ਫੂਡ ਸੇਫਟੀ ਟੀਮ ਵੱਲੋਂ ਸਮਰਾਲਾ ਵਿੱਚ ਭਾਰੀ ਮਾਤਰਾ `ਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ, ਪਟਿਆਲਾ ਅਤੇ ਮਾਨਸਾ ਵਿੱਚ ਛਾਪੇਮਾਰੀ ਦੌਰਾਨ ਵਿੱਚ ਵੱਡੀ ਮਾਤਰਾ ਵਿੱਚ ਹਲਕੇ ਦਰਜ਼ੇ ਦਾ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਬਰਾਮਦ ਕਰਨ ਵਿੱਚ ਮਿਲੀ ਸਫਲਤਾ

fake milk

ਚੰਡੀਗੜ੍ਹ, 17 ਅਗਸਤ :  ਗੁਪਤ ਸੂਚਨਾ ਤੇ ਆਧਾਰ 'ਤੇ ਫੂਡ ਸੇਫਟੀ ਟੀਮ ਵੱਲੋਂ ਸਮਰਾਲਾ ਦੇ ਇੱਕ ਪਿੰਡ ਵਿੱਚ ਸਥਿਤ ਪਨੀਰ ਉਤਪਾਦਨ ਯੂਨਿਟ ਵਿੱਚ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਬਰਾਮਦ  ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਕਮਿਸ਼ਨਰ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਰਾਤ ਸਾਢੇ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਰ ਮਾਤਰਾ ਵਿੱਚ ਨਕਲੀ ਪਨੀਰ ਸਮਰਾਲਾ ਦੇ ਇੱਕ ਯੂਨਿਟ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਦਿਨ ਚੜ੍ਹਦੇ ਸਾਰ ਮਾਰਕਿਟ ਵਿੱਚ ਪਹੁੰਚਾਇਆ ਜਾਣਾ ਹੈ।

ਸੂਚਨਾ ਦੇ ਆਧਾਰ 'ਤੇ ਯਕਦਮ ਫੂਡ ਸੇਫਟੀ ਟੀਮ ਵੱਲੋਂ ਰਾਤ 10 ਵਜੇ ਸਬੰਧਤ ਯੂਨਿਟ ਵਿਖੇ ਛਾਪੇਮਾਰੀ ਕੀਤੀ ਗਈ। ਇਹ ਪਨੀਰ ਉਤਪਾਦਨ ਯੂਨਿਟ ਇੱਕ ਘਰ ਤੋਂ ਚਲਾਇਆ ਜਾ ਰਿਹਾ ਸੀ ਜਦੋਂ ਫੂਡ ਸੇਫਟੀ ਟੀਮ ਉੱਥੇ ਪਹੁੰਚੀ ਤਾਂ ਇਸ ਘਰ/ਫੈਕਟਰੀ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ ਪਰੰੰਤੂ ਇੱਥੇ ਕੰਮ ਕਰਨ ਵਾਲੇ ਬੰਦੇ ਅੰਦਰ ਕੰਮ ਕਰ ਰਹੇ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਤਾਲਾ ਖੋਲਿਆ ਗਿਆ ਅਤੇ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ। ਇਹ ਸਾਰੀ ਕਾਰਵਾਈ 4 ਘੰਟੇ ਤੱਕ ਜਾਰੀ ਰਹੀ

ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਸਮੇਤ 3 ਕੁਇੰਟਲ ਪਨੀਰ, 90 ਲੀਟਰ ਪਾਮ ਆਇਲ, ਪੰਜ ਕਵਿੰਟਲ ਘੀ, 15-15 ਲੀਟਰ ਦੇ 39 ਖਾਲੀ ਪਾਮ ਆਇਲ ਦੇ ਟੀਨ, 15-15 ਲੀਟਰ ਦੇ ਪੰਜ ਸੀਲ ਬੰਦ ਪਾਮ ਆਇਲ ਦੇ ਟੀਨ, 25-25 ਕਿਲੋ ਦੇ ਵੇਰਕਾ ਦੇ 13 ਸੁੱਕੇ ਦੁੱਧ ਦੇ ਥੈਲੇ ਅਤੇ 25-25 ਕਿਲੋ ਦੇ ਚਾਰ ਹੋਰ ਸੁੱਕੇ ਦੁੱਧ ਦੇ ਥੈਲੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਅੱਜ ਸੁਵਖ਼ਤੇ ਜਲੰਧਰ ਵਿਖੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਦੋ ਕਵਿੰਟਲ ਦੇ ਕਰੀਬ ਦਹੀ ਅਤੇ ਅੱਠ ਕਵਿੰਟਲ ਨਕਲੀ ਦੇਸੀ ਘੀ ਬਰਾਮਦ ਕੀਤਾ ਗਿਆ। 35 ਪੈਕੇਟ ਸੁੱਕੇ ਦੁੱਧ ਦੇ ਮੌਕੇ ਤੋਂ ਬਰਾਮਦ ਕੀਤੇ ਗਏ।

ਸਾਰੀਆਂ ਬਰਾਮਦ ਕੀਤੀਆਂ ਗਈਆਂ ਵਸਤਾਂ ਦੇ ਮੌਕੇ 'ਤੇ ਹੀ ਨਮੂਨੇ ਲਏ ਗਏ। ਮਾਨਸਾ ਵਿਖੇ ਕੀਤੀ ਗਈ ਛਾਪਾਮਾਰੀ ਦੌਰਾਨ 11 ਸੈਂਪਲ ਭਰੇ ਗਏ ਜਿਨ੍ਹਾਂ ਵਿੱਚ ਅੱਠ ਸੈਂਪਲ ਦੁੱਧ ਅਤੇ ਦੁੱਧ ਤੋਂ ਬਣਿਆਂ ਵਸਤਾਂ ਦੇ ਲਏ ਗਏ, ਤਿੰਨ ਦੁੱਧ ਦੇ, ਇਕ ਦਹੀ ਦਾ, ਦੋ ਖੋਆ ਅਤੇ ਦੋ ਪਨੀਰ ਦੇ ਲਏ ਗਏ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। ਅੱਜ ਦੀਆਂ ਸਾਰੇ ਛਾਪੇਮਾਰੀਆਂ ਦੌਰਾਨ ਬਰਾਮਦ ਵਸਤਾਂ ਦੇ ਨਮੂਨੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਅੱਜ ਫੂਡ ਸੇਫਟੀ ਟੀਮ ਵੱਲੋਂ ਇਕ ਵਹੀਕਲ ਜੋ ਕਿ 160 ਕਿਲੋਗ੍ਰਾਮ ਪਨੀਰ ਨਰਵਾਣਾ ਤੋਂ ਲਿਆ ਰਿਹਾ ਸੀ

ਨੂੰ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਪਨੀਰ ਦੀ ਸਪਲਾਈ ਰਾਜਪੁਰਾ ਦੀ ਟੀਚਰ ਕਲੋਨੀ ਵਿੱਚ ਸਥਿਤ ਸਤਿਗੁਰੂ ਡੇਅਰੀ ਵਿਖੇ ਪਹੁੰਚਾਈ ਜਾਣੀ ਸੀ। ਪਨੀਰ ਦੇ ਮਾਲਕ ਨਰਵਾਣਾ ਨਿਵਾਸੀ ਰਾਮ ਮਹਿਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਕਲੀ ਪਨੀਰ 160 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਕਤ ਡੇਅਰੀ ਨੂੰ ਵੇਚਦਾ ਸੀ। ਇਸ ਪਨੀਰ ਦੇ ਦੋ ਸੈਂਪਲ ਲਈ ਗਏ ਅਤੇ ਬਾਕੀ ਪਨੀਰ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਫੂਡ ਸੇਫਟੀ ਟੀਮਾਂ ਵੱਲੋਂ ਲਗਾਤਾਰ ਦੂਸਰੇ ਦਿਨ ਛਾਪੇਮਾਰੀ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਬੀਤੇ ਵੀਰਵਾਰ ਵੀ ਇਨ੍ਹਾਂ ਟੀਮਾਂ ਵੱਲੋਂ ਪਟਿਆਲਾ ਅਤੇ ਮੋਗਾ ਵਿੱਚ ਨਕਲੀ ਦੁੱਧ ਅਤੇ ਦੁੱਧ ਤੋਂ ਬਣਿਆਂ ਵਸਤਾਂ ਦੀ ਭਾਰੀ ਮਾਤਰਾ ਵਿੱਚ ਬਰਾਮਦਗੀ ਕੀਤੀ ਗਈ ਸੀ।