ਹਫ਼ਤੇ ’ਚ ਦੋ ਵਾਰੀ ਸੁੱਕੇ ਮੇਵੇ ਖਾਣ ਨਾਲ ਘੱਟ ਹੁੰਦੈ ਦਿਲ ਦੇ ਦੌਰੇ ਦਾ ਖ਼ਤਰਾ
ਅਧਿਐਨ ’ਚ ਵੇਖਿਆ ਗਿਆ ਕਿ 2001 ’ਚ 35 ਸਾਲ ਦੀ ਉਮਰ ਤਕ ਕਿਸੇ ਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਸੀ
ਈਰਾਨ, 3 ਸਤੰਬਰ: ਫੱਲ ਅਤੇ ਸਬਜ਼ੀਆਂ ਤੋਂ ਇਲਾਵਾ, ਸੁੱਕੇ ਮੇਵੇ ਵੀ ਸਿਹਤ ਲਈ ਓਨੇ ਹੀ ਜ਼ਰੂਰੀ ਹਨ। ਨਵੇਂ ਅਧਿਐਨ ਅਨੁਸਾਰ ਖੁਰਾਕ ’ਚ ਸੁੱਕੇ ਮੇਵਿਆਂ ਨੂੰ ਵੀ ਸ਼ਾਮਲ ਕਰਨ ਦੀ ਸਲਾਹ ਦਿਤੀ ਗਈ ਹੈ ਅਤੇ ਈਰਾਨ ਅੰਦਰ ਇਨ੍ਹਾਂ ਨੂੰ ਖਾਣ ਵਾਲੇ ਲੋਕਾਂ ’ਚ ਦਿਲ ਦੀਆਂ ਬਿਮਾਰੀਆਂ ਅਤੇ ਮੌਤ ਦੀ ਦਰ ’ਚ ਕਮੀ ਵੇਖੀ ਗਈ ਹੈ। ਈ.ਐਸ.ਸੀ. ਕਾਂਗਰਸ 2019 ’ਚ ਪੇਸ਼ ਕੀਤੇ ਗਏ ਅਧਿਐਨ ਅਨੁਸਾਰ ਹਫ਼ਤੇ ’ਚ ਦੋ ਵਾਰੀ ਸੁੱਕੇ ਮੇਵੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਲਗਭਗ 17 ਫੀ ਸਦੀ ਤਕ ਬਚਾਅ ਹੋ ਸਕਦਾ ਹੈ।
ਇਸ ਅਧਿਐਨ ਦੇ ਲੇਖਕ ਨੌਸ਼ੀਨ ਮੁਹੰਮਦੀਫ਼ਾਰਦ ਨੇ ਕਿਹਾ, ‘‘ਸੁੱਕੇ ਮੇਵੇ ਅਸੰਤਿ੍ਰਪਤ ਚਰਬੀ ਦੇ ਚੰਗੇ ਸਰੋਤ ਹਨ ਅਤੇ ਇਨ੍ਹਾਂ ’ਚ ਬਹੁਤ ਘਟ ਸੰਤਿ੍ਰਪਤ ਚਰਬੀ ਹੁੰਦੀ ਹੈ।’’ਉਨ੍ਹਾਂ ਇਹ ਵੀ ਕਿਹਾ ਕਿ ਸੁੱਕੇ ਮੇਵਿਆਂ ’ਚ ਪ੍ਰੋਟੀਨ, ਖਣਿਜ, ਵਿਟਾਮਿਨ, ਫ਼ਾਈਬਰ ਹੁੰਦੇ ਹਨ ਜੋ ਕਿ ਦਿਲ ਦੀ ਸਿਹਤ ਨੂੰ ਵਧਾਉਂਦੇ ਹਨ। ਯੂਰਪੀ ਅਤੇ ਅਮਰੀਕੀ ਅਧਿਐਨਾਂ ’ਚ ਵੀ ਸੁੱਕੇ ਮੇਵਿਆਂ ਨੂੰ ਦਿਲ ਦੀ ਸਿਹਤ ਲਈ ਚੰਗਾ ਦਸਿਆ ਗਿਆ ਹੈ।
ਇਸ ਅਧਿਐਨ ’ਚ 5432 ਬਾਲਗ਼ ਸ਼ਾਮਲ ਸਨ ਜਿਨ੍ਹਾਂ ਨੂੰ ਸ਼ਹਿਰੀ ਅਤੇ ਪੇਂਡ ਖੇਤਰਾਂ ਦੇ ਲੋਕ ਸ਼ਾਮਲ ਸਨ। ਅਧਿਐਨ ’ਚ ਵੇਖਿਆ ਗਿਆ ਕਿ 2001 ’ਚ 35 ਸਾਲ ਦੀ ਉਮਰ ਤਕ ਕਿਸੇ ਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਸੀ। 2013 ਤਕ 751 ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 179 ਜਣਿਆਂ ਦੀ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਗਈ ਅਤੇ ਕੁਲ 458 ਜਣਿਆਂ ਦੀ ਹੋਰਨਾਂ ਕਰ ਕੇ ਮੌਤ ਹੋ ਗਈ। ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਹੋਈਆਂ ਉਹ ਲੋਕ ਜ਼ਿਆਦਾ ਬਦਾਮ, ਪਿਸਤੇ, ਗਿਰੀਆਂ ਆਦਿ ਖਾਂਦੇ ਸਨ।