Whatsapp ਦੀ ਨਵੀਂ Privacy policy ਤਿੰਨ ਮਹੀਨੇ ਲਈ ਟਲੀ, ਨਹੀਂ ਬੰਦ ਹੋਵੇਗਾ ਅਕਾਊਂਟ

ਏਜੰਸੀ

ਜੀਵਨ ਜਾਚ, ਤਕਨੀਕ

9 ਫਰਵਰੀ ਨੂੰ ਲਾਗੂ ਹੋਣੀ ਸੀ ਨਵੀਂ ਪ੍ਰਾਈਵੇਸੀ ਪਾਲਿਸੀ

WhatsApp to delay launch of update business features after privacy backlash

ਨਵੀਂ ਦਿੱਲੀ: ਵਟਸਐਪ ਨੇ ਅਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲਾਗੂ ਕਰਨ ਦੀ ਤਰੀਕ ਤਿੰਨ ਮਹੀਨੇ ਅੱਗ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਪਹਿਲਾਂ 9 ਫਰਵਰੀ  ਨੂੰ ਲਾਗੂ ਹੋਣੀ ਸੀ ਪਰ ਹੁਣ ਇਹ ਤਰੀਕ ਮਈ ਤੱਕ ਵਧਾ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਟਸਐਪ ਨੇ ਕਿਹਾ, ‘ਅਸੀਂ ਉਹਨਾਂ ਸਾਰੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ ਅਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਯੂਜ਼ਰਸ ਨਾਲ ਸਿੱਧੀ ਗੱਲ ਕਰਕੇ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 8 ਫਰਵਰੀ ਨੂੰ ਕਿਸੇ ਦਾ ਵੀ ਅਕਾਊਂਟ ਸਸਪੈਂਡ ਜਾਂ ਡਿਲੀਟ ਨਹੀਂ ਹੋਵੇਗਾ। ਅਸੀਂ ਅਪਣੀਆਂ ਬਿਜ਼ਨਸ ਯੋਜਨਾਵਾਂ ਨੂੰ ਮਈ ਤੱਕ ਟਾਲ ਰਹੇ ਹਾਂ’।

ਵਟਸਐਪ ਨੇ ਅੱਗੇ ਲਿਖਿਆ, ‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਯੂਜ਼ਰਸ ਕੋਲ ਸ਼ਰਤਾਂ ਨੂੰ ਸਮਝਣ ਤੇ ਪਰਖਣ ਲਈ ਕਾਫੀ ਸਮਾਂ ਹੋਵੇ। ਇਸ ਦੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਦੀ ਕਿਸੇ ਵੀ ਅਕਾਊਂਟ ਨੂੰ ਡਿਲੀਟ ਕਰਨ ਦੀ ਯੋਜਨਾ ਨਹੀਂ ਬਣਾਈ ਸੀ ਤੇ ਨਾ ਹੀ ਭਵਿੱਖ ਵਿਚ ਅਜਿਹਾ ਕਰਾਂਗੇ’।

ਦਰਅਸਲ ਵਟਸਐਪ ਦੀ ਨਵੀਂ ਪਾਲਿਸੀ ਨੂੰ ਲੈ ਕੇ ਕਾਫੀ ਲੋਕ ਦੁਚਿੱਤੀ ਵਿਚ ਹਨ। ਸੋਸ਼ਲ ਮੀਡੀਆ ਯੂਜ਼ਰ ਵੀ ਨਵੀਂ ਪਾਲਿਸੀ ਦਾ ਭਾਰੀ ਵਿਰੋਧ ਕਰ ਰਹੇ ਹਨ। ਕਈ ਲੋਕਾਂ ਨੇ ਸਿਗਨਲ, ਟੈਲੀਗ੍ਰਾਮ ਆਦਿ ਹੋਰ ਚੈਟਿੰਗ ਪਲੇਟਫਾਰਮਸ ਨੂੰ ਵਟਸਐਪ ਦੇ ਵਿਕਲਪ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਦੱਸ ਦਈਏ ਕਿ 5 ਜਨਵਰੀ ਨੂੰ ਵਟਸਐਪ ਨੇ ਅਪਣੀ ਪ੍ਰਾਈਵੇਸੀ ਪਾਲਿਸੀ ਵਿਚ ਬਦਲਾਅ ਦਾ ਐਲ਼ਾਨ ਕੀਤਾ, ਜਿਸ ਤੋਂ ਬਾਅਦ ਕਰੋੜਾਂ ਯੂਜ਼ਰਸ ਨੂੰ ਐਪ ‘ਤੇ ਇਕ ਨੋਟੀਫਿਕੇਸ਼ਨ ਦਿਖਾਈ ਦੇ ਲੱਗਿਆ, ਜਿਸ ਵਿਚ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਲਈ ਕਿਹਾ ਜਾ ਰਿਹਾ ਸੀ। ਇਸ ਵਿਚ ਦਿੱਤਾ ਗਿਆ ਸੀ ਕਿ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਾ ਕਰਨ ਵਾਲੇ ਯੂਜ਼ਰਜ਼ 8 ਫਰਵਰੀ ਤੋਂ ਇਸ ਦੀ ਵਰਤੋਂ ਨਹੀਂ ਕਰ ਸਕਣਗੇ।