ਭਾਰਤ ਦੇ ਦੂਜੇ ਚੰਨ ਮਿਸ਼ਨ ਦੀਆਂ ਤਿਆਰੀਆਂ ਪੂਰੀਆਂ 

ਏਜੰਸੀ

ਜੀਵਨ ਜਾਚ, ਤਕਨੀਕ

15 ਜੁਲਾਈ ਨੂੰ ਰਵਾਨਾ ਹੋਵੇਗਾ ਚੰਦਰਯਾਨ 2 ਵਾਹਨ : ਸਰਕਾਰ

Chandrayaan 2 to launch on 15 July

ਨਵੀਂ ਦਿੱਲੀ : ਸਰਕਾਰ ਨੇ ਚੰਨ 'ਤੇ ਜੀਵਨ ਦੀਆਂ ਸੰਭਾਵਨਾਵਾਂ ਲੱਭਣ ਲਈ ਵਿਸ਼ੇਸ਼ ਪੁਲਾੜ ਜਹਾਜ਼ 'ਚੰਦਰਯਾਨ 2' ਦੀ 15 ਜੁਲਾਈ 2019 ਨੂੰ ਪਰਖ ਦੀ ਤਿਆਰੀ ਪੂਰੀ ਕਰ ਲਈ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਦਸਿਆ ਕਿ ਸੰਸਦ ਮੈਂਬਰਾਂ ਨੂੰ ਵੀ ਇਸ ਇਤਿਹਾਸਕ ਪਲ ਦਾ ਗਵਾਹ ਬਣਾਉਣ ਬਾਰੇ ਇਸਰੋ ਦੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿਤੀ।

ਕਾਂਗਰਸ ਦੇ ਰਿਪੁਨ ਬੋਰਾ ਨੇ ਚੰਦਰਯਾਨ 2 ਮਿਸ਼ਨ ਦੀਆਂ ਤਿਆਰੀਆਂ ਦੀ ਜਾਣਕਾਰੀ ਮੰਗਦਿਆਂ ਇਸ ਦੀ ਪਰਖ ਦੌਰਾਨ ਉੱਚ ਸਦਨ ਦੇ ਮੈਂਬਰਾਂ ਨੂੰ ਵੀ ਇਸ ਪਲ ਦਾ ਦੀਦਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦਸਿਆ, 'ਚੰਦਰਯਾਨ ਮਿਸ਼ਨ ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ ਅਤੇ ਮੈਂ ਸਭਾਪਤੀ ਨੂੰ ਬੇਨਤੀ ਕਰਦਾ ਹਾਂ ਕਿ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਵਫ਼ਦ ਵੀ ਚੰਦਰਯਾਨ 2 ਦੀ ਆਗਾਮੀ 15 ਜੁਲਾਈ ਨੂੰ ਹੋਣ ਵਾਲੀ ਪਰਖ ਦੇ ਪਲ ਦਾ ਗਵਾਹ ਬਣ ਸਕੇ।'

ਜਿਤੇਂਦਰ ਸਿੰਘ ਨੇ ਇਸ ਮਿਸ਼ਨ ਦੀ ਅਹਿਮੀਅਤ ਬਾਰੇ ਕਿਹਾ ਕਿ ਚੰਨ ਦੀ ਸਤ੍ਹਾ 'ਤੇ 1969 ਵਿਚ ਮਨੁੱਖ ਨੂੰ ਭੇਜਣ ਵਾਲਾ ਅਮਰੀਕਾ ਪਹਿਲਾ ਦੇਸ਼ ਸੀ। ਇਸ ਤੋਂ ਬਾਅਦ ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਚੰਦਰਯਾਨ 1 ਮਿਸ਼ਨ ਤਹਿਤ ਚੰਨ ਦੀ ਸਤ੍ਹਾ 'ਤੇ ਪਾਣੀ ਦੀ ਮੌਜੂਦਗੀ ਦੀ ਖੋਜ ਕੀਤੀ। ਫਿਰ ਦੁਨੀਆਂ ਨੂੰ ਪਹਿਲੀ ਵਾਰ ਚੰਨ 'ਤੇ ਮਨੁੱਖੀ ਜੀਵਨ ਦੀਆਂ ਸੰਭਾਵਨਾਵਾਂ ਦੇ ਪੱਕੇ ਸੰਕੇਤ ਮਿਲੀ। 

ਕੀ ਕਰੇਗਾ ਚੰਦਰਯਾਨ 2 ਵਾਹਨ :
ਭਾਰਤ ਚੰਦਰਯਾਨ ਦੇ ਦੂਜੇ ਪੜਾਅ ਵਿਚ ਚੰਨ 'ਤੇ ਮਨੁੱਖੀ ਜੀਵਨ ਦੀਆਂ ਸੰਭਾਵਨਾਵਾਂ ਨੂੰ ਲੱਭਣ ਲਈ ਚੰਦਰਯਾਨ 2 ਵਾਹਨ ਸ੍ਰੀਹਰੀਕੋਟਾ ਤੋਂ ਲਾਂਚ ਕਰ ਰਿਹਾ ਹੈ। 59 ਦਿਨਾਂ ਦੀ ਪੁਲਾੜ ਯਾਤਰਾ ਮਗਰੋਂ ਇਹ ਪੁਲਾੜ ਵਾਹਨ ਯਾਨੀ ਦੇਸੀ ਆਰਬਿਟਰ, ਲੈਂਡਰ ਅਤੇ ਰੋਵਰ ਨਾਲ ਇਕ ਸਤੰਬਰ ਨੂੰ ਚੰਨ ਦੀ ਸਤ੍ਹਾ 'ਤੇ ਉਤਰੇਗਾ। ਲੈਂਡਰ ਚੰਨ ਦੀ ਸਤ੍ਹਾ 'ਤੇ ਘੁੰਮੇਗਾ ਅਤੇ ਰੋਵਰ ਮਿੱਟੀ ਆਦਿ ਦੇ ਨਮੂਨੇ ਇਕੱਠੇ ਕਰੇਗਾ। ਚੰਨ ਦੀ ਸਤ੍ਹਾ ਤੋਂ ਇਕੱਠੇ ਕੀਤੇ ਗਏ ਨਮੂਨੇ ਨਾ ਸਿਰਫ਼ ਭਾਰਤ ਸਗੋਂ ਸਮੁੱਚੀ ਦੁਨੀਆਂ ਲਈ ਖੋਜ ਦੀਆਂ ਅਸੀਮਤ ਸੰਭਾਵਨਾਵਾਂ ਦੇ ਮੌਕੇ ਮੁਹਈਆ ਕਰਵਾਉਣਗੇ। ਭਾਰਤ ਦੇ ਪਹਿਲੇ ਚੰਨ ਮਿਸ਼ਨ ਤਹਿਤ ਚੰਦਰਯਾਨ 1 ਅਕਤੂਬਰ 2008 ਵਿਚ ਲਾਂਚ ਕੀਤਾ ਗਿਆ ਸੀ।