ਫੇਸਬੁੱਕ ਨੂੰ ਭਰਨਾ ਪਵੇਗਾ 4 ਅਰਬ ਰੁਪਏ ਦਾ ਜ਼ੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਚਿਹਰੇ ਦੀ ਪਛਾਣ ਤਕਨੀਕ (facial recognition tech) ਦੇ ਮੁੱਦੇ ‘ਤੇ ਫੇਸਬੁੱਕ ਨੂੰ 550 ਮਿਲੀਅਨ ਡਾਲਰ (ਲਗਭਗ 4 ਅਰਬ ਰੁਪਏ) ਦਾ ਜ਼ੁਰਮਾਨਾ ਲੱਗਿਆ ਹੈ।
ਨਵੀਂ ਦਿੱਲੀ: ਚਿਹਰੇ ਦੀ ਪਛਾਣ ਤਕਨੀਕ (facial recognition tech) ਦੇ ਮੁੱਦੇ ‘ਤੇ ਫੇਸਬੁੱਕ ਨੂੰ 550 ਮਿਲੀਅਨ ਡਾਲਰ (ਲਗਭਗ 4 ਅਰਬ ਰੁਪਏ) ਦਾ ਜ਼ੁਰਮਾਨਾ ਲੱਗਿਆ ਹੈ। ਫੇਸਬੁੱਕ ਨੇ ਅਪਣੀ ਚੌਥੀ ਤਿਮਾਹੀ ਦੀ ਆਮਦਨ ਰਿਪੋਰਟ ਦੇ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਫੇਸਬੁੱਕ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਉਹ ਭੁਗਤਾਨ ਕਰਨ ਲਈ ਸਹਿਮਤ ਹੈ। ਫੇਸ਼ੀਅਲ ਰਿਕਗਨੀਸ਼ਨ ਦੇ ਤਕਨੀਕ ਮੁੱਦੇ ‘ਤੇ ਪ੍ਰਾਈਵੇਸੀ ਨਾਲ ਸਬੰਧਤ ਸਾਲਾਂ ਤੋਂ ਚੱਲ ਰਹੇ ਇਸ ਮੁਕਦਮੇ ਤੋਂ ਨਿਪਟਣ ਲਈ ਹੁਣ ਫੇਸਬੁੱਕ ਨੂੰ ਭਾਰੀ ਰਕਮ ਭਰਨੀ ਪਵੇਗੀ।
ਕੀ ਹੈ ਇਲਜ਼ਾਮ?
ਇਹ ਮੁਕੱਦਮਾ ਫੇਸਬੁੱਕ ‘ਤੇ ਸਾਲ 2015 ਤੋਂ ਚੱਲ ਰਿਹਾ ਸੀ। ਕੰਪਨੀ ‘ਤੇ ਇਲਜ਼ਾਮ ਸੀ ਕਿ ‘ਟੈਗ ਸਜੈਸ਼ਨ ਟੂਲ’ ਦਾ ਸ਼ੁਰੂਆਤੀ ਵਰਜ਼ਨ ਯੂਜ਼ਰ ਦੇ ਚਿਹਰੇ ਨੂੰ ਸਕੈਨ ਕਰਨ ਤੋਂ ਬਾਅਦ ਫੋਟੋਜ਼ ਐਪ ਵਿਚ ਉਸ ਨੂੰ ਲੱਭਦਾ ਹੈ ਅਤੇ ਉਹ ਸਜੈਸ਼ਨ ਦਿਖਾਉਂਦਾ ਹੈ ਕਿ ਉਹ ਕਿਸ ਤਰ੍ਹਾਂ ਦਿਖਦੇ ਹਨ।
ਇਸ ਤੋਂ ਇਲਾਵਾ ਇਹ ਟੂਲ ਯੂਜ਼ਰ ਦੀ ਇਜਾਜ਼ਤ ਤੋਂ ਬਿਨਾਂ ਉਸ ਦਾ ਬਾਇਓਮੈਟ੍ਰਿਕ ਡਾਟਾ ਵੀ ਸਟੋਰ ਰੱਖਦਾ ਹੈ। ਇਸ ਨਾਲ ਇਲੀਨੋਇਸ ਬਾਇਓਮੈਟ੍ਰਿਕ ਇਨਫਾਰਮੇਸ਼ਨ ਪ੍ਰਾਈਵੇਸੀ ਐਕਟ (Illinois Biometric Information Privacy Act) ਦਾ ਉਲੰਘਣ ਹੁੰਦਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ ਕੇਸ ਦੌਰਾਨ ਸਾਲ 2018 ਵਿਚ ਫੇਸਬੁੱਕ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਲੋਕ ਸੈਟਿੰਗ ਪੇਜ ‘ਤੇ ਜਾ ਕੇ ਫੇਸ਼ੀਅਲ ਰਿਕਗਨੀਸ਼ਨ ਤਕਨੀਕ ਨਾਲ ਯੂਜ਼ਰ ਪਰਮੀਸ਼ਨ ਨੂੰ ਬੰਦ ਕਰ ਸਕਦੇ ਹਨ ਪਰ ਪਿਛਲੇ ਸਾਲ ਅਗਸਤ ਵਿਚ 3-0 ਦੇ ਅਦਾਲਤ ਦੇ ਫੈਸਲੇ ਵਿਚ ਫੇਸਬੁੱਕ ਨੇ ਅਪੀਲ ਦਾ ਹੱਕ ਖੋ ਦਿੱਤਾ। ਇਸ ਤੋਂ ਬਾਅਦ ਹੁਣ ਫੇਸਬੁੱਕ ਨੂੰ 550 ਮਿਲੀਅਨ ਡਾਲਰ ਭੁਗਤਾਨ ਦੇ ਰੂਪ ਵਿਚ ਭਰਨ ਦੇ ਨਿਰਦੇਸ਼ ਦਿੱਤੇ ਗਏ ਹਨ।