ਗਰਮ ਚਾਹ ਨਾਲ 90 ਫੀਸਦੀ ਤਕ ਵਧ ਸਕਦਾ ਹੈ ਕੈਂਸਰ ਦਾ ਖਤਰਾ
ਇਕ ਨਵੀਂ ਸਟਡੀ ਦਾ ਦਾਅਵਾ ਹੈ ਕਿ ਗਰਮ ਚਾਹ ਪੀਣ ਨਾਲ ਇਸਾਫੇਗਸ (ਗ੍ਰਾਸਨਲੀ) ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਚਾਹ ਦੇ ਸ਼ੌਕੀਨਾਂ ਨੂੰ ਇਹ ਖ਼ਬਰ ਬੁਰੀ ਲੱਗ ਸਕਦੀ ਹੈ, ਪਰ ਇਕ ਨਵੀਂ ਸਟਡੀ ਦਾ ਦਾਅਵਾ ਹੈ ਕਿ ਗਰਮ ਚਾਹ ਪੀਣ ਨਾਲ ਇਸਾਫੇਗਸ (ਗ੍ਰਾਸਨਲੀ) ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਸਟਡੀ ਮੁਤਾਬਕ ਜੋ ਲੋਕ ਰੋਜ਼ਾਨਾ 75 ਡਿਗਰੀ ਸੈਲਸੀਅਸ ‘ਤੇ ਚਾਹ ਪੀਂਦੇ ਹਨ, ਉਹਨਾਂ ਵਿਚ ਇਹ ਖਤਰਾ ਦੁੱਗਣੇ ਤੋਂ ਵੀ ਜ਼ਿਆਦਾ ਵਧ ਜਾਂਦਾ ਹੈ। ਇਸ ਲਈ ਕੱਪ ਵਿਚ ਚਾਹ ਪਾ ਕੇ ਇਸ ਨੂੰ ਉਸੇ ਸਮੇਂ ਪੀਣਾ ਸ਼ੁਰੂ ਨਹੀਂ ਕਰਨਾ ਚਾਹੀਦਾ। ਜੇਕਰ ਕੱਪ ਵਿਚ ਪਾਉਣ ਤੋਂ ਬਾਅਦ 4 ਮਿੰਟ ਤੱਕ ਚਾਹ ਰੱਖ ਕੇ ਪੀਤੀ ਜਾਵੇ ਤਾਂ ਕੈਂਸਰ ਦਾ ਖਤਰਾ ਘਟ ਸਕਦਾ ਹੈ।
ਅਮੇਰੀਕਨ ਕੈਂਸਰ ਸੁਸਾਇਟੀ ਦੇ ਲੀਡ ਲੇਖਕ ਫਰਹਦ ਇਸਲਾਮੀ ਅਨੁਸਾਰ ਕਈ ਲੋਕ ਚਾਹ, ਕੌਫੀ ਜਾਂ ਦੂਜੇ ਡ੍ਰਿੰਕਸ ਗਰਮਾਗਰਮ ਪੀਣ ਦੇ ਸ਼ੌਕੀਨ ਹੁੰਦੇ ਹਨ। ਹਾਲਾਂਕਿ ਸਟਡੀ ਦੀ ਰਿਪੋਰਟ ਮੁਤਾਬਕ ਬਹੁਤ ਗਰਮ ਚਾਹ ਪੀਣ ਨਾਲ ਇਸਾਫੈਜ਼ਿਅਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ।
ਸਟਡੀ ਵਿਚ 50,045 ਲੋਕ ਸ਼ਾਮਿਲ ਕੀਤੇ ਗਏ ਸਨ, ਜਿਨ੍ਹਾਂ ਦੀ ਉਮਰ 40 ਤੋਂ 75 ਸਾਲ ਸੀ। ਇਸ ਵਿਚ ਇਹ ਨਤੀਜਾ ਆਇਆ ਕਿ ਰੋਜ਼ਾਨਾ 700 ਐਮਐਲ ਗਰਮ ਚਾਹ (60 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ) ‘ਤੇ ਪੀਤੀ ਜਾਵੇ ਤਾਂ ਗ੍ਰਾਸਨਲੀ ਦੇ ਕੈਂਸਰ ਦਾ ਖਤਰਾ 90 ਫੀਸਦੀ ਤਕ ਜ਼ਿਆਦਾ ਵਧ ਜਾਂਦਾ ਹੈ।
ਗ੍ਰਾਸਨਲੀ ਦਾ ਕੈਂਸਰ ਭਾਰਤ ਵਿਚ ਛੇਵੇਂ ਨੰਬਰ ‘ਤੇ ਸਭ ਤੋਂ ਆਮ ਹੋਣ ਵਾਲਾ ਕੈਂਸਰ ਹੈ ਅਤੇ ਵਿਸ਼ਵ ਵਿਚ ਇਸਦਾ ਅੱਠਵਾਂ ਸਥਾਨ ਹੈ। ਇਹ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।