ਟਾਇਰ ਫਟਣ ਕਾਰਨ ਨਹਿਰ ’ਚ ਡਿੱਗੀ ਜੀਪ, ਵਿਚੋਂ ਨਿਕਲੀ 2 ਮਹੀਨੇ ਤੋਂ ਲਾਪਤਾ ਨੌਜਵਾਨ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੁੱਤਿਆਂ ਤੋਂ ਪਰਵਾਰ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਦੀ ਪਹਿਚਾਣ ਕੀਤੀ

Man missing last 2 months found dead body in a car drowned in the canal

ਮੋਗਾ : ਮੋਗਾ ਜ਼ਿਲ੍ਹੇ ਦੇ ਪਿਛਲੇ 2 ਮਹੀਨਿਆਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸ਼ਨਿਚਰਵਾਰ ਦੇਰ ਸ਼ਾਮ ਸੰਗਰੂਰ ਵਿਚ ਭਾਖੜਾ ਨਹਿਰ ਤੋਂ ਮਿਲੀ। ਪਤਾ ਲੱਗਿਆ ਹੈ ਕਿ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਵਲੋਂ ਪਿੱਛਾ ਕੀਤੇ ਜਾਣ ਦੇ ਦੌਰਾਨ ਬੀਤੇ ਦਿਨੀਂ ਇਕ ਜੀਪ ਰੇਲਿੰਗ ਤੋੜ ਕੇ ਨਹਿਰ ਵਿਚ ਜਾ ਡਿੱਗੀ, ਜਦੋਂ ਜੀਪ ਨੂੰ ਬਾਹਰ ਕੱਢਿਆ ਗਿਆ ਤਾਂ ਵਿਚੋਂ ਨੌਜਵਾਨ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਜੁੱਤਿਆਂ ਤੋਂ ਪਰਵਾਰ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਦੀ ਪਹਿਚਾਣ ਕੀਤੀ। ਫ਼ਿਲਹਾਲ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ।

ਥਾਣਾ ਬਧਨੀ ਕਲਾਂ (ਮੋਗਾ) ਪੁਲਿਸ ਨੂੰ ਪਿੰਡ ਰਨੀਆਂ ਨਿਵਾਸੀ ਤੇਜਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 3 ਬੱਚਿਆਂ ਦਾ ਪਿਤਾ ਤੇ ਉਸ ਦਾ ਪੁੱਤਰ ਗੁਲਵੰਤ ਸਿੰਘ ਉਰਫ਼ ਹੈਪੀ ਸ਼ਾਦੀਸ਼ੁਦਾ ਹੈ, ਜਿਸ ਦੀਆਂ ਦੋ ਬੇਟੀਆਂ ਤੇ ਇਕ ਪੁੱਤਰ ਹੈ। 20 ਜਨਵਰੀ 2019 ਨੂੰ ਉਹ ਘਰ ਮੌਜੂਦ ਸੀ। ਇਸ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਸੁਖਪਾਲ ਸਿੰਘ ਉਰਫ਼ ਸੁੱਖਾ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਬੇਟੇ ਗੁਲਵੰਤ ਸਿੰਘ ਨੂੰ ਘਰ ਤੋਂ ਅਪਣੇ ਨਾਲ ਲੈ ਗਿਆ।

ਇਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਵਾਪਸ ਘਰ ਨਹੀਂ ਪਰਤਿਆ। ਪਰਵਾਰ ਵਲੋਂ ਪਹਿਲਾਂ ਸੁਖਪਾਲ ਸਿੰਘ ਤੋਂ ਗੁਲਵੰਤ ਸਿੰਘ ਦੇ ਬਾਰੇ ਜਾਣਕਾਰੀ ਮੰਗੀ ਗਈ ਕਿ ਉਸ ਨੇ ਉਨ੍ਹਾਂ ਦੇ ਬੇਟੇ ਨੂੰ ਕਿੱਥੇ ਲੁਕਾ ਕੇ ਰੱਖਿਆ ਹੈ ਪਰ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ। ਇਸ ਤੋਂ ਬਾਅਦ ਪੁਲਿਸ ਨੇ 5 ਫਰਵਰੀ ਨੂੰ ਸੁਖਪਾਲ ਸਿੰਘ ਦੇ ਵਿਰੁਧ ਧਾਰਾ 346  ਦੇ ਤਹਿਤ ਥਾਣਾ ਬਧਨੀ ਕਲਾਂ ਵਿਚ ਮਾਮਲਾ ਦਰਜ ਕਰ ਲਿਆ ਸੀ। ਦੂਜੇ ਪਾਸੇ ਚੜਿੱਕ ਨਿਵਾਸੀ ਸੁਖਦੇਵ ਸਿੰਘ ਨੇ ਕਿਹਾ ਕਿ 20 ਜਨਵਰੀ ਤੋਂ ਹੀ ਉਸ ਦਾ 24 ਸਾਲ ਦਾ ਛੋਟਾ ਭਰਾ ਦੀਪਾ ਸਿੰਘ ਲਾਪਤਾ ਹੈ।

ਪੁਲਿਸ ਦੀ ਅਜੇ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਸਮੇਂ ਗ਼ੈਰ ਕਾਨੂੰਨੀ ਸ਼ਰਾਬ ਸਮੱਗਲਿੰਗ ਕਰਕੇ ਗੱਡੀ ਵਿਚ ਲਿਆਂਦੀ ਜਾ ਰਹੀ ਸੀ, ਉਸ ਸਮੇਂ ਸਮੱਗਲਰ ਸਕਾਰਪੀਓ ਗੱਡੀ ਦੇ ਸਵਿੱਫਟ ਗੱਡੀ ਤੋਂ ਐਸਕੋਰਟ ਕਰਕੇ ਲਿਆ ਰਹੇ ਸਨ। ਰਸਤੇ ਵਿਚ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਵਲੋਂ ਗੱਡੀਆਂ ਦਾ ਪਿੱਛਾ ਕਰਦੇ ਸਮੇਂ ਸਕਾਰਪੀਓ ਨੂੰ ਨਹਿਰ ਦੇ ਨਾਲ ਲਿੰਕ ਰੋਡ ਉਤੇ ਦੌੜਾਇਆ ਪਰ ਗੱਡੀ ਦਾ ਟਾਇਰ ਫਟਣ ਨਾਲ ਗ਼ੈਰਕਾਨੂੰਨੀ ਸ਼ਰਾਬ ਨਾਲ ਲੱਦੀ ਸਕਾਰਪੀਓ ਨਹਿਰ ਵਿਚ ਜਾ ਡਿੱਗੀ ਸੀ।

ਸ਼ਨਿਚਰਵਾਰ ਨੂੰ ਨਹਿਰ ਵਿਚੋਂ ਸਕਾਰਪੀਓ ਗੱਡੀ ਕ੍ਰੇਨ ਨਾਲ ਕੱਢੀ ਜਾ ਰਹੀ ਸੀ ਤਾਂ ਗੱਡੀ ਵਿਚ ਰੱਖੀ ਸ਼ਰਾਬ ਨਹਿਰ ਵਿਚ ਜਾ ਡਿੱਗੀ, ਜਦੋਂ ਕਿ ਇਸ ਵਿਚੋਂ ਮਿਲੀ ਲਾਸ਼ ਨੂੰ ਲੈ ਕੇ ਪੁਲਿਸ ਦੇਰ ਸ਼ਾਮ ਮੋਗਾ ਪਹੁੰਚੀ ਅਤੇ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿਚ ਰਖਵਾ ਦਿਤਾ ਗਿਆ ਸੀ। ਅਜਿਹੇ ਵਿਚ ਪੁਲਿਸ ਨੇ ਸ਼ਨਾਖਤ ਲਈ ਗੁਲਵੰਤ ਅਤੇ ਦੀਪਾ ਦੋਵਾਂ ਦੇ ਪਰਵਾਰ ਵਾਲਿਆਂ ਨੂੰ ਬੁਲਾਇਆ। ਤੇਜਾ ਸਿੰਘ ਨੇ ਬੂਟਾਂ ਉਤੇ ਧਿਆਨ ਦਿਤਾ ਤਾਂ ਪਤਾ ਲੱਗਿਆ ਕਿ ਇਹ ਜੁੱਤੇ ਉਸ ਦੇ ਪੁੱਤਰ ਗੁਲਵੰਤ ਸਿੰਘ ਹੈਪੀ ਪਹਿਨਦਾ ਸੀ।