬਟਾਲੀਅਨ ਦੇ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਪੱਲਾ ਮੇਘਾ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਉਕਤ ਨਸ਼ਾ ਤਸਕਰ ਸਤਲੁਜ ਦਰਿਆ ਰਾਹੀਂ ਨਸ਼ੇ ਦੀ ਖੇਪ ਭਾਰਤ ਅੰਦਰ ਲਿਆਉਣਾ ਚਾਹੁੰਦਾ ਸੀ, ਪਰ ਬੀਐਸਐਫ ਦੇ ਜਵਾਨਾਂ ਵਲੋਂ ਤੜਕ ਸਵੇਰੇ ਗਸ਼ਤ ਦੌਰਾਨ ਸਤਲੁਜ ਦਰਿਆ ਵਿਚੋਂ ਉਕਤ ਸਮਗਲਰ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।
ਅਧਿਕਾਰੀਆਂ ਦੇ ਮੁਤਾਬਕ ਫੜੇ ਗਏ ਸਮਗਲਰ ਦੇ ਕਬਜ਼ੇ ਵਿਚੋਂ 16 ਕਿੱਲੋ ਹੈਰੋਇਨ ਤੋਂ ਇਲਾਵਾ ਮੈਗਜ਼ੀਨ, ਮੋਬਾਈਲ ਫ਼ੋਨ, ਜਿੰਦਾ ਰੌਂਦ ਅਤੇ ਦੋ ਪਾਕਿਸਤਾਨੀ ਸਿਮਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਦਾਅਵਾ ਕਰਦਿਆਂ ਦਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 80 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦਸਿਆ ਕਿ ਫੜੇ ਗਏ ਨਸ਼ਾ ਤਸਕਰ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ ਅਤੇ ਬਾਕੀ ਜਾਂਚ ਜਾਰੀ ਹੈ।