ਜਹਾਜ਼ ਦਾ ਅਗਲਾ ਟਾਇਰ ਨਾ ਖੁੱਲ੍ਹਿਆ, ਵਾਲ-ਵਾਲ ਬਚੇ 89 ਮੁਸਾਫ਼ਰ
ਲੈਂਡਿੰਗ ਤੋਂ ਬਾਅਦ ਸਾਰੇ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਯੰਗੂਨ : ਮਿਆਂਮਾਰ ਏਅਰਲਾਈਨ ਦੇ ਇਕ ਜਹਾਜ਼ ਦਾ ਲੈਂਡਿੰਗ ਗੇਅਰ ਫੇਲ ਹੋਣ ਮਗਰੋਂ ਪਾਇਲਟ ਨੇ ਸਵੇਰੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਜਹਾਜ਼ 'ਚ 89 ਲੋਕ ਸਵਾਰ ਸਨ। ਅਧਿਕਾਰੀਆਂ ਮੁਤਾਬਕ ਯੰਗੂਨ ਤੋਂ ਉਡਾਨ ਭਰਨ ਮਗਰੋਂ ਜਦੋਂ ਇਹ ਜ਼ਹਾਜ ਮੰਡਾਲਯਾ ਏਅਰ ਪੋਰਟ 'ਤੇ ਪੁੱਜਾ ਤਾਂ ਪਾਇਲਟ ਨੂੰ ਪਤਾ ਲੱਗਾ ਕਿ ਜਹਾਜ਼ ਦਾ ਲੈਂਡਿੰਗ ਗੇਅਰ ਕੰਮ ਨਹੀਂ ਕਰ ਰਿਹਾ। ਇਸ ਕਾਰਨ ਜਹਾਜ਼ ਦਾ ਅਗਲਾ ਪਹੀਆ ਨਹੀਂ ਖੁਲ੍ਹ ਸਕਦਾ। ਇਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਪ੍ਰੋਟੋਕਾਲ ਤਹਿਤ ਲੈਂਡਿੰਗ ਦਾ ਫ਼ੈਸਲਾ ਲਿਆ। ਇਸ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਕੁਝ ਦੂਰ ਤਕ ਜ਼ਮੀਨ ਨਾਲ ਘੜੀਸਦਾ ਚਲਾ ਗਿਆ।
ਏਅਰਲਾਈਨ ਮੁਤਾਬਕ ਜਹਾਜ਼ (ਯੂ.ਬੀ. 103) ਨੇ ਯੰਗੂਨ ਤੋਂ ਮੰਡਾਲਯਾ ਲਈ ਉਡਾਨ ਭਰੀ ਸੀ। ਪਾਇਲਟ ਕੈਪਟਨ ਮਿਅਤ ਮੋਈ ਅੰਗੂ ਨੇ ਐਮਰਜੈਂਸੀ ਲੈਂਡਿੰਗ ਦੇ ਨਿਯਮ ਤਹਿਤ ਫ਼ੈਸਲਾ ਲਿਆ। ਟਰਾਂਸਪੋਰਟੇਸ਼ਨ ਮੰਤਰਾਲਾ ਦੇ ਸਕੱਤਰ ਵਿਨ ਖਾਂਤ ਨੇ ਪਾਇਲਟ ਦੀ ਤਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਮੁਸਾਫ਼ਰ ਨੂੰ ਸੱਟ ਨਹੀਂ ਲੱਗੀ ਹੈ। ਲੈਂਡਿੰਗ ਤੋਂ ਬਾਅਦ ਸਾਰੇ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਰਕਾਰ ਨੇ ਐਮਬ੍ਰੇਅਰ 190 ਜਹਾਜ਼ 'ਚ ਆਈ ਖ਼ਰਾਬੀ ਦੇ ਜਾਂਚ ਦੇ ਆਦੇਸ਼ ਦਿੱਤੇ ਹਨ।
ਘਟਨਾ ਨਾਲ ਸਬੰਧਤ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਨ੍ਹਾਂ 'ਚ ਜਹਾਜ਼ ਪਹਿਲਾਂ ਪਿਛਲੇ ਟਾਇਰਾਂ 'ਤੇ ਲੈਂਡ ਕਰਦਾ ਵਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਕੁਝ ਦੂਰੀ ਤਕ ਅਗਲਾ ਹਿੱਸਾ ਰਨਵੇ ਨਾਲ ਘੜੀਸਦਾ ਚਲਾ ਗਿਆ। ਜਹਾਜ਼ ਦੇ ਰੁਕਣ ਤੋਂ ਪਹਿਲਾਂ ਚੰਗਿਆੜੀਆਂ ਅਤੇ ਧੂਆਂ ਵੀ ਨਜ਼ਰ ਆਇਆ।