ਜ਼ਬਰਦਸਤ Internet Speed, ਇਕ ਸੈਕਿੰਡ ਵਿਚ ਡਾਊਨਲੋਡ ਕਰੋ Netflix ਦੀਆਂ ਕਈ ਫਿਲਮਾਂ

ਏਜੰਸੀ

ਜੀਵਨ ਜਾਚ, ਤਕਨੀਕ

ਦੁਨੀਆਂ ਵਿਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਧ ਰਹੀ ਹੈ, ਇਸ ਦੇ ਚਲਦਿਆਂ ਇੰਟਰਨੈੱਟ ਦੀ ਗਤੀ ਵਿਚ ਰੁਕਾਵਟਾਂ ਵੀ ਆ ਰਹੀਆਂ ਹਨ।

Internet

ਨਵੀਂ ਦਿੱਲੀ:  ਦੁਨੀਆਂ ਵਿਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਧ ਰਹੀ ਹੈ, ਇਸ ਦੇ ਚਲਦਿਆਂ ਇੰਟਰਨੈੱਟ ਦੀ ਗਤੀ ਵਿਚ ਰੁਕਾਵਟਾਂ ਵੀ ਆ ਰਹੀਆਂ ਹਨ। ਪਰ ਹਾਲ ਹੀ ਵਿਚ ਇੰਟਰਨੈੱਟ ਦੀ ਗਤੀ ਦਾ ਇਕ ਨਵਾਂ ਰਿਕਾਰਡ ਦਰਜ ਹੋਇਆ ਹੈ, ਜਿਸ ਨਾਲ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਪੂਰੀ ਨੈੱਟਫਲਿਕਸ ਲਾਈਬ੍ਰੇਰੀ ਡਾਊਨਲੋਡ ਕੀਤੀ ਜਾ ਸਕਦੀ ਹੈ।

ਖੋਜਕਰਤਾਵਾਂ ਦੀ ਇਕ ਟੀਮ ਨੇ 178,000 ਜੀਬੀਪੀਐਸ (178 ਟੀਬੀਪੀਐਸ) ਦੀ ਗਤੀ ਦੇ ਨਾਲ ਦੁਨੀਆਂ ਦੇ ਸਭ ਤੋਂ ਤੇਜ਼ ਇੰਟਰਨੈੱਟ ਦਾ ਰਿਕਾਰਡ ਦਰਜ ਕੀਤਾ ਹੈ। ਮੌਜੂਦਾ ਸਮੇਂ ਵਿਚ ਓਪਟੀਕਲ ਫਾਈਬਰ ਇਨੇਬਲ ਡਾਟਾ ਸੈਂਟਰ ਵੀ ਸਿਰਫ਼ 35 ਟੀਬੀਪੀਐਸ ਦੀ ਗਤੀ ਨਾਲ ਡਾਟਾ ਟ੍ਰਾਂਸਫਰ ਕਰਨ ਦੇ ਸਮਰੱਥ ਹਨ।

ਇਹ ਰਿਕਾਰਡ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਡਾਕਟਰ ਲਿਡਿਆ ਗਾਲਡਿਨੋ ਦੀ ਅਗਵਾਈ ਵਿਚ ਬਣਾਇਆ ਹੈ। ਇਸ ਇੰਟਰਨੈੱਟ ਗਤੀ ਇੰਨੀ ਤੇਜ਼ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਪੂਰੀ ਨੈੱਟਫਲਿਕਸ ਲਾਈਬ੍ਰੇਰੀ ਨੂੰ ਕਲਿੱਕ ਕਰਦੇ ਹੀ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਤੇਜ਼ ਇੰਟਰਨੈੱਟ ਗਤੀ ਦਾ ਪੁਰਾਣਾ ਰਿਕਾਰਡ 44.2 ਟੀਬੀਪੀਐਸ ਦਾ ਸੀ, ਜੋ ਆਸਟ੍ਰੇਲੀਅਨ ਖੋਜਕਰਤਾਵਾਂ ਨੇ ਇਸ ਸਾਲ ਮਈ ਵਿਚ ਬਣਾਇਆ ਸੀ।

ਪੁਰਾਣੇ ਰਿਕਾਰਡ ਦੇ ਮੁਕਾਬਲੇ ਨਵੀਂ ਗਤੀ ਰਿਕਾਰਡ ਚਾਰ ਗੁਣਾ ਜ਼ਿਆਦਾ ਹੈ।  ਇਕ ਬਲਾਗ ਪੋਸਟ ਵਿਚ ਦੱਸਿਆ ਗਿਆ ਹੈ ਖੋਜਕਰਤਾਵਾਂ ਨੇ ਮੌਜੂਦਾ ਓਪਟੀਕਲ ਫਾਈਬਰ ਸਿਸਟਮ ਵਿਚ ਵਰਤੋਂ ਕੀਤੇ ਜਾਣ ਵਾਲੇ ਵੈੱਬਲੈਂਥ ਦੀ ਤੁਲਨਾ ਵਿਚ ਜ਼ਿਆਦਾ ਵੱਡੀ ਵੈੱਬਲੈਂਥ ਦੀ ਵਰਤੋਂ ਕੀਤੀ ਅਤੇ ਸਿਗਨਲ ਨੂੰ ਵਧਾਉਣ ਲਈ ਨਵੀਂ ਐਂਪਲੀਫਾਈਰ ਤਕਨੀਕ ਦੀ ਵਰਤੋਂ ਕੀਤੀ ਹੈ।

ਮੌਜੂਦਾ ਸਮੇਂ ਵਿਚ 4.5THz ਦੀ ਬੈਂਡਵਿਥ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਹੀ 9 THz ਵਪਾਰਕ ਬੈਂਡਵਿਥ ਹਾਲੇ ਕੁਝ ਬਜ਼ਾਰਾਂ ਵਿਚ ਸਾਹਮਣੇ ਆਇਆ ਹੈ। ਹਾਲਾਂਕਿ 178 ਟੈਰਾਬਾਈਟ ਦੀ ਸੁਪਰ ਫਾਸਟ ਇੰਟਰਨੈੱਟ ਸਪੀਡ ਪਾਉਣ ਲਈ ਖੋਜਕਰਤਾਵਾਂ ਨੇ 16.8 THz ਬੈਂਡਵਿੱਥ ਦੀ ਵਰਤੋਂ ਕੀਤੀ ਹੈ।

ਪ੍ਰਮੁੱਖ ਖੋਜਕਰਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇੰਟਰਨੈੱਟ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਕੁਝ ਓਪਰੇਟਰਾਂ ਨੇ ਇਸ ਦੌਰਾਨ ਇੰਟਰਨੈੱਟ ਟ੍ਰੈਫਿਕ ਵਿਚ 60 ਫੀਸਦੀ ਦਾ ਵਾਧਾ ਦੇਖਿਆ ਹੈ। ਨਵੀਂ ਤਕਨੀਕ ਆਉਣ ਨਾਲ ਇੰਟਰਨੈੱਟ ਹੋਰ ਵੀ ਸਸਤਾ ਹੋਵੇਗਾ ਅਤੇ ਲੋਕਾਂ ਦੀ ਲੋੜ ਅਨੁਸਾਰ ਇੰਟਰਨੈੱਟ ਦੀ ਸਪਲਾਈ ਵੀ ਵਧਾਈ ਜਾ ਸਕੇਗੀ।