ਕਿਸੇ ਅਜੂਬੇ ਤੋਂ ਘੱਟ ਨਹੀਂ 'ਵਿਰਾਸਤ ਏ ਖ਼ਾਲਸਾ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ।

Virasat-e-Khalsa

ਸ੍ਰੀ ਅਨੰਦਪੁਰ ਸਾਹਿਬ : ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ-ਏ-ਖਾਲਸਾ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ੍ਰੀ ਮੋਸ਼ੇ ਸੈਫਦੀ, ਜਿਸ ਵਲੋਂ ਯੇਰੋਸ਼ਲਮ ਵਿਚ ਹੋਲੋ-ਕਾਸ਼ਟ ਮਿਊਜ਼ੀਅਮ ਵੀ ਤਿਆਰ ਕੀਤੀ ਗਈ ਸੀ, ਨੇ ਡਿਜ਼ਾਇਨ ਕੀਤਾ ਹੈ।

ਵਿਰਾਸਤ-ਏ-ਖਾਲਸਾ ਵਿਚ ਕੌਮੀ ਇਤਿਹਾਸ ਨੂੰ ਪੇਸ਼ ਕਰਨ ਲਈ ਪੂਰਬ ਵਲ ਫੁੱਲ ਇਮਾਰਤ ਅਤੇ ਕਿਸ਼ਤੀ ਇਮਾਰਤ ਬਣਾਏ ਗਏ ਹਨ। ਆਰਚੀਟੈਕਟ ਵਲੋਂ ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜ ਪਿਆਰਿਆਂ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰਖਿਆ ਗਿਆ ਹੈ।

ਵਿਰਾਸਤ-ਏ-ਖ਼ਾਲਸਾ’ ਦੇ ਪਹਿਲੇ ਪੜਾਅ ‘ਚ 14 ਗੈਲਰੀਆਂ ਦੇ ਦਰਸ਼ਨਾਂ ਦੌਰਾਨ ਸੈਲਾਨੀ ਇਥੇ ਪੰਜਾਬ ਦੇ ਸੱਭਿਆਚਾਰ, ਰਹਿਣ-ਸਹਿਣ, ਸਿੱਖ ਧਰਮ ਦੇ ਉਦੈ, ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤਕ ਦਾ ਇਤਿਹਾਸ ਮਲਟੀ ਮੀਡੀਆ ਅਤਿ-ਆਧੁਨਿਕ ਤਕਨੀਕਾਂ ਜ਼ਰੀਏ ਵੇਖਦੇ ਤੇ ਸੁਣਦੇ ਹਨ। ਪਹਿਲੇ ਪੜਾਅ ਵਿਚ ਜ਼ਿਆਦਾਤਰ ਇਤਿਹਾਸ ਤਸਵੀਰਾਂ ਜਾਂ ਕਲਾਕ੍ਰਿਤਾਂ ਰਾਹੀਂ ਵਿਖਾਇਆ ਗਿਆ ਹੈ।

ਦੂਜੇ ਪੜਾਅ ‘ਚ ਪੰਦਰ੍ਹਵੀਂ ਗੈਲਰੀ ਤੋਂ ਲੈ ਕੇ ਸਤਾਈ ਵੀਂ ਗੈਲਰੀ ਤਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ (1708-1947 ਈਸਵੀ) ਤਕ ਪੰਜਾਬ ਦੇ ਅਮੀਰ ਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਹਸਤਕਲਾ, ਅਤਿ-ਆਧੁਨਿਕ ਮਲਟੀ ਮੀਡੀਆ ਤਕਨਾਲੋਜੀ ਤੋਂ ਇਲਾਵਾ ਥ੍ਰੀ-ਡੀ ਤਕਨੀਕ ਸਮੇਤ ਆਲ੍ਹਾ ਦਰਜੇ ਦੇ ਆਡੀਓ ਤੇ ਵੀਡੀਓ ਕੰਨਟੈਂਟ ਨਾਲ ਇਸ ਕਦਰ ਲੜੀ ‘ਚ ਪ੍ਰੋਇਆ ਗਿਆ ਹੈ ਕਿ ਦਰਸ਼ਕ ਖੁਦ ਆਪਣੇ ਆਪ ਨੂੰ ਉਸ ਕਾਲ ਵਿਚ ਜੀਵੰਤ ਮਹਿਸੂਸ ਕਰਨ ਲੱਗਦੇ ਹਨ।

ਇਸ ਅਦੁੱਤੀ ਨਿਰਮਾਣ ਕਾਰਜ ਦਾ ਬਜਟ 327.20 ਕਰੋੜ ਰੁਪਏ ਸੀ। ਸਿਵਲ ਵਰਕ ਦਾ ਬਜਟ 185.53 ਕਰੋੜ, ਡਿਜ਼ਾਈਨ ਵਰਕ ਦਾ 122.63 ਕਰੋੜ ਅਤੇ ਪ੍ਰਸ਼ਾਸਨਿਕ ਵਰਕ ਦਾ ਬਜਟ 19.04 ਕਰੋੜ ਰਖਿਆ ਗਿਆ ਸੀ।

ਗੈਲਰੀ ਦੇ ਅੰਦਰ ਦਾਖਲ ਹੁੰਦਿਆਂ ਹੀ ‘‘ਲੋਕ ਗੀਤ ਦੇ ਸੁਰੀਲੇ ਬੋਲ ਸੁਣਾਈ ਦਿੰਦੇ ਹਨ। ਸੱਜੇ ਹੱਥ ਸ਼ੁਰੂ ਹੁੰਦਿਆਂ ਹੀ ਡੀ.ਏ.ਵੀ. ਸਕੂਲ ਬਿਲਡਿੰਗ ਦੀ ਚਿੱਤਰਕਾਰੀ ਨਜ਼ਰ ਆਵੇਗੀ। ਡੀ.ਏ.ਵੀ. ਸੰਸਥਾ ਦਾ ਗਠਨ ਤਾਂ 1885 ਈ: ਵਿੱਚ ਹੋਇਆ ਹੈ, ਨਾ ਤਾਂ ਪੰਜਾਬ ਤੇ ਨਾ ਖਾਲਸਾ ਦਾ ਇਤਿਹਾਸ 19ਵੀਂ ਸਦੀ ਦੇ ਅੰਤ ਵਿੱਚ ਆਰੰਭ ਹੋਇਆ ਹੈ ਅਤੇ ਨਾ ਹੀ ਖਤਮ। ਹੋਰ ਪੰਜਾਬੀ ਗਾਣਿਆਂ ਨੂੰ ਸੁਣ ਅਤੇ ਜ਼ਿਮੀਂਦਾਰਾ ਢਾਬੇ ਵਰਗੇ ਚਿੱਤਰ ਵੇਖ ਕੇ ਮਨ ਨੂੰ ਖੁਸ਼ੀ ਮਿਲਦੀ ਹੈ।

ਪੰਜਾਬ ਦਾ ਇਤਿਹਾਸ ਵੀ ਮੁੱਢਲੇ ਵਸਨੀਕਾਂ ਨੂੰ ਆਰੀਆ ਵਲੋਂ ਫਤਹਿ ਕਰਨਾ, ਬੁੱਧ ਧਰਮ ਦਾ ਆਗਮਨ, ਮਿਸਰ ਦੇ ਬਾਦਸ਼ਾਹ ਵਲੋਂ ਫਤਹਿ, ਮੁਸਲਮਾਨ ਹਮਲਾਵਰ ਗਜਨਵੀ, ਗੌਰੀ, ਗੁਲਾਮ ਖਿਲਜੀ ਤੁਗਲਕ, ਤੈਮੂਰ, ਸਯਦ, ਲੋਧੀ ਮੁਗਲ ਖਾਨਦਾਨ ਤੋਂ ਸਿੱਖ ਰਾਜ ਵੱਲ ਆਉਂਦਾ ਹੈ। ਇਸ ਖੇਤਰ ਵਿੱਚ ਵੇਦਾਂ ਦੀ ਰਚਨਾ ਹੋਈ, ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ ਗਿਆ, ਸੂਫੀ ਤੇ ਗੁਰਮਤਿ ਗਿਆਨ,ਬਹਾਦਰ ਯੋਧਿਆਂ ਦੀਆਂ ਵਾਰਾਂ, ਚਰਿੱਤਰਵਾਨ ਪੂਰਨ ਭਗਤ ਦਾ ਕਿੱਸਾ ਆਦਿ ਪੰਜਾਬੀਆਂ ਦਾ ਮਨ ਭਾਉਂਦਾ ਸੰਗੀਤ ਸੁਣੇਗਾ।

ਅੱਗੇ ਦਸ ਗੁਰੂ ਸਾਹਿਬਾਨ ਦੇ ਨਾਲ ਸਬੰਧਤ ਗੈਲਰੀਆਂ ਹਨ। ਅਸਾਮ ਦਾ ਰਾਜਾ ਰਤਨ ਰਾਇ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨਾਲ ਪੈਦਾ ਹੋਣਾ ਮੰਨਦਾ ਸੀ ਨੂੰ ਵੀ ਗੈਰ ਸਿੱਖ ਸਰੂਪ ਵਿੱਚ ਘੋੜੇ ’ਤੇ ਬੈਠਾ ਵਿਖਾਇਆ ਗਿਆ ਹੈ ।ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖ਼ਾਲਸਾ’ ਦੇ ਹੋਂਦ ਵਿਚ ਆਉਣ ਦੇ ਪਿਛੋਕੜ ਦੀ ਵੀ ਆਪਣੇ-ਆਪ ਵਿਚ ਇਕ ਦਿਲਚਸਪ ਕਹਾਣੀ ਹੈ, ਇਕ ਇਤਿਹਾਸਕ ਸਬੰਧ ਹੈ ਤੇ ਅਹਿਮ ਇਤਫ਼ਾਕ ਵੀ।