ਚੰਗੀ ਸਿਹਤ ਲਈ ਰੱਖੋ ਇਹਨਾਂ ਗੱਲਾਂ ਦਾ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਧੁਨਿਕ ਦੌਰ ਵਿਚ ਲੋਕ ਅਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।

Healthy lifestyle

ਅਧੁਨਿਕ ਦੌਰ ਵਿਚ ਲੋਕ ਅਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਇਸੇ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਬਲੱਡ ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਕੋਲੈਸਟਰੋਲ, ਮੋਟਾਪਾ, ਗਠੀਆ, ਥਾਇਰਾਇਡ ਜਿਹੇ ਰੋਗਾਂ ਨਾਲ ਪੀੜ੍ਹਤ ਹੋਣ ਹੋ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਖਾਣ ਪਾਣ ਅਤੇ ਰਹਿਣ ਸਹਿਣ ਦੀਆਂ  ਆਦਤਾਂ ਵਿਚ ਅਣਗਹਿਲੀ ਵਰਤਣਾ। ਸਾਨੂੰ ਸਿਹਤ ਸੰਭਾਲ ਲਈ ਸਹੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਵੀ ਤੰਦੁਰੁਸਤ ਰੱਖਣਾ ਚਾਹੀਦਾ ਹੈ।

ਇਕ ਤੰਦੁਰੁਸਤ ਅਤੇ ਮਜ਼ਬੂਤ ਸਮਾਜ ਅਤੇ ਦੇਸ਼ ਦੀ ਉਸਾਰੀ ਲਈ ਚੰਗੀ ਸਿਹਤ ਬਹੁਤ ਜ਼ਰੂਰੀ ਹੈ। ਤੰਦਰੁਸਤ ਰਹਿਣ ਲਈ ਸਾਡਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ। ਘਿਓ, ਤੇਲ ਆਦਿ ਨਾਲ ਬਣੀਆਂ ਚੀਜਾਂ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਹਨਾਂ ਦੀ ਬਜਾਏ ਖਾਣੇ ਵਿਚ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਲੱਸੀ, ਅਤੇ ਸਲਾਦ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਜੋ ਕਿ ਵਿਟਾਮਿਨ, ਖਣਿਜ, ਫਾਇਬਰ ਆਦਿ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਚੀਨੀ ਅਤੇ ਨਮਕ ਦੀ ਜ਼ਿਆਦਾ ਵਰਤੋਂ ਨਾਲ ਵੀ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਆਦਿ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਪਾਣੀ ਅਤੇ ਹੋਰ ਤਰਲ ਪਦਾਰਥ ਜਿਵੇਂ ਫਲਾਂ ਦਾ ਤਾਜ਼ਾ ਜੂਸ, ਦੁੱਧ, ਦਹੀਂ, ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦੇ ਸੇਵਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਚਹਿਰੇ ‘ਤੇ ਵੀ ਚਮਕ ਆਉਂਦੀ ਹੈ।  ਤੰਦਰੁਸਤੀ ਲਈ ਗੂੜੀ ਨੀਂਦ ਵੀ ਬਹੁਤ ਜਰੂਰੀ ਹੈ। ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ 7 ਘੰਟੇ ਦੀ ਨੀਂਦ ਜ਼ਰੂਰੀ ਹੈ, ਨੀਂਦ ਪੂਰੀ ਨਾ ਹੋਣਾ ਅਤੇ ਵਾਰ ਵਾਰ ਨੀਂਦ ਖੁੱਲਣਾ ਅਨੇਕ ਬਿਮਾਰੀਆਂ ਦਾ ਕਾਰਨ ਬਣਦਾ ਹੈ।