ਪਾਣੀ ਬਰਬਾਦ ਕਰਨ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬਹੁਤ ਲੋਕ ਅਜਿਹੇ ਹਨ, ਜੋ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਸਮਝਦੇ ਹਨ।

Water wastage

ਰਾਤ ਦੇ ਤਿੰਨ ਵਜੇ ਸਨ, ਟੂਟੀ ਵਿਚੋਂ ਪਾਣੀ ਦੀ ਤਿੱਪ-ਤਿੱਪ ਕਰਨ ਦੀ ਆਵਾਜ਼ ਆਉਣ ਕਾਰਨ ਮੇਰੀ ਜਾਗ ਖੁੱਲ੍ਹ ਗਈ। ਆਵਾਜ਼ ਏਨੀ ਜ਼ਿਆਦਾ ਵੀ ਨਹੀਂ ਸੀ ਕਿ ਜਿਸ ਨਾਲ ਨੀਂਦ ਟੁੱਟ ਜਾਵੇ ਪਰ ਸ਼ਾਇਦ ਮੇਰੇ ਲਈ ਇਹ ਆਵਾਜ਼ ਬਹੁਤ ਅਹਿਮ ਸੀ। ਮਿਊਂਸੀਪਲ ਕਾਰਪੋਰੇਸ਼ਨ ਨੇ ਪਾਣੀ ਛਡਿਆ ਸੀ ਤੇ ਅੱਜ ਪਾਣੀ ਦਾ ਪ੍ਰੈਸ਼ਰ ਘਰ ਦੀ ਪਹਿਲੀ ਮੰਜ਼ਿਲ ਉਤੇ ਚੜ੍ਹਨ ਯੋਗ ਆ ਰਿਹਾ ਸੀ। ਇਸ ਦਾ ਮਤਲਬ ਇਹ ਕਿ ਅੱਜ ਛੱਤ ਉੱਤੇ ਰੱਖੇ ਦੋਵੇਂ ਪਾਣੀ ਦੇ ਟੈਂਕ ਅਪਣੇ ਆਪ ਹੀ ਭਰ ਜਾਣਗੇ ਤੇ ਮੈਨੂੰ ਮੋਟਰ ਚਲਾ ਕੇ 15-20 ਮਿੰਟ ਜਾਗਣਾ ਨਹੀਂ ਪਵੇਗਾ। ਅੱਜ ਸਵੇਰ ਹੋਣ ਤੇ ਮੈਂ ਹਫ਼ਤੇ ਤੋਂ ਜਮ੍ਹਾਂ ਹੋਏ ਕਪੜੇ ਵਾਸ਼ਿੰਗ ਮਸ਼ੀਨ ਵਿਚ ਆਰਾਮ ਨਾਲ ਧੋ ਲਵਾਂਗੀ। ਇਹ ਸੋਚ ਕੇ ਮੈਂ ਫਿਰ ਸੌਂ ਗਈ। ਸਵੇਰੇ 6 ਤੋਂ 9 ਵਜੇ ਤਕ ਮੈਂ ਸਾਰੇ ਕਪੜੇ ਧੋਣ ਤੋਂ ਬਾਅਦ ਸੋਚਿਆ ਕਿ ਅੱਜ ਫੁੱਟਮੈਟ ਵੀ ਧੋ ਲੈਂਦੀ ਹਾਂ।

ਕਪੜੇ ਨਿਚੋੜਨ ਲਈ ਵਾਸ਼ਿੰਗ ਮਸ਼ੀਨ ਚਾਲੂ ਕਰਨ ਤੋਂ ਬਾਅਦ ਮੈਂ ਸਵੇਰ ਦਾ ਨਾਸ਼ਤਾ ਬਣਾਉਣ ਲੱਗ ਪਈ। ਵਾਸ਼ਿੰਗ ਮਸ਼ੀਨ ਆਟੋ ਮੈਟਿਕ ਹੋਣ ਕਰ ਕੇ ਅਪਣੇ ਆਪ ਬੰਦ ਹੋ ਜਾਣੀ ਸੀ ਤੇ ਮੈਂ ਸਿਰਫ਼ ਪੰਜ ਮਿੰਟ ਬਾਅਦ ਪਾਣੀ ਬੰਦ ਕਰਨਾ ਸੀ। ਪਰ ਪਾਣੀ ਬੰਦ ਕਰ ਕਰਨਾ ਦਿਮਾਗ਼ ਵਿਚੋਂ ਨਿਕਲ ਗਿਆ ਤੇ 9 ਤੋਂ ਗਿਆਰਾਂ ਵਜੇ ਤਕ ਲਗਾਤਾਰ ਪਾਣੀ ਚਲਦਾ ਰਿਹਾ। ਬਹੁਤ ਪਛਤਾਵਾ ਹੋਇਆ ਕਿ ਮੇਰੀ ਲਾਪਰਵਾਹੀ ਕਾਰਨ ਏਨਾ ਪਾਣੀ ਬਰਬਾਦ ਹੋ ਗਿਆ। ਪਾਣੀ ਦੀ ਸਪਲਾਈ ਤਾਂ ਉਸ ਦਿਨ ਬਹੁਤ ਆਈ ਸੀ ਪਰ 12 ਵਜੇ ਤਕ ਪਾਣੀ ਨਾਲ ਨੱਕੋ ਨੱਕ ਭਰੇ, ਦੋਵੇਂ ਵੱਡੇ-ਵੱਡੇ ਟੈਂਕ ਖਾਲੀ ਹੋ ਗਏ। ਹੁਣ ਸ਼ਾਮ ਦੇ ਛੇ ਵਜੇ, ਜਦੋਂ ਤਕ ਬਾਹਰ ਦਾ ਪਾਣੀ ਨਾ ਆ ਜਾਵੇ , ਸਾਨੂੰ ਇੰਜ ਹੀ ਬਿਨਾਂ ਪਾਣੀ ਦੇ ਗੁਜ਼ਾਰਾ ਕਰਨਾ ਪੈਣਾ ਸੀ। ਆਰ.ਓ. ਫ਼ਿਲਟਰ  ਜੋ ਅੱਧੋਂ ਵੱਧ ਪਾਣੀ ਖ਼ਰਾਬ ਕਰਦਾ ਹੈ, ਵਿਚ ਪਾਣੀ ਸੀ ਤੇ ਅਸੀ ਇਸ ਪਾਣੀ ਨੂੰ ਹੱਥ ਧੋਣ ਤੇ ਸਬਜ਼ੀ ਫੱਲ ਆਦਿ ਧੋਣ ਲਈ ਵਰਤ ਰਹੇ ਸਾਂ।

ਹਰ ਵਾਰ ਫ਼ਿਲਟਰ ਦਾ ਪਾਣੀ ਵਹਾਉਂਦੇ ਸਮੇਂ ਮੈਂ ਬਹੁਤ ਸ਼ਰਮਸਾਰ ਹੋ ਰਹੀ ਸਾਂ। ਆਉਣ ਵਾਲੇ ਕਈ ਦਿਨਾਂ ਦੀ ਵੀ ਕੁੱਝ ਇਹੋ ਜਹੀ ਹੀ ਕਹਾਣੀ ਸੀ, ਇਹ ਮੈਨੂੰ ਨਹੀਂ ਪਤਾ ਸੀ। ਅਗਲੇ ਕਈ ਦਿਨ, ਪਿਛੋਂ ਬਹੁਤ ਥੋੜ੍ਹਾ ਪਾਣੀ ਆਇਆ, ਹਰ ਰੋਜ਼ ਬਾਰਾਂ ਕੁ ਵਜੇ ਤਕ ਪਾਣੀ ਖ਼ਤਮ ਹੋ ਜਾਂਦਾ ਤੇ ਸਾਡੇ ਕੋਲ ਵਰਤਣ ਲਈ ਕੋਈ ਪਾਣੀ ਨਹੀਂ ਹੁੰਦਾ ਸੀ। ਮੈਨੂੰ ਇੰਜ ਲਗਦਾ, ਜਿਵੇਂ ਪ੍ਰਮਾਤਮਾ ਮੈਨੂੰ ਮੇਰੀ ਕਰਨੀ ਦੀ ਸਜ਼ਾ ਦੇ ਰਿਹਾ ਹੋਵੇ ਤੇ ਮੈਂ ਸਜ਼ਾ ਲਈ ਤਿਆਰ ਸਾਂ। ਮੈਂ ਸਵੇਰੇ ਪਾਣੀ ਦਾ ਸਿਰਫ ਇਕ ਟੱਬ ਭਰ ਲੈਂਦੀ ਜਿਸ ਨੂੰ ਅਸੀ ਸ਼ਾਮ ਦੇ ਛੇ ਵਜੇ ਤਕ ਹਰ ਕੰਮ ਲਈ ਵਰਤਦੇ। ਇਕ ਦਿਨ ਮੈਂ ਪਾਣੀ ਦਾ ਟੱਬ ਭਰਨਾ ਭੁੱਲ ਗਈ ਤੇ ਅਜੇ ਨਹਾਉਣਾ ਬਾਕੀ ਸੀ ਤੇ ਪਾਣੀ ਚਲਾ ਗਿਆ। ਗਰਮੀ ਬਹੁਤ ਸੀ, ਅੱਜ ਸ਼ਾਮ ਤਕ ਬਿਨਾਂ ਨਹਾਏ ਰਹਿਣ ਦੇ ਖਿਆਲ ਨਾਲ ਮੇਰਾ ਸਿਰ ਚਕਰਾ ਗਿਆ। ਫਿਰ ਖਿਆਲ ਆਇਆ ਕਿ ਰਾਤ ਦੇ ਤਿੰਨ ਵਜੇ ਦੇ ਕਰੀਬ ਜਦੋਂ ਪਾਣੀ ਆਇਆ ਸੀ ਤਾਂ ਬਾਥਰੂਮ ਦੇ ਇਕ ਸ਼ਾਵਰ ਤੋਂ ਬੂੰਦ-ਬੂੰਦ ਪਾਣੀ ਲੀਕ ਕਰਨ ਲੱਗ ਪਿਆ ਸੀ।

ਮੇਰੇ ਬਹੁਤ ਕੋਸ਼ਿਸ਼ ਕਰਨ ਉਤੇ ਵੀ ਪਾਣੀ ਟਪਕਣਾ ਬੰਦ ਨਾ ਤਾਂ ਮੈਂ ਟੂਟੀ ਹੇਠ ਬਾਲਟੀ ਰੱਖ ਦਿਤੀ। ਬਾਲਟੀ ਵਿਚ ਚਾਰ ਕੁ ਕੱਪ ਪਾਣੀ ਜਮ੍ਹਾਂ ਹੋ ਗਿਆ ਸੀ। ਸੋਚਿਆ ਅੱਜ ਏਨੇ ਕੁ ਪਾਣੀ ਨਾਲ ਨਹਾਉਣਾ ਸਿੱਖਾਂਗੀ ਤੇ ਸ਼ਾਇਦ ਇਹੀ ਮੇਰੀ ਸਜ਼ਾ ਸੀ। ਮੇਰੇ ਇੰਜ ਕਰਨ ਨਾਲ ਮੈਂ ਲਗਭਗ ਪੌਣੀ ਬਾਲਟੀ ਪਾਣੀ ਬਚਾ ਲਵਾਂਗੀ ਕਿਉਂਕਿ ਅਕਸਰ ਮੈਂ ਨਹਾਉਣ ਲਈ ਇਕ ਬਾਲਟੀ ਪਾਣੀ ਵਰਤਦੀ ਹਾਂ ਤੇ ਜੇ ਰੋਜ਼ ਇਹ ਕਰਾਂ ਤਾਂ ਕਿੰਨਾ ਪਾਣੀ ਬੱਚ ਜਾਵੇਗਾ। ਇਕ ਦਿਨ ਸੋਚਾਂ ਸੋਚਦਿਆਂ ਮੇਰੇ ਦਿਮਾਗ਼ ਵਿਚ ਗੁਰਦਵਾਰਾ ਸਾਹਿਬ ਦਾ ਇਕ ਚਿੱਤਰ ਉੱਭਰ ਆਇਆ। ਜਿਥੇ ਮੈਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਕਰਦਿਆਂ ਗੁਰਦਵਾਰਾ ਸਾਹਿਬ ਦਾ ਫ਼ਰਸ਼ ਧੋਣ ਲਈ ਅੰਨੇਵਾਹ ਪਾਣੀ ਵਹਾਉਂਦੇ ਵੇਖਿਆ।

ਮੰਨ ਵਿਚ ਖਿਆਲ ਆਇਆ ਕਿ ਕਾਸ਼! ਉਹ ਗੁਰਦਵਾਰਾ ਸਾਹਿਬ ਦਾ ਫ਼ਰਸ਼ ਪਾਣੀ ਨਾਲ ਧੋਣ ਦੀ ਥਾਂ ਪੋਚਾ ਲਗਾ ਕੇ ਫ਼ਰਸ਼ ਸਾਫ਼ ਕਰ ਲੈਂਦੇ। ਇਸ ਤਰ੍ਹਾਂ ਕਰਨ ਨਾਲ ਕਿੰਨਾ ਪਾਣੀ ਬਚ ਜਾਵੇਗਾ ਪਰ ਜੇ ਮੈਂ ਇਸ ਬਾਰੇ ਕੋਈ ਗੱਲ ਛੇੜੀ ਤਾਂ ਬਹੁਤੀ ਸੰਭਾਵਨਾ ਹੈ ਕਿ ਮੈਨੂੰ ਧਰਮ ਵਿਰੋਧੀ ਐਲਾਨ ਦਿਤਾ ਜਾਵੇਗਾ। ਮੇਰੀ ਸੋਚ ਵਿਚ 'ਪਵਨ ਗੁਰੂ ਪਾਣੀ ਪਿਤਾ” ਸਲੋਕ ਗੂੰਜ ਰਿਹਾ ਸੀ ਜਿਸ ਕਾਰਨ ਮੈਂ ਹਮੇਸ਼ਾ ਪਾਣੀ ਨੂੰ ਬੇਅਰਥ ਵਹਾਉਣ ਤੋਂ ਬਹੁਤ ਡਰ ਜਾਂਦੀ ਸੀ। ਮੈਨੂੰ ਅਜਿਹਾ ਕਰਨਾ ਕਿਸੇ ਮਨੁੱਖ ਦਾ ਕਤਲ ਕਰਨ ਤੋਂ ਘੱਟ ਨਹੀਂ ਸੀ ਲਗਦਾ।

ਹੁਣ ਇਕ ਕੱਪ ਪਾਣੀ ਨਾਲ ਬਰੱਸ਼ ਕਰਨਾ, ਅੱਧਾ ਕੱਪ ਪਾਣੀ ਨਾਲ ਹੱਥ ਮੂੰਹ ਧੋਣਾ ਤੇ ਵਾਸ਼ਿੰਗ ਮਸ਼ੀਨ ਦਾ ਪਾਣੀ ਡਰੇਨ ਕਰਨ ਦੀ ਵਜਾਏ ਉਸੇ ਪਾਣੀ ਨਾਲ ਗੰਦੇ ਕਪੜੇ, ਪੋਚੇ, ਮੈਟ ਆਦਿ ਧੋਣਾ ਜਾਂ ਵਿਹੜੇ ਦਾ ਫ਼ਰਸ਼ ਸਾਫ਼ ਕਰਨਾ ਮੈਂ ਅਪਣੀਆਂ ਆਦਤਾਂ ਬਣਾ ਲਈਆਂ ਹਨ ਤੇ ਮੇਰਾ ਬੱਚਾ ਵੀ ਮੈਨੂੰ ਇੰਜ ਕਰਦੇ ਵੇਖ ਕੇ ਸਹਿਜੇ ਹੀ ਇਹ ਸੱਭ ਸਿੱਖ ਰਿਹਾ ਹੈ। ਮੈਨੂੰ ਅੱਜ ਵੀ ਇਕ ਵਾਕਿਆ ਯਾਦ ਹੈ ਜਦੋਂ ਮੈਂ ਦਿੱਲੀ ਮੈਟਰੋ ਸਟੇਸ਼ਨ ਉੱਤੇ ਕਿਸੇ ਦੁਆਰਾ ਛੱਡੀ ਪੀਣ ਵਾਲੇ ਪਾਣੀ ਦੀ ਚਲਦੀ ਟੂਟੀ ਨੂੰ ਬੰਦ ਕੀਤਾ ਸੀ ਤਾਂ ਕੋਲੋਂ ਤੁਰੇ ਜਾਂਦੇ ਅਜਨਬੀ ਨੇ ਮੇਰਾ ਇੰਜ ਧਨਵਾਦ ਕੀਤਾ ਸੀ ਜਿਵੇਂ ਮੈਂ ਉਸ ਦਾ ਕੋਈ ਬਹੁਤ ਵੱਡਾ ਕੰਮ ਕਰ ਦਿਤਾ ਹੋਵੇ। ਉਦੋਂ ਮੈਨੂੰ ਉਮੀਦ ਬੱਝੀ ਸੀ ਕਿ ਬਹੁਤ ਲੋਕ ਅਜਿਹੇ ਹਨ, ਜੋ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਸਮਝਦੇ ਹਨ। 

ਹਰਲਵਲੀਨ ਬਰਾੜ  (ਸੰਪਰਕ : herloveleen0gmail.com)