ਮੋਟਾਪਾ ਘਟਾਉਣ ਲਈ ਬਦਲੋ 'ਕੁੱਝ' ਆਦਤਾਂ, ਫਾਇਦੇ ਜਾਣ ਹੋ ਜਾਵੋਗੇ ਹੈਰਾਨ!

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਮੋਟਾਪੇ ਤੋਂ ਬਚਣ ਲਈ ਖਾਣ-ਪੀਣ ਤੇ ਰਹਿਣ-ਸਹਿਣ 'ਚ ਤਬਦੀਲੀ ਜ਼ਰੂਰੀ

file photo

ਨਵੀਂ ਦਿੱਲੀ : ਅਜੋਕੇ ਸਮੇਂ ਵੱਡੀ ਗਿਣਤੀ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕਈ ਦੇਸ਼ਾਂ ਅੰਦਰ ਤਾਂ ਮੋਟਾਪਾ ਇਕ ਮਹਾਮਾਰੀ ਦੀ ਤਰ੍ਹਾਂ ਫ਼ੈਲਦਾ ਜਾ ਰਿਹਾ ਹੈ। ਮੋਟਾਪੇ ਦਾ ਅਸਰ ਜਿੱਥੇ ਵਿਅਕਤੀ ਦੀ ਸ਼ਖ਼ਸੀਅਤ 'ਤੇ ਪੈਂਦਾ ਹੈ ਉਥੇ ਇਸ ਨਾਲ ਅਨੇਕਾਂ ਬਿਮਾਰੀਆਂ ਦੇ ਲੱਗਣ ਦਾ ਖ਼ਤਰਾ ਵੀ ਵਧਦਾ ਹੈ। ਮੋਟੇ ਵਿਅਕਤੀ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧੇਰੇ ਰਹਿੰਦਾ ਹੈ। ਹਾਲਾਂਕਿ ਮੋਟਾਪੇ ਤੋਂ ਨਿਜ਼ਾਤ ਪਾਉਣਾ ਜੇਕਰ ਸੌਖਾ ਨਹੀਂ ਤਾਂ ਨਾਮੁਮਕਿਨ ਵੀ ਨਹੀਂ ਹੈ। ਅਸੀਂ ਅਪਣੀ ਜੀਵਨ ਜਾਂਚ 'ਚ ਕੁੱਝ ਤਬਦੀਲੀਆਂ ਕਰ ਕੇ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

ਅਜੋਕੇ ਸਮੇਂ ਜ਼ਿਆਦਾਤਰ ਲੋਕਾਂ ਨੂੰ ਸਵੇਰੇ ਉਠਦੇ ਸਾਰ ਚਾਹ ਪੀਣ ਦੀ ਆਦਤ ਹੈ ਜੋ ਸਹੀ ਨਹੀਂ ਹੈ। ਸਵੇਰੇ ਉਠਦੇ ਸਾਰ ਬਾਸੀ ਮੂੰਹ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਸ ਵਿਚ ਨਿੰਬੂ ਰੱਸ ਵੀ ਪਾਇਆ ਜਾ ਸਕਦਾ ਹੈ। ਜ਼ਿਆਦਾਤਰ ਲੋਕਾਂ ਨੂੰ ਸੈਰ 'ਤੇ ਜਾਣ ਦੀ ਆਦਤ ਨਹੀਂ। ਮੋਟਾਪੇ ਤੋਂ ਬਚਣ ਲਈ ਸਵੇਰ ਦੀ ਸੈਰ ਜ਼ਰੂਰੀ ਹੈ। ਸਵੇਰ ਵੇਲੇ ਪੈਦਲ ਤੁਰਨ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉਥੇ ਮੋਟਾਪੇ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਘੱਟੋ ਘੱਟ 45 ਮਿੰਟ ਪੈਦਲ ਚੱਲਣਾ ਜਾਂ 15 ਮਿੰਟ ਤਕ ਦੋੜ ਲਗਾਈ ਜਾ ਸਕਦੀ ਹੈ।

ਦੌੜ-ਭੱਜ ਦੀ ਜ਼ਿੰਦਗੀ 'ਚ ਜ਼ਿਆਦਾਤਰ ਲੋਕਾਂ ਕੋਲ ਸਵੇਰ ਵੇਲੇ ਨਾਸ਼ਤਾ ਕਰਨ ਦੀ ਵਿਹਲ ਨਹੀਂ ਹੁੰਦੀ। ਸਵੇਰ ਵੇਲੇ ਨਾਸ਼ਤੇ ਦੀ ਆਦਤ ਪਾਉਣੀ ਚਾਹੀਦੀ ਹੈ। ਨਾਸ਼ਤੇ 'ਚ ਪ੍ਰੋਟੀਨ ਤੇ ਕਾਲੋਰੀ ਭਰਪੂਰ ਮਾਤਰਾ 'ਚ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਉਠਦੇ ਸਾਰ ਕੋਸਾ ਪਾਣੀ ਪੀਣ ਤੋਂ ਬਾਅਦ ਸੈਰ 'ਤੇ ਜਾਓਗੇ ਤਾਂ ਨਾਸ਼ਤੇ ਦੀ ਜ਼ਰੂਰਤ ਵੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ।

ਸਵੇਰੇ ਨਾਸ਼ਤਾ ਨਾ ਕਰਨ ਵਾਲੇ ਜ਼ਿਆਦਾਤਰ ਲੋਕ ਦੁਪਹਿਰ ਵੇਲੇ ਖਾਣੇ 'ਤੇ ਜ਼ੋਰਦਾਰ ਧਾਵਾ ਬੋਲਦੇ ਹਨ। ਉਹ ਪੇਟ ਭਰ ਖਾਣਾ ਖਾਂਦੇ ਹਨ ਜੋ ਮੋਟਾਪੇ ਨੂੰ ਦਾਅਵਤ ਦੇਣ ਬਰਾਬਰ ਹੈ। ਦੁਪਹਿਰ ਵੇਲੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਤੇ ਪੇਟ ਭਰਨ ਦੀ ਆਦਤ ਛੱਡ ਦੇਣੀ ਚਾਹੀਦੀ ਹੈ।

ਸ਼ਾਮ ਸਮੇਂ ਕੋਈ ਨਾ ਕੋਈ ਫਲ ਜ਼ਰੂਰ ਖਾਓ, ਜੇਕਰ ਕੋਈ ਖੱਟਾ ਫਲ ਖਾਇਆ ਜਾਵੇ ਤਾਂ ਸੋਨੇ 'ਤੇ ਸਵਾਗੇ ਵਾਲੀ ਗੱਲ ਹੁੰਦੀ ਹੈ। ਰਾਤ ਦਾ ਖਾਣਾ ਸਮੇਂ ਸਿਰ ਖਾ ਲੈਣਾ ਚਾਹੀਦਾ ਹੈ। ਵੈਸੇ ਤਾਂ ਦਿਨ ਡੁੱਬਣ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਪਰ ਸ਼ਹਿਰਾਂ ਅੰਦਰ ਇਹ ਸੰਭਵ ਹੋਣਾ ਔਖਾ ਜਾਪਦੈ, ਸੋ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ। ਰਾਤ ਦੇ ਖਾਣੇ 'ਚ ਤੇਲ ਦੀ ਮਾਤਰਾ ਨਾ-ਬਰਾਬਰ ਹੋਣੀ ਚਾਹੀਦੀ ਹੈ। ਦੇਰ ਰਾਤ ਖਾਣਾ ਖਾਣਾ ਮੋਟਾਪੇ ਨੂੰ ਸੱਦਾ ਦੇਣ ਬਰਾਬਰ ਹੈ।

ਪਾਣੀ ਦੀ ਵਧੇਰੇ ਵਰਤੋਂ ਕਰਨੀ ਚੀਹੀਦੀ ਹੈ। ਸਾਫ਼ਟ ਡਰਿੰਕ ਸਰੀਰ ਲਈ ਵਧੀਆ ਨਹੀਂ ਹੁੰਦੇ। ਇਨ੍ਹਾਂ ਮੋਟਾਪੇ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। ਹਮੇਸ਼ਾ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਰਹੇ, ਤਣਾਅ ਤੋਂ ਦੂਰ ਰਹੋ। ਤਣਾਅ ਵੀ ਮੋਟਾਪਾ ਵਧਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਜ਼ਿਆਦਾ ਦੇਰ ਤਕ ਖ਼ਾਲੀ ਪੇਟ ਰਹਿਣਾ ਜਿੱਥੇ ਮੋਟਾਪਾ ਵਧਾਉਂਦਾ ਹੈ ਉਥੇ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਲਈ ਮੋਟਾਪੇ ਤੋਂ ਬਚਣ ਲਈ ਸਮੇਂ ਸਿਰ ਸਹੀ ਭੋਜਨ ਲੈਣ ਦੀ ਆਦਤ ਪਾਉਣਾ ਜ਼ਰੂਰੀ ਹੈ।