ਸ਼ਹੀਦਾਂ ਦੀ ਧਰਤੀ ਕਾਰਗਿਲ ਦੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

26 ਜੁਲਾਈ 1999, ਉਹ ਇਤਿਹਾਸਕ ਦਿਹਾੜਾ ਹੈ ਜਦੋਂ ਭਾਰਤੀ ਫ਼ੌਜ ਨੇ ਕਾਰਗਿਲ ਵਿਖੇ ਪਾਕਿਸਤਾਨੀਆਂ ਦੇ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਤੇ ਦੁਸ਼ਮਣਾਂ ਨੂੰ ਬੁਰੀ ਤਰ੍ਹਾਂ ਹਰਾਇਆ

Kargil

26 ਜੁਲਾਈ 1999, ਉਹ ਇਤਿਹਾਸਕ ਦਿਹਾੜਾ ਹੈ ਜਦੋਂ ਭਾਰਤੀ ਫ਼ੌਜ ਨੇ ਕਾਰਗਿਲ ਵਿਖੇ ਪਾਕਿਸਤਾਨੀਆਂ ਦੇ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੁਸ਼ਮਣਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਜਗ੍ਹਾ ਉਨ੍ਹਾਂ ਮਹਾਨ ਫ਼ੌਜੀ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਾਇਆ ਗਿਆ ਹੈ ਤਾਕਿ ਉਨ੍ਹਾਂ ਦੀ ਕੁਰਬਾਨੀ ਅਤੇ ਯਾਦ ਭਾਰਤੀਆਂ ਦੇ ਦਿਲਾਂ ਵਿਚ ਹਮੇਸ਼ਾ ਤਾਜ਼ਾ ਰਹੇ। ਅਸੀ ਪ੍ਰਵਾਰ ਸਮੇਤ ਅਪਣੇ ਸਫ਼ਰ 'ਤੇ ਸ੍ਰੀ ਨਗਰ ਤੋਂ ਲੇਹ ਵਲ ਜਾ ਰਹੇ ਸੀ। ਸ੍ਰੀਨਗਰ ਤੋਂ ਲੇਹ ਨੂੰ ਆਪਸ ਵਿਚ ਜੋੜਨ ਵਾਲੀ ਸੜਕ ਨੂੰ ਨੇਸ਼ਨਲ ਹਾਈਵੇ-1 ਡੈਲਟਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਦਰਾਸ ਇਲਾਕੇ ਵਿਚੋਂ ਗੁਜ਼ਰਦੇ ਸਮੇਂ ਅਸੀ 'ਵਾਰ ਮੈਮੋਰੀਅਲ' ਸਾਹਮਣਿਉਂ ਲੰਘੇ। ਅਸੀ ਸੋਚਿਆ ਕਿ ਫ਼ੌਜੀ ਇਲਾਕਾ ਹੋਣ ਕਾਰਨ ਪਤਾ ਨਹੀਂ ਅੰਦਰ ਜਾਣ ਦੇਣਗੇ ਜਾਂ ਨਹੀਂ? ਅਸੀ ਗੇਟ 'ਤੇ ਡਿਊਟੀ ਕਰ ਰਹੇ ਜਵਾਨ ਨੂੰ ਇਸ਼ਾਰੇ ਨਾਲ ਪੁਛਿਆ ਕਿ ਕੀਅਸੀ ਬਾਹਰੋਂ ਇਸ ਜਗ੍ਹਾ ਦੀ ਇਕ ਤਸਵੀਰ ਲੈ ਸਕਦੇ ਹਾਂ? ਉਸ ਨੇ ਸਾਨੂੰ ਉਸ ਵਾਰ ਮੈਮੋਰੀਅਲ ਦੇ ਅੰਦਰ ਜਾਣ ਦੀ ਇਜਾਜ਼ਤ ਦੇ ਦਿਤੀ ਅਤੇ ਕਿਹਾ ਕਿ ਤੁਸੀ ਇਸ ਨੂੰ ਅੰਦਰ ਜਾ ਕੇ ਪੂਰੀ ਤਰ੍ਹਾਂ ਵੇਖ ਸਕਦੇ ਹੋ।

ਇਸ ਨਾਲ ਸਾਡੀ ਖ਼ੁਸ਼ੀ ਦੀ ਕੋਈ ਹਦ ਨਾ ਰਹੀ ਕਿ ਸਾਨੂੰ ਕਾਰਗਿਲ ਦੀ ਇੰਨੀ ਵੱਡੀ ਇਤਿਹਾਸਕ ਜਿੱਤ ਵਾਲੀ ਥਾਂ ਵੇਖਣ ਦੀ ਇਜਾਜ਼ਤ ਮਿਲ ਗਈ ਸੀ। ਅਸੀ ਮੇਨ ਗੇਟ ਤੋਂ ਅੰਦਰ ਵਲ ਜਾਣਾ ਸ਼ੁਰੂ ਕੀਤਾ। ਬਹੁਤ ਵੱਡਾ ਇਲਾਕਾ ਅਤੇ ਉਸ ਦੀ ਚਾਰਦੀਵਾਰੀ ਕੀਤੀ ਹੋਈ ਸੀ। ਆਸ ਪਾਸ ਬਰਫ਼ ਨਾਲ ਢੱਕੇ ਉੱਚੇ ਪਰਬਤ ਦਿਸ ਰਹੇ ਸਨ। ਸੁੰਦਰ ਹਰੇ-ਭਰੇ ਬਗ਼ੀਚੇ ਜਿਵੇਂ ਸਾਨੂੰ ਜੀ ਆਇਆਂ ਨੂੰ ਕਹਿ ਰਹੇ ਹੋਣ। ਇਮਾਰਤ ਦੇ ਅੰਦਰ ਵੜਦਿਆਂ ਹੀ ਸੱਜੇ ਪਾਸੇ ਹੈਲੀਪੈਡ ਬਣਾਇਆ ਗਿਆ ਸੀ।

ਇਕ ਪਾਸੇ ਸੈਲਾਨੀਆਂ ਲਈ ਕੰਨਟੀਨ ਵਿਚ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਮੇਨ ਗੇਟ ਤੋਂ ਕੁੱਝ ਕੁ ਦੂਰੀ 'ਤੇ ਸਾਹਮਣੇ 'ਅਮਰ ਜਵਾਨ ਜੋਤੀ ਜਗ ਰਹੀ ਸੀ। ਅਸੀ ਸੱਭ ਤੋਂ ਪਹਿਲਾਂ ਅਮਰ ਜਵਾਨ ਜੋਤੀ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਫਿਰ ਅਸੀ ਉਥੇ ਆਲਾ ਦੁਆਲਾ ਵੇਖਣ ਲਗੇ। ਦਰਾਸ ਦਾ ਇਹ ਇਲਾਕਾ ਸਾਰੇ ਪਾਸਿਆਂ ਤੋਂ ਉੱਚੇ-ਉੱਚੇ ਬਰਫ਼ੀਲੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਹਰ ਸਮੇਂ ਤੇਜ਼ ਠੰਢੀਆਂ ਹਵਾਵਾਂ ਚਲਦੀਆਂ ਰਹਿੰਦੀਆਂ ਹਨ।

ਇਕ ਫ਼ੌਜੀ ਜਵਾਨ ਸਾਡੇ ਕੋਲ ਆਇਆ ਅਤੇ ਉਸ ਨੇ ਸਾਨੂੰ ਕਾਰਗਿਲ ਦੇ ਯੁੱਧ ਬਾਰੇ ਜਾਣਕਾਰੀ ਦਿਤੀ। ਜਿਥੇ ਅਸੀ ਅਮਰ ਜਵਾਨ ਜੋਤੀ ਕੋਲ ਖੜੇ ਸੀ ਉਥੋਂ ਪਿਛਲੇ ਪਾਸੇ ਪਹਾੜੀਆਂ ਵਲ ਇਸ਼ਾਰਾ ਕਰ ਕੇ ਉਸ ਨੇ ਸਾਨੂੰ ਦਸਣਾ ਸ਼ੁਰੂ ਕੀਤਾ ਕਿ ਉਨ੍ਹਾਂ ਪਹਾੜਾਂ ਦਾ ਨਾਂ ਤੋਲੋਲਿੰਗ ਪਹਾੜ ਹੈ। ਉਸੇ ਦੇ ਨਾਲ ਟਾਈਗਰ ਹਿਲ ਅਤੇ ਪੁਆਇੰਟ 4875 ਨੂੰ 'ਕੈਪਟਨ ਬਤਰਾ ਟਾਪ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਹਾੜੀ 'ਤੇ ਕੈਪਟਨ ਬਤਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਸ ਜਵਾਨ ਨੇ ਦਸਿਆ ਕਿ ਕਾਰਗਿਲ ਜੰਗ ਦਾ ਮੁੱਖ ਕਾਰਨ ਸ਼ਿਮਲਾ ਸਮਝੌਤੇ ਦੌਰਾਨ 'ਲਾਈਨ ਆਫ਼ ਕੰਟਰੋਲ' (ਐਲਓਸੀ) ਦਾ ਵਿਵਾਦ ਸੀ। ਸਰਦੀਆਂ ਵਿਚ ਭਾਰਤ ਦੇ ਹਿੱਸੇ ਵਲ ਤਾਪਮਾਨ ਮਨਫ਼ੀ -20 ਡਿਗਰੀ ਤਕ ਪਹੁੰਚ ਜਾਂਦਾ ਹੈ।

ਸਰਦੀਆਂ ਵਿਚ ਫ਼ੌਜੀ ਇਸ ਜਗ੍ਹਾ ਤੋਂ ਕੁੱਝ ਥੱਲੇ ਵਲ ਕੂਚ ਕਰ ਜਾਂਦੇ ਹਨ। ਜਦੋਂ ਸਰਦੀਆਂ ਤੋਂ ਬਾਅਦ ਮਈ ਦੇ ਮਹੀਨੇ ਵਿਚ ਫ਼ੌਜ ਫਿਰ ਲਾਈਨ ਆਫ਼ ਕੰਟਰੋਲ 'ਤੇ ਅਪਣੇ ਮੋਰਚੇ ਸੰਭਾਲਣ ਗਈ ਤਾਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਸ੍ਰੀ ਨਗਰ-ਲੇਹ ਮਾਰਗ 'ਤੇ ਹੀ ਦੁਸ਼ਮਣਾਂ ਨੇ ਹਮਲੇ ਸ਼ੁਰੂ ਕਰ ਦਿਤੇ। ਪਾਕਿਸਤਾਨੀਆਂ ਨੇ 150 ਕਿਲੋਮੀਟਰ ਤਕ ਦੇ ਖੇਤਰ 'ਤੇ ਕਬਜ਼ਾ ਜਮਾਇਆ ਹੋਇਆ ਸੀ। ਇਹ ਲਗਭਗ ਗੁਮਰੀ ਤੋਂ ਲੈ ਕੇ ਦਖਣੀ ਗਲੇਸ਼ੀਅਰ ਤਕ ਦਾ ਇਲਾਕਾ ਬਣਦਾ ਹੈ। ਸੱਭ ਤੋਂ ਪਹਿਲਾਂ ਭਾਰਤੀ ਫ਼ੌਜ ਨੇ ਦੁਸ਼ਮਣ ਦੇ ਹਮਲੇ ਦਾ ਜੁਆਬ ਤੋਲੋਲਿੰਗ ਪਹਾੜ ਤੋਂ ਦਿਤਾ। ਜਦੋਂ ਦੁਸ਼ਮਣ ਫ਼ੌਜ ਪਹਾੜ ਦੀਆਂ ਚੋਟੀਆਂ 'ਤੇ ਮੋਰਚੇ ਲਗਾ ਕੇ ਬੈਠੀ ਹੋਵੇ, ਉਸ ਵੇਲੇ ਉਨ੍ਹਾਂ ਨਾਲ ਜੂਝਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ।

ਭਾਰਤੀ ਫ਼ੌਜ ਫਿਰ ਵੀ ਉਨ੍ਹਾਂ ਵਿਰੁਧ ਡਟੀ ਰਹੀ। ਬਰਫ਼ੀਲੇ ਇਲਾਕੇ 'ਚ ਦਿਨ-ਰਾਤ ਦੁਸ਼ਮਣਾਂ ਨਾਲ ਪੂਰੀ ਤਰ੍ਹਾਂ ਬਹਾਦਰੀ ਨਾਲ ਲੜਦਿਆਂ ਕਈ ਭਾਰਤੀ ਜਵਾਨ ਸ਼ਹੀਦ ਹੋ ਗਏ ਪਰ ਦੁਸ਼ਮਣਾਂ ਦੇ ਮਨਸੂਬੇ ਪੂਰੇ ਨਾ ਹੋਣ ਦਿਤੇ। ਅਮਰ ਜਵਾਨ ਜੋਤੀ ਦੇ ਸੱਜੇ ਹੱਥ ਸੋਵਨੀਅਰ ਹਾਲ ਹੈ, ਜਿਸ ਵਿਚ ਇਸ ਯੁਧ ਦੀ ਯਾਦ ਵਿਚ ਕਈ ਵਸਤਾਂ ਸਾਂਭੀਆਂ ਗਈਆਂ ਹਨ। ਸੋਵਨੀਅਰ ਹਾਲ ਦੇ ਨਾਲ ਇਕ ਬਹੁਤ ਵਿਸ਼ਾਲ ਇਮਾਰਤ ਬਣਾਈ ਗਈ ਹੈ, ਜਿਸ ਨੂੰ ਅੱਗੋ ਕਈ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਇਮਾਰਤ ਦਾ ਨਾ 'ਮੇਜਰ ਪਾਂਡੇ ਆਪਰੇਸ਼ਨ ਵਿਜੈ ਗੈਲਰੀ' ਰਖਿਆ ਗਿਆ ਹੈ। ਇਸ ਅੰਦਰ ਵੜਦਿਆਂ ਹੀ ਸਾਹਮਣੇ ਭਾਰਤ ਦਾ ਤਿਰੰਗਾ ਅਤੇ ਭਾਰਤੀ ਫ਼ੌਜ ਦਾ ਝੰਡਾ, ਦੋਵੇਂ ਸੱਭ ਦਾ ਸੁਆਗਤ ਕਰਦੇ ਹਨ।

ਹਾਲ ਦੇ ਸ਼ੁਰੂ ਵਿਚ ਖੱਬੇ ਹੱਥ ਅਖ਼ਬਾਰਾਂ ਦੀਆਂ ਉਨ੍ਹਾਂ ਦਿਨਾਂ ਦੀਆਂ ਖ਼ਬਰਾਂ ਬਹੁਤ ਵੱਡੇ ਫਰੇਮ ਵਿਚ ਦੀਵਾਰ 'ਤੇ ਸੁਸ਼ੋਭਿਤ ਕੀਤੀਆਂ ਗਈਆਂ ਹਨ। ਜਿੰਨੇ ਫ਼ੌਜੀ ਇਸ ਯੁੱਧ ਵਿਚ ਸ਼ਹੀਦ ਹੋਏ ਉਨ੍ਹਾਂ ਸੱਭ ਦੇ ਨਾਂ ਸੁਨਹਿਰੀ ਅੱਖਰਾਂ ਵਿਚ ਦੀਵਾਰ 'ਤੇ ਲਿਖੇ ਗਏ ਹਨ।ਅਗਲੇ ਹਿੱਸੇ ਵਿਚ ਯੁੱਧ ਵਿਚ ਫ਼ੌਜੀਆਂ ਵਲੋਂ ਵਰਤਿਆ ਸਮਾਨ ਸੰਭਾਲ ਕੇ ਰਖਿਆ ਗਿਆ ਹੈ। ਉਸ ਹਾਲ ਵਿਚ ਹਰ ਪਾਸੇ ਯੁੱਧ ਨਾਲ ਸਬੰਧਤ ਚੀਜ਼ਾਂ, ਯੁੱਧ ਵਾਲਾ ਮਾਹੌਲ, ਬਸ ਇਵੇਂ ਲਗ ਰਿਹਾ ਸੀ ਕਿ ਅਸੀ ਵੀ ਇਸੇ ਯੁੱਧ ਦਾ ਹੀ ਹਿੱਸਾ ਹੋਈਏ। ਇਕ ਪਾਸੇ ਹਰੀਵੰਸ਼ ਰਾਏ ਬਚਨ ਵਲੋਂ ਰਚਿਤ ਕਵਿਤਾ 'ਅਗਨੀ ਪੱਥ' ਦੀਵਾਰ 'ਤੇ ਲਗਾਈ ਹੋਈ ਹੈ।

ਯੁੱਧ ਦੇ ਦਿਨਾਂ ਦੀਆਂ ਖ਼ਬਰਾਂ, ਲੋਕਾਂ ਵਲੋਂ ਲਿਖੇ ਲੇਖ ਆਦਿ ਸੱਭ ਕੁੱਝ ਲੈਮੀਨੇਸ਼ਨ ਕਰਵਾ ਕੇ ਫਾਈਲਾਂ ਵਿਚ ਸੰਭਾਲੇ ਹੋਏ ਹਨ। ਸਚਮੁਚ ਹੀ ਉਸ ਮਾਹੌਲ ਵਿਚ ਦੇਸ਼ ਭਗਤੀ ਦਾ ਜ਼ਜ਼ਬਾ ਮਹਿਸੂਸ ਹੋ ਰਿਹਾ ਸੀ। ਗੈਲਰੀ ਤੋਂ ਬਾਹਰ ਜਾਣ ਲਗਿਆਂ ਇਕ ਪਾਸੇ ਰਜਿਸਟਰ ਰਖਿਆ ਗਿਆ ਹੈ, ਜਿਸ ਵਿਚ ਉਥੇ ਜਾਣ ਵਾਲੇ ਅਪਣੇ ਵਿਚਾਰ ਅਤੇ ਦਸਖ਼ਤ ਦਰਜ ਕਰਦੇ ਹਨ। ਸਾਨੂੰ ਫ਼ਖ਼ਰ ਹੈ ਅਪਣੀ ਬਹਾਦਰ ਭਾਰਤੀ ਫ਼ੌਜ 'ਤੇ ਜੋ ਦਿਨ ਰਾਤ ਸਾਡੀ ਹਿਫ਼ਾਜ਼ਤ ਕਰਦੀ ਹੈ। ਇਸ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਕੇ ਅਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਹੋਰ ਵੀ ਵਧ ਮਹਿਸੂਸ ਹੋ ਰਹੀ ਸੀ। ਇਸ ਥਾਂ ਦੀਆਂ ਅਨੇਕਾਂ ਯਾਦਾਂ ਸੰਜੋਅ ਕੇ ਅਸੀ ਅਪਣਾ ਅਗਲਾ ਲੇਹ ਵਲ ਦਾ ਸਫ਼ਰ ਸ਼ੁਰੂ ਕੀਤਾ।

ਚਲੋ ਆਜ ਫਿਰ ਵੋ ਨਜ਼ਾਰਾ ਯਾਦ ਕਰ ਲੇਂ,
ਸ਼ਹੀਦੋਂ ਕੇ ਦਿਲੋਂ ਮੇਂ ਥੀ, ਵੋ ਜਵਾਲਾ ਯਾਦ ਕਰ ਲੇਂ।
ਜਿਸਮੇਂ ਬਹ ਕਰ ਆਜ਼ਾਦੀ ਪਹੁੰਚੀ ਥੀ ਕਿਨਾਰੇ ਪੇ,
ਦੇਸ਼ ਭਗਤੋਂ ਕੇ ਖ਼ੂਨ ਕੀ ਵੋ ਧਾਰਾ ਯਾਦ ਕਰ ਲੇਂ।

Email :aurandleeb@gmail.com
ਅੰਦਲੀਬ ਕੌਰ