ਸੈਂਪੂ ਤੋਂ ਦੁੱਧ ਬਣਾ ਕੇ 7 ਸਾਲਾਂ 'ਚ ਕਰੋੜਪਤੀ ਬਣੇ ਦੋ ਭਰਾ, ਪੁਲਿਸ ਨੇ ਕੀਤੇ ਗ੍ਰਿਫ਼ਤਾਰ

ਏਜੰਸੀ

ਜੀਵਨ ਜਾਚ, ਸਿਹਤ

ਪੁਲਿਸ ਨੇ ਦੋ ਅਜਿਹੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ੈਂਪੂ ਨਾਲ ਦੁੱਧ ਬਣਾ ਕੇ ਵੇਚਦੇ ਸਨ ਅਤੇ ਇਸ ਨਾਲ ਸਿਰਫ਼ 7 ਸਾਲਾਂ ਵਿਚ ਹੀ ਉਹ ਕਰੋੜਪਤੀ ਬਣ ਗਏ।

2 brothers turned millionaires in 7 yrs, sold synthetic milk

ਨਵੀਂ ਦਿੱਲੀ: ਆਮ ਤੌਰ ‘ਤੇ ਦੁੱਧ ਨੂੰ ਸਿਹਤ ਲਈ ਬਹੁਤ ਵੀ ਵਧੀਆ ਮੰਨਿਆ ਜਾਂਦਾ ਹੈ ਅਤੇ ਬੱਚੇ ਅਤੇ ਬਜ਼ੁਰਗ ਤੱਕ ਖਾਣ ਅਤੇ ਪੀਣ ਵਿਚ ਕਈ ਤਰੀਕਿਆਂ ਨਾਲ ਇਸ ਦੀ ਵਰਤੋਂ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਪੈਕਟ ਬੰਦ ਦੁੱਧ ਤੁਸੀਂ ਘਰ ਲਿਆ ਰਹੇ ਹੋ ਅਤੇ ਪੀ ਰਹੇ ਹੋ ਦਰਅਸਲ ਉਹ ਜ਼ਹਿਰ ਹੋ ਸਕਦਾ ਹੈ। ਪੁਲਿਸ ਨੇ ਦੋ ਅਜਿਹੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ੈਂਪੂ ਨਾਲ ਦੁੱਧ ਬਣਾ ਕੇ ਵੇਚਦੇ ਸਨ ਅਤੇ ਇਸ ਨਾਲ ਸਿਰਫ਼ 7 ਸਾਲਾਂ ਵਿਚ ਹੀ ਉਹ ਕਰੋੜਪਤੀ ਬਣ ਗਏ।

ਦਰਅਸਲ ਮੱਧ ਪ੍ਰਦੇਸ਼ ਦੇ ਮੂਰੈਨਾ ਵਿਚ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਦਵਿੰਦਰ ਗੁਰਜਰ ਅਤੇ ਜੈਵੀਰ ਗੁਰਜਰ ਨਾਂਅ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਬੀਤੇ ਕਈ ਸਾਲਾਂ ਤੋਂ ਸਿੰਥੈਟਿਕ (ਨਕਲੀ) ਦੁੱਧ ਬਣਾ ਕੇ ਵੇਚਣ ਦਾ ਇਲਜ਼ਾਮ ਹੈ। ਸਿਰਫ਼ ਇੰਨਾ ਹੀ ਨਹੀਂ, ਇਹਨਾਂ ਦੋਵੇਂ ਭਰਾਵਾਂ ਨੇ ਇਸ ਨਕਲੀ ਦੁੱਧ ਨਾਲ ਇੰਨਾ ਪੈਸਾ ਕਮਾਇਆ ਹੈ ਕਿ ਉਹ ਸਿਰਫ਼ 7 ਸਾਲਾਂ ਵਿਚ ਹੀ ਤਿੰਨ ਬੰਗਲੇ, ਕਈ ਐਸਯੂਵੀ, ਮਿਲਕ ਟੈਂਕਰ, ਜ਼ਮੀਨ ਅਤੇ ਦੋ ਪੈਕਟ ਬੰਦ ਦੁੱਧ ਦੀਆਂ ਫੈਕਟਰੀਆਂ ਦੇ ਮਾਲਕ ਬਣ ਗਏ।

ਐਸਟੀਐਫ ਮੁਤਾਬਕ ਦੁੱਧ ਦੇ ਰੂਪ ਵਿਚ ਜ਼ਹਿਰ ਵੇਚ ਰਹੇ ਦੋ ਭਰਾ ਸੱਤ ਸਾਲ ਪਹਿਲਾਂ ਤੱਕ ਮੂਰੈਨਾ ਦੇ ਡੇਅਰੀ ਫਾਰਮ ਵਿਚ ਅਪਣੀ ਬਾਈਕ ਤੋਂ ਦੁੱਧ ਵੇਚਦੇ ਸਨ। ਦੁੱਧ ਦੇ ਕੰਮ ਵਿਚ ਭਾਰੀ ਮੁਨਾਫ਼ਾ ਦੇਖ ਕੇ ਇਹਨਾਂ ਦੋਵੇਂ ਭਰਾਵਾਂ ਨੇ ਸਿੰਥੈਟਿਕ ਦੁੱਧ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੋਵੇਂ ਭਰਾ ਗਲੂਕੋਜ਼, ਯੂਰੀਆ, ਰਿਫਾਇੰਡ ਤੇਲ, ਮਿਲਕ ਪਾਊਡਰ, ਪਾਣੀ ਅਤੇ ਸ਼ੈਂਪੂ ਨਾਲ ਨਕਲੀ ਦੁੱਧ ਬਣਾਉਂਦੇ ਸਨ ਅਤੇ ਉਸ ਨੂੰ ਸਿਰਫ਼ ਮੱਧ ਪ੍ਰਦੇਸ਼ ਵਿਚ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਭੇਜਦੇ ਸਨ।

ਐਸਟੀਐਫ ਨੂੰ ਜਾਂਚ ਵਿਚ ਇਸ ਕੰਮ ਵਿਚ ਸ਼ਾਮਲ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਨਾਮੀ ਕੰਪਨੀਆਂ ਦਾ ਵੀ ਪਤਾ ਚੱਲਿਆ ਹੈ। ਨਕਲੀ ਦੁੱਧ ਦੇ ਇਸ ਕਾਰੋਬਾਰ ਵਿਚ ਇਹਨਾਂ ਦੋ ਭਰਾਵਾਂ ਤੋਂ ਇਲਾਵਾ ਕੁੱਝ ਹੋਰ ਡੇਅਰੀ ਮਾਲਕਾਂ ਦੇ ਨਾਂਅ ਵੀ ਐਫਆਈਆਰ ਵਿਚ ਸ਼ਾਮਲ ਕੀਤੇ ਗਏ ਹਨ, ਜੋ ਪੰਜ-ਸੱਤ ਸਾਲਾਂ ਵਿਚ ਅਮੀਰ ਹੋ ਗਏ।

ਇਸ ਮਾਮਲੇ ਨੂੰ ਲੈ ਕੇ ਐਸਟੀਐਫ ਦੇ ਪੁਲਿਸ ਮੁਖੀ ਨੇ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਮੁੱਖ ਮੁਲਜ਼ਮਾਂ ਦੇ ਜੀਵਨ ਪੱਧਰ ਵਿਚ ਕਾਫ਼ੀ  ਬਦਲਾਅ ਆ ਗਿਆ ਹੈ। ਉਹ ਇਕ ਲੀਟਰ ਦੁੱਧ ਬਣਾਉਣ ਲਈ ਸਿਰਫ਼ 6 ਰੁਪਏ ਖਰਚ ਕਰਦੇ ਸਨ ਜੋ ਥੋਕ ਬਜ਼ਾਰ ਵਿਚ 25 ਰੁਪਏ ‘ਚ ਵਿਕਦਾ ਸੀ। ਲਾਭ ਮਾਰਜਨ ਲਗਭਗ 70 ਤੋਂ 75 ਫੀਸਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।