ਅਖ਼ੀਰ ਨਕਲੀ ਦੁੱਧ ਵੇਚਣ ਵਾਲਾ ਆਇਆ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ..........

Kahan Singh Pannu

ਚੰਡੀਗੜ੍ਹ : ਪੰਜਾਬ ਵਿਚ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹ ਦੇਰ-ਸਵੇਰ ਕਾਨੂੰਨ ਦੀ ਪਕੜ ਵਿਚ ਹੋਵੇਗਾ। ਇਹ ਪ੍ਰਗਟਾਵਾ ਕਮਿਸ਼ਨਰ ਫ਼ੂਡ ਐਂਡ ਡਰੱਗ ਐਡਮਨਿਸ਼ਟ੍ਰੇਸ਼ਨ, ਪੰਜਾਬ ਕੇ.ਐਸ. ਪੰਨੂੰ ਨੇ ਅੱਜ ਇਥੇ ਕੀਤਾ। ਉਨ੍ਹਾਂ ਕਿਹਾ ਕਿ ਬੀਤੇ 10 ਦਿਨਾਂ ਤੋਂ ਫ਼ੂਡ ਸੇਫਟੀ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਜੋ ਨਿਰੰਤਰ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵਿਕਰੀ ਕਰ ਰਹੇ ਲੋਕਾਂ ਨੂੰ ਫੜਿਆ ਜਾ ਸਕੇ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦਸਿਆ ਕਿ ਮਲੇਰਕੋਟਲਾ ਦਾ ਇਕ ਨਕਲੀ ਦੁੱਧ ਅਤੇ ਦੁੱਧ ਉਤਪਾਦ ਤਿਆਰ ਕਰ ਕੇ ਲਧਿਆਣਾ ਵਿਖੇ ਵੇਚਣ ਵਾਲੇ ਵਿਅਕਤੀ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦਸਿਆ ਕਿ ਉਕਤ ਵਿਅਕਤੀ ਅਪਣਾ ਤਿਆਰ ਕੀਤਾ ਮਾਲ ਇਕ ਵਹੀਕਲ ਰਾਹੀਂ ਲੁਧਿਆਣਾ ਵਿਖੇ ਲਿਆ ਕੇ ਇਥੇ ਪਹਿਲਾਂ ਤੋਂ ਤੈਅ ਜਗ੍ਹਾ 'ਤੇ ਅਪਣੀ ਗੱਡੀ ਪਾਰਕ ਕਰ ਦਿੰਦਾ ਸੀ। ਇਸ ਸਬੰਧੀ ਸੂਹ ਮਿਲਣ 'ਤੇ ਫ਼ੂਡ ਸੇਫ਼ਟੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਪਰ ਉਹ ਮੌਕੇ 'ਤੇ ਚਕਮਾ ਦਿੰਦਿਆਂ ਅਪਣਾ ਸਮਾਂ ਅਤੇ ਸਥਾਨ ਬਦਲ ਦਿੰਦਾ ਸੀ।

ਫ਼ੂਡ ਸੇਫ਼ਟੀ ਟੀਮ ਵਲੋਂ ਅਪਣੀ ਕੋਸ਼ਿਸ਼ ਜਾਰੀ ਰੱਖੀ ਗਈ ਅਤੇ ਡੇਅਰੀ ਡਿਵੈਲਪਮੈਂਟ ਦੇ ਅਧਿਕਾਰੀਆਂ ਨਾਲ ਇਕ ਸਾਂਝੀ ਰੇਡ ਰਾਹੀਂ 160 ਰੁਪਏ ਕਿਲੋ ਪਨੀਰ ਅਤੇ 30 ਰੁਪਏ ਲੀਟਰ ਦੁੱਧ ਵੇਚਦੇ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਸਮਾਨ ਦੇ ਨਮੂਨੇ ਲੈ ਲਏ ਗਏ ਹਨ ਅਤੇ ਅਗਲੇਰੀ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਚ ਫ਼ੂਡ ਸੇਫ਼ਟੀ ਟੀਮਾਂ ਵਲੋਂ ਬਲਾਚੌਰ, ਪੋਜੇਵਾਲ ਸੜਕ 'ਤੇ ਸਥਿਤ ਸ੍ਰੀ ਦੁਰਗਾ ਕਰਿਆਨਾ ਸਟੋਰ ਤੋਂ ਮਿਆਦ ਲੰਘ ਚੁੱਕੇ ਮਸਾਲੇ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਅਜਵਾਇਣ ਦੇ ਸਮੁੱਚੇ ਸਟਾਕ ਨੂੰ ਨਸ਼ਟ ਕਰ ਦਿਤਾ ਹੈ।

ਟੀਮ ਵਲੋਂ ਇਕ ਮਠਿਆਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ ਅਤੇ 10 ਕਿਲੋਗਾ੍ਰਮ ਦੇ ਕਰੀਬ ਖ਼ਰਾਬ ਮਠਿਆਈ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ ਅਤੇ ਦੁਕਾਨਦਾਰ ਨੂੰ ਭਵਿੱਖ ਵਿਚ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ। ਫ਼ੂਡ ਸੇਫ਼ਟੀ ਟੀਮ ਵਲੋਂ ਫਗਵਾੜਾ ਵਿਖੇ 120 ਕਿਲੋਗਾ੍ਰਮ ਨਕਲੀ ਪਨੀਰ ਬਰਾਮਦ ਕੀਤਾ ਗਿਆ ਜਦਕਿ ਫ਼ਰੀਦਕੋਟ ਜ਼ਿਲ੍ਹੇ ਦੇ ਬਿਸ਼ੰਡੀ ਬਾਜ਼ਾਰ ਅਤੇ ਹਿੰਮਤਪੁਰਾ ਬਸਤੀ ਅਤੇ ਜੈਤੋ ਵਿਖੇ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ।

ਟੀਮਾਂ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪੁਰਾਣਾਸ਼ਾਲਾ, ਭੈਣੀ ਮੀਆਂ ਖਾਂ ਅਤੇ ਸ਼ਜਾਨਪੁਰ ਵਿਖੇ ਦੁੱਧ, ਪਨੀਰ, ਖੁੱਲ੍ਹੇ ਘਿਉ ਦੇ ਨਮੂਨੇ ਲਏ ਗਏ। ਇਸ ਤੋਂ ਇਲਾਵਾ ਇਨ੍ਹਾਂ ਛਾਪਿਆਂ ਦੌਰਾਨ 2 ਕੁਇੰਟਲ ਪਨੀਰ ਅਤੇ ਢਾਈ ਕੁਇੰਟਲ ਦੁੱਧ ਵੀ ਬਰਾਮਦ ਕੀਤਾ ਗਿਆ ਜਿਨ੍ਹਾਂ ਦੇ ਨਮੂਨੇ ਲਏ ਗਏ। ਇਸੇ ਤਰ੍ਹਾਂ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਅਤੇ ਮੋਗਾ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਹਲਦੀ, ਲਾਲ ਮਿਰਚ, ਵੇਸਣ, ਜੂਸ ਅਤੇ ਦੁੱਧ ਅਤੇ ਦੁੱਧ ਉਤਪਾਦਾਂ ਤੇ ਵੀ ਨਮੂਨੇ ਭਰੇ ਗਏ।

Related Stories