ਯਾਰਾਂ ਨਾਲ ਤਕਿਆ ਕੁਫ਼ਰੀ ਦੀਆਂ ਬਰਫ਼ੀਲੀਆਂ ਵਾਦੀਆਂ ਦਾ ਨਜ਼ਾਰਾ (ਭਾਗ -1)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮਹੀਨਾ ਡੇਢ ਮਹੀਨਾ ਬੀਤ ਚੁੱਕਾ ਸੀ ਸਲਾਹ-ਮਸ਼ਵਰਾ ਕਰਦਿਆਂ ਨੂੰ ਕਿ ਕੁਦਰਤ ਦੇ ਅਦਭੁਤ ਨਜ਼ਾਰਿਆਂ ਦੀ ਸੈਰ ਕੀਤੀ ਜਾਵੇ। ਜਿਉਂ-ਜਿਉਂ ਉਹ ਦਿਨ ਨੇੜੇ ਆ ਰਿਹਾ ਸੀ, ਜਿਹੜੇ ...

Kufri

ਡੇਢ ਮਹੀਨਾ ਬੀਤ ਚੁੱਕਾ ਸੀ ਸਲਾਹ-ਮਸ਼ਵਰਾ ਕਰਦਿਆਂ ਨੂੰ ਕਿ ਕੁਦਰਤ ਦੇ ਅਦਭੁਤ ਨਜ਼ਾਰਿਆਂ ਦੀ ਸੈਰ ਕੀਤੀ ਜਾਵੇ। ਜਿਉਂ-ਜਿਉਂ ਉਹ ਦਿਨ ਨੇੜੇ ਆ ਰਿਹਾ ਸੀ, ਜਿਹੜੇ ਦਿਨ ਅਸੀ ਟੂਰ 'ਤੇ ਜਾਣਾ ਸੀ, ਤਿਉਂ-ਤਿਉਂ ਸਾਡੀਆਂ ਸਲਾਹਾਂ ਰੇਤ ਦੇ ਘਰ ਬਣਨ ਤੇ ਢਹਿ ਜਾਣ ਵਾਂਗ ਬਣਦੀਆਂ ਰਹਿੰਦੀਆਂ। ਪਹਿਲਾਂ ਸਾਡੇ ਵਲੋਂ ਦੋ ਗੱਡੀਆਂ ਲੈ ਜਾਣ ਦਾ ਵਿਚਾਰ ਬਣਾਇਆ ਗਿਆ ਤਾਕਿ ਸਾਡਾ ਯਾਰਾਂ-ਮਿੱਤਰਾਂ ਦਾ ਝੁੰਡ ਵੱਡਾ ਹੋ ਸਕੇ। ਪਰ ਕੁੱਝ ਸਾਥੀ ਅਪਣੇ ਘਰੇਲੂ ਕੰਮਕਾਜਾਂ 'ਚ ਰੁੱਝੇ ਹੋਣ ਕਾਰਨ ਨਾਲ ਜਾਣ ਤੋਂ ਆਨਾਕਾਨੀ ਕਰ ਗਏ।

ਮੇਰਾ ਵਿਚਾਰ ਵੀ ਟੂਰ ਨਾਲ ਜਾਣ ਦਾ ਕੋਈ ਪੱਕਾ ਨਹੀਂ ਸੀ। ਪਰ ਮੇਰੇ ਇਕ ਮਖ਼ਸੂਸ ਮਿੱਤਰ ਨੇ ਮੈਨੂੰ ਨਾਲ ਲੈ ਜਾਣ ਦੀ ਅਪਣੀ ਜ਼ਿੱਦ ਪੁਗਾ ਹੀ ਲਈ। ਇਕ ਰਾਤ ਵਿਚਾਲੇ ਸੀ, 26 ਜਨਵਰੀ ਦੀ ਸਵੇਰ ਹੋਣ ਨੂੰ। ਚੰਡੀਗੜ੍ਹ ਡਿਊਟੀ ਕਰਨ ਤੋਂ ਬਾਅਦ ਜਦੋਂ ਮੈਂ ਅਪਣੇ ਘਰ ਪਟਿਆਲੇ ਪਹੁੰਚਿਆ ਤਾਂ ਮੇਰੇ ਮਿੱਤਰ ਦਾ ਫ਼ੋਨ ਆਇਆ, ਕਹਿੰਦਾ, ''ਬਾਈ ਕਲ ਸਵੇਰੇ 8 ਵਜੇ ਚੰਡੀਗੜ੍ਹ ਪਹੁੰਚ ਜਾਵੀਂ, ਆਪਾਂ ਸ਼ਿਮਲੇ ਜ਼ਰੂਰ ਜਾਣੈ।'' ਮੈਂ ਥਕਿਆ ਜ਼ਿਆਦਾ ਸੀ। ਹਾਲੇ ਅੱਧਾ ਘੰਟਾ ਹੋਇਆ ਸੀ ਘਰ ਪੁੱਜੇ ਨੂੰ, ਇਸ ਲਈ ਮੈਂ ਨਾਲ ਜਾਣ ਤੋਂ ਅਸਮਰਥਾ ਜਤਾਈ ਅਤੇ ਵਿਚਾਰ ਕਰਨ ਲਈ ਕਿਹਾ।

ਮੁੜ ਇਕ ਘੰਟੇ ਉਪਰੰਤ ਫਿਰ ਫ਼ੋਨ ਆਇਆ ਤੇ ਉਸ ਦੇ ਵਾਰ-ਵਾਰ ਕਹਿਣ 'ਤੇ ਮੈਂ ਨਾਂਹ ਨਾ ਕਹਿ ਸਕਿਆ। ਆਖ਼ਰ 26 ਜਨਵਰੀ ਦੀ ਸਵੇਰ ਨੂੰ ਸ਼ਿਮਲੇ ਦੀਆਂ ਬਰਫ਼ੀਲੀਆਂ ਘਾਟੀਆਂ ਦੀ ਸੈਰ 'ਤੇ ਜਾਣਾ ਤੈਅ ਹੋ ਗਿਆ। ਅਗਲੀ ਸਵੇਰ ਮੈਂ ਘਰੋਂ ਕਮਰਕੱਸੇ ਕਰ ਕੇ ਪਟਿਆਲੇ ਤੋਂ ਕਰੀਬ 7.10 ਵਜੇ ਚੰਡੀਗੜ੍ਹ ਜਾਣ ਲਈ ਬਸ ਵਿਚ ਬੈਠ ਗਿਆ। ਬਸ ਨੇ ਪੂਰੇ ਇਕ ਘੰਟੇ ਵਿਚ ਚੰਡੀਗੜ੍ਹ ਟ੍ਰਿਬਿਊਨ ਚੌਕ 'ਤੇ ਮੈਨੂੰ ਉਤਾਰ ਦਿਤਾ ਤੇ ਉਥੋਂ ਮਿਥੀ ਹੋਈ ਥਾਂ 'ਤੇ ਅਸੀ ਸਾਰੇ ਯਾਰ-ਬੇਲੀ ਇਕੱਠੇ ਹੋਏ ਅਤੇ ਅਪਣੇ ਮਨ-ਪ੍ਰਚਾਵੇ ਲਈ ਉਤਸ਼ਾਹ ਤੇ ਉਮਾਹ ਨਾਲ ਮੰਜ਼ਿਲ ਵਲ ਵੱਧ ਗਏ। 

ਆਉ ਹੁਣ ਮੇਰੇ ਨਾਲ ਗਏ ਸਾਥੀਆਂ ਬਾਰੇ ਜ਼ਿਕਰ ਕਰਾਂ ਜੋ ਮੈਂ ਸਮਝਿਆ, ਜਾਚਿਆ ਤੇ ਵਾਚਿਆ। ਸਮੇਂ ਨੂੰ ਸ਼ਬਦਾਂ 'ਚ ਪਰੋਣਾ ਬਹੁਤ ਔਖਾ ਹੁੰਦੈ। ਪਹਿਲਾਂ ਗੱਲ ਕਰੀਏ ਮੇਰੇ ਉਪ੍ਰੋਕਤ ਮਖ਼ਸੂਸ ਦੋਸਤ ਦੀ ਜੋ ਕਿ ਸਾਡੀ ਗੱਡੀ ਦਾ ਡਰਾਈਵਰ ਵੀ ਸੀ ਤੇ ਸਾਡੇ ਟੂਰ 'ਤੇ ਜਾਣ ਲਈ ਸੱਭ ਤੋਂ ਵੱਧ ਸਹਿਯੋਗ ਦੇਣ ਵਾਲਾ ਨੀਤੀ ਘਾੜਾ ਵੀ। ਇਹ ਹੈ ਬਲਵਿੰਦਰ ਸਿੰਘ ਬੰਟੀ। ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਉਹ ਮਲੰਗ ਅਮਲੀ ਦਾ ਭੁਲੇਖਾ ਪਾਉਂਦਾ ਹੈ ਪਰ ਬਿਲਕੁਲ ਇਸ ਦੇ ਉਲਟ ਉਹ ਇਕ ਸਾਦਾ ਤੇ ਹਾਸਾ ਠੱਠਾ ਕਰਨ ਵਾਲਾ ਬੰਦਾ ਹੈ। ਜੋ ਕਿਸੇ ਵੀ ਬੰਦੇ ਦੀ ਗੱਲ ਕੱਟ ਕੇ ਢਿੱਲੀ ਚੂਲ ਵਿਚ ਫਾਨਾ ਠੋਕਣ ਦਾ ਕੰਮ ਕਰਦਾ ਹੈ।

ਬੰਟੀ ਦੇ ਮਜ਼ਾਕੀਆ ਮਿਜ਼ਾਜ ਦਾ ਕੋਈ ਹਿਸਾਬ-ਕਿਤਾਬ ਨਹੀਂ। ਸਾਡੇ ਸਫ਼ਰ ਦੀ ਜ਼ਿਆਦਾ ਵਾਟ ਮੁਕਾਉਣ ਦਾ ਸਿਹਰਾ ਜੇ ਜਾਂਦਾ ਹੈ ਤਾਂ ਉਹ ਬੰਟੀ ਦੇ ਸਿਰ 'ਤੇ। ਉਸ ਨੇ ਸਫ਼ਰ ਦੌਰਾਨ ਸਾਡੇ ਚਾਰਾਂ 'ਚੋਂ ਕੋਈ ਬੰਦਾ ਨਹੀਂ ਛਡਿਆ ਜਿਸ ਨੂੰ ਇਹ ਨਾ ਕਿਹਾ ਹੋਵੇ ਕਿ ਬਾਈ ਤੂੰ ਸੁਣਾ ਕੋਈ ਦਿਲ ਦੀ ਜਾਂ ਫਿਰ ਯਾਦਾਂ ਦੇ ਝਰੋਖੇ 'ਚੋਂ ਕੋਈ ਬਾਤ ਸਾਂਝੀ ਕਰ। ਹੁਣ ਗੱਲ ਕਰੀਏ ਦੂਜੇ ਸਾਥੀ ਦੀ ਜੋ ਅਪਣੇ ਕੱਦ-ਕਾਠ ਤੇ ਖੁੱਲ੍ਹੇ ਹੱਡਾਂ-ਪੈਰਾਂ ਕਾਰਨ ਬਾਡੀ ਬਿਲਡਰ ਜਾਪਦਾ ਹੈ। ਪਿਆਰ ਨਾਲ ਜਿਸ ਨੂੰ ਕਾਮਰੇਡ ਕਹਿੰਦੇ ਹਨ, ਉਹ ਹੈ ਰਾਜਿੰਦਰ ਕੁਮਾਰ। ਇਹ ਛੜਾ ਮੁੰਡਾ ਕੁਫ਼ਰੀ 'ਚ ਬਰਫ਼ ਦੀਆਂ ਚੋਟੀਆਂ ਇਸ ਤਰ੍ਹਾਂ ਸਰ ਕਰ ਰਿਹਾ ਸੀ

ਜਿਵੇਂ ਉਹ ਹਿਮਾਲੀਆ ਪਰਬਤ ਦੀ ਚੋਟੀ ਸਰ ਕਰ ਰਿਹਾ ਹੋਵੇ। ਉਸ ਨੇ ਬਰਫ਼ 'ਤੇ ਖਲੋ-ਖਲੋ ਕੇ ਇਸ ਤਰ੍ਹਾਂ ਤਸਵੀਰਾਂ ਖਿਚਵਾਈਆਂ ਜਿਵੇਂ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਹੋਵੇ। ਇਸ ਬੰਦੇ ਨੇ ਸਾਡੇ ਟੂਰ ਦੌਰਾਨ ਰੋਲ ਮਾਡਲ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਕ ਵਾਰ ਤਾਂ ਇਹ ਬਾਡੀ ਬਿਲਡਰ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹਾੜਾਂ ਦੀਆਂ ਘੁੰਮਣ-ਘੇਰੀਆਂ ਵਿਚ ਪੈਂਚਰ ਹੋ ਗਿਆ। ਪਰ ਉਸ ਦੇ ਉਤਸ਼ਾਹ ਤੇ ਜੋਸ਼ ਨੇ ਉਸ ਦੇ ਹੌਸਲੇ ਨੂੰ ਪਸਤ ਨਹੀਂ ਹੋਣ ਦਿਤਾ। ਸ਼ਿਮਲੇ ਦੀਆਂ ਪਹਾੜੀਆਂ 'ਚ ਪਈ ਬਰਫ਼ ਵੇਖ ਕੇ ਉਹ ਬਸੰਤ ਰੁੱਤ ਦੇ ਮੋਰ ਵਾਂਗ ਪੈਲਾਂ ਪਾਉਣ ਲੱਗਾ।

ਤੀਜਾ ਸਾਥੀ ਸਾਡਾ ਬਹੁਤ ਹੀ ਮਾੜਕੂ ਜਿਹਾ ਤੇ ਵੇਖਣ ਨੂੰ ਕਿਸੇ ਸਕੂਲ ਦਾ ਵਿਦਿਆਰਥੀ ਹੀ ਲਗਦਾ ਹੈ ਜਿਹੜਾ ਕਿ ਅਪਣੀ ਹਕਲਾਹਟੀ ਬੋਲੀ ਕਾਰਨ ਸਾਡੇ ਵਿਚਕਾਰ ਬੱਚਾ ਬਣ ਕੇ ਤਾਂ ਵਿਚਰਦਾ ਰਿਹਾ ਪਰ ਹੈ ਉਹ ਵੱਡੀ ਸ਼ੈਅ ਸੀ। ਉਹ ਵੱਡੀ ਗੱਲ ਕਹਿਣ ਦੀ ਸਮਰੱਥਾ ਰਖਦਾ ਹੈ। ਕਈ ਵਾਰ ਤਾਂ ਉਸ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੁੰਦੀ ਜਾਪਦੀ ਹੈ ਤੇ ਕਈ ਵਾਰ ਗੱਲ ਲਟਕਣ ਨਾਲ ਜੋ ਸਿੱਟਾ ਨਿਕਲਦਾ ਹੈ, ਉਹ ਕਿਸੇ ਦੀ ਵੀ ਸਮਝ ਤੋਂ ਬਾਹਰ ਹੋ ਸਕਦਾ ਹੈ। ਪਰ ਇਕ ਗੱਲ ਤਾਂ ਕਹਿਣੀ ਬਣਦੀ ਹੈ ਕਿ ਉਸ ਨੇ ਸਾਡੇ ਸਫ਼ਰ ਦੌਰਾਨ ਕਿਸੇ ਨੂੰ ਵੀ ਬੋਰ ਨਹੀਂ ਹੋਣ ਦਿਤਾ। ਕੋਈ ਨਾ ਕੋਈ ਗੱਲ ਸੁਣਾ ਕੇ ਸੱਭ ਦਾ ਮਨੋਰੰਜਨ ਕਰਦਾ ਰਿਹਾ। ਬਰਫ਼ੀਲੀਆਂ ਪਹਾੜੀਆਂ 'ਚ ਉਸ ਨੇ ਵੀ ਖ਼ੂਬ ਲੁਤਫ਼ ਲਿਆ ਤੇ ਸਾਰਿਆਂ ਨਾਲੋਂ ਜ਼ਿਆਦਾ ਤਸਵੀਰਾਂ ਕੈਮਰੇ 'ਚ ਉਸ ਦੀਆਂ ਹੀ ਕੈਦ ਹੋਈਆਂ।  
(ਚਲਦਾ) ਮੋਬਾਈਲ : 99156-28853