ਹੁਣ ਟਾਇਰਾਂ ਵਿਚ ਪੰਕਚਰ ਹੋਣ ਦਾ ਨਹੀਂ ਹੋਵੇਗਾ ਕੋਈ ਡਰ
2024 ਤੱਕ ਮਾਰਕਿਟ ਵਿਚ ਲਾਂਚ ਹੋਵੇਗਾ ਏਅਰਲੈੱਸ ਟਾਇਰ
ਕਾਰ ਹੋਵੇ ਜਾਂ ਬਾਈਕ ਡਰਾਈਵਿੰਗ ਦੇ ਸਮੇਂ ਸਭ ਤੋਂ ਜ਼ਿਆਦਾ ਡਰ ਟਾਇਰ ਪੰਕਚਰ ਹੋਣ ਦਾ ਰਹਿੰਦਾ ਹੈ ਹਾਲਾਂਕਿ ਹੁਣ ਬਾਜ਼ਾਰ ਵਿਚ ਟਿਊਬਲੈੱਸ ਟਾਇਰ ਆ ਚੁੱਕੇ ਹਨ ਜੋ ਪੰਕਚਰ ਹੋਣ ਦੇ ਬਾਵਜੂਦ ਲੰਬੀ ਦੂਰੀ ਤੈਅ ਕਰ ਸਕਦੇ ਹਨ ਪਰ ਹੁਣ ਦੁਨੀਆ ਦੀ ਮਸ਼ਹੂਰ ਟਾਇਰ ਨਿਰਮਾਤਾ ਕੰਪਨੀ ਮਿਸ਼ਲਿਨ ਟਿਊਬਲੈੱਸ ਨਹੀਂ ਬਲਕਿ ਏਅਰਲੈੱਸ ਟਾਇਰ ਲੈ ਕੇ ਆ ਰਹੀ ਹੈ।
ਇਸ ਟਾਇਰ ਵਿਚ ਹਵਾ ਨਹੀਂ ਭਰੀ ਜਾਂਦੀ। ਇਸ ਕਰਕੇ ਇਸ ਦੇ ਪੰਕਚਰ ਹੋਣ ਦਾ ਵੀ ਡਰ ਨਹੀਂ ਰਹੇਗਾ। ਮਿਸ਼ਲਿਨ ਅਤੇ ਜਨਰਲ ਮੋਟਰਜ਼ ਨੇ ਮਿਲ ਕੇ ਇਕ ਏਅਰਲੈੱਸ ਟਾਇਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ। ਇਸ ਨੂੰ ਯੂਨਿਟ ਪੰਕਚਰਪਰੂਫ਼ ਟਾਇਰ ਸਿਸਟਮ ਦਾ ਨਾਂਅ ਦਿੱਤਾ ਗਿਆ ਹੈ। ਕੰਪਨੀ ਇਸ ਟਾਇਰ ਦੀ ਵਰਤੋਂ ਭਵਿੱਖ ਵਿਚ ਆਉਣ ਵਾਲੀਆਂ ਗੱਡੀਆਂ ਵਿਚ ਕਰੇਗੀ। ਇਹ ਟਾਇਰ 2024 ਤੱਕ ਮਾਰਕਿਟ ਵਿਚ ਲਾਂਚ ਕਰ ਦਿੱਤਾ ਜਾਵੇਗਾ।
ਫਿਲਹਾਲ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਜਾਰੀ ਹੈ। ਟਾਇਰ 'ਤੇ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਮਿਸ਼ਲਿਨ ਅਤੇ ਜਨਰਲ ਮੋਟਰਜ਼ ਨੇ ਇਸ ਟਾਇਰ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸ਼ੇਵਰਲੇ ਇਲੈਕਟ੍ਰਿਕ ਕਾਰ ਵਿਚ ਟੈਸਟ ਕੀਤਾ ਜਾ ਰਿਹਾ ਹੈ। ਇਹ ਸਭ ਤੋਂ ਪਹਿਲੀ ਕਾਰ ਹੋਵੇਗੀ। ਜਿਸ ਵਿਚ ਇਸ ਟਾਇਰ ਦੀ ਵਰਤੋਂ ਕੀਤੀ ਜਾਵੇਗੀ।
ਇਸ ਟਾਇਰ ਵਿਚ ਇਸ ਤਰ੍ਹਾਂ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਪ੍ਰੈਸ਼ਰ ਪੈਣ 'ਤੇ ਫਲੈਕਸੀਬਲ ਹੋ ਸਕਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਭਾਰ ਸਹਿਣ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਇਸ ਟਾਇਰ ਦੇ ਲਈ ਕਿਸੇ ਵੀ ਤਰ੍ਹਾਂ ਦੇ ਮੈਂਟੇਨੈਂਸ ਦੀ ਵੀ ਲੋੜ ਨਹੀਂ ਭਾਵ ਕਿ ਇਹ ਟਾਇਰ ਲੰਬੇ ਸਮੇਂ ਤਕ ਵਰਤਿਆ ਜਾ ਸਕਦਾ ਹੈ।
ਦੱਸ ਦਈਏ ਕਿ ਦੁਨੀਆ ਭਰ ਵਿਚ ਲਗਭਗ 200 ਮਿਲੀਅਨ ਟਾਇਰ ਹਰ ਸਾਲ ਸਮੇਂ ਤੋਂ ਪਹਿਲਾਂ ਪੰਕਚਰ, ਸੜਕ ਦੇ ਚਲਦੇ ਸਮੇਂ ਹੋਣ ਵਾਲੇ ਡੈਮੇਜ਼ ਅਤੇ ਅਣਉਚਿਤ ਏਅਰ ਪ੍ਰੈਸ਼ਰ ਦੇ ਕਾਰਨ ਖ਼ਰਾਬ ਹੋ ਜਾਂਦੇ ਹਨ ਅਜਿਹੇ ਵਿਚ ਇਹ ਟਾਇਰ ਇਨ੍ਹਾਂ ਅੰਕੜਿਆਂ ਵਿਚ ਤੇਜ਼ੀ ਨਾਲ ਕਮੀ ਲਿਆਏਗਾ ਹਾਲਾਂਕਿ ਇਨ੍ਹਾਂ ਟਾਇਰਾਂ ਦੀ ਕੀਮਤ ਉਚੀ ਹੋਵੇਗੀ ਪਰ ਫਿਰ ਵੀ ਕੰਪਨੀ ਇਸ ਦੀ ਕੀਮਤ ਨੂੰ ਘੱਟ ਤੋਂ ਘੱਟ ਰੱਖਣ ਲਈ ਕੰਮ ਕਰ ਰਹੀ ਹੈ।