ਛਟ੍ਹਾਲੇ ਦੀ ਟਰਾਲੀ (ਭਾਗ 4) 

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਅੰਦਰੋ-ਅੰਦਰ ਰਿਝਦਾ-ਕਰਿਝਦਾ ਖੂਹ ਦੇ ਪਿੱਪਲ ਤੋਂ ਕੁੱਝ ਟਾਹਣੀਆਂ ਤੋੜ ਲਿਆਇਆ। ਚੋਰੀ ਕੀਤੇ ਹੋਏ ਪੱਠਿਆਂ ਦਾ ਖੇਤਰ ਦਰਸਾਉਣ ਲਈ, ਓਨੇ ਕੁ ਹਿੱਸੇ ਦੁਆਲੇ, ਸਿੱਲੀ ਪੈਲੀ...

Trifolium alexandrinum

ਅੰਦਰੋ-ਅੰਦਰ ਰਿਝਦਾ-ਕਰਿਝਦਾ ਖੂਹ ਦੇ ਪਿੱਪਲ ਤੋਂ ਕੁੱਝ ਟਾਹਣੀਆਂ ਤੋੜ ਲਿਆਇਆ। ਚੋਰੀ ਕੀਤੇ ਹੋਏ ਪੱਠਿਆਂ ਦਾ ਖੇਤਰ ਦਰਸਾਉਣ ਲਈ, ਓਨੇ ਕੁ ਹਿੱਸੇ ਦੁਆਲੇ, ਸਿੱਲੀ ਪੈਲੀ ਵਿਚ, ਟਾਹਣੀਆਂ ਗੱਡ ਕੇ ਹਦਬੰਦੀ ਕਰ ਦਿਤੀ ਅਤੇ ਗੁੱਸੇ ਵਿਚ ਬੁੜਬੁੜਾਉਂਦਾ ਹੋਇਆ ਪੱਠੇ ਵੱਢਣ ਲਗਾ। ਇਸ ਚੋਰੀ ਦਾ, ਉਸ ਦੇ ਦਿਲ-ਦਿਮਾਗ ਉਤੇ ਬੜਾ ਅਸਰ ਹੋ ਗਿਆ ਸੀ। ਗ਼ੁਰਬਤ ਦੀ ਮਾਰ, ਪਹਿਲਾਂ ਸ਼ਹਿਰ ਵਿਚ ਜਾ ਕੇ ਮਿਹਨਤ-ਮਜ਼ਦੂਰੀ ਕਰਨੀ, ਫਿਰ ਡੰਗਰ ਸਾਂਭਣੇ, ਮੁੱਲ ਦੇ ਪੱਠੇ ਅਤੇ ਉਹ ਵੀ ਕੋਈ ਹੋਰ ਵੱਢ ਕੇ ਲੈ ਗਿਆ।

ਪੰਡ ਚੁੱਕ ਕੇ ਘਰ ਨੂੰ ਆ ਰਿਹਾ ਰੁਲਦੂ ਜਦ ਛੱਪੜ ਕੋਲ ਪੁੱਜਾ ਤਾਂ ਸਾਈਕਲ ਤੇ ਜਾਂਦਾ ਹੋਇਆ ਦੁੱਲਾ ਉਸ ਕੋਲੋਂ ਦੀ ਲੰਘਿਆ। ਸ਼ਾਇਦ ਉਸ ਨੇ ਰੁਲਦੂ ਨੂੰ ਵੇਖਿਆ ਨਹੀਂ ਸੀ। ਰੁਲਦੂ ਨੂੰ ਇਕਦਮ ਉਸ ਉਤੇ ਸ਼ੱਕ ਹੋ ਗਿਆ। ਬਿਨਾਂ ਕਿਸੇ ਦੇ ਕਹੇ ਅਤੇ ਬਿਨਾਂ ਕਿਸੇ ਸਬੂਤ ਦੇ, ਉਹ ਦੁੱਲੇ ਨੂੰ ਹੀ ਪੱਠਿਆਂ ਦਾ ਚੋਰ ਸਮਝਣ ਲੱਗਾ। ਉਸ ਨੂੰ ਜਾਂਦੇ ਨੂੰ ਪਿਛੋਂ ਵੇਖ ਕੇ ਇਕਦਮ ਉਸ ਦੇ ਮੂੰਹ 'ਚੋਂ ਗਾਲ ਨਿਕਲ ਗਈ, ''ਭੈਂ.....ਚੋਰੀਆਂ ਕਰਦੈਂ...ਸਵੇਰੇ ਵੇਖੂੰ ਤੈਨੂੰ।'' ਸਵੇਰ ਸਾਰ ਹੀ ਲੰਬੜਦਾਰ ਨੇ ਦੁੱਲੇ ਨੂੰ ਸੱਦ ਲਿਆ।

''ਉਏ ਦੁਲਿਆ..... ਕੋਈ ਸ਼ਰਮ ਕਰ... ਇਹ ਵੀ ਤੇਰੇ ਈ ਅਰਗਾ ਗ਼ਰੀਬ-ਗੁਰਬਾ ਏ। ਪਹਿਲਾਂ ਤੂੰ ਇਸ ਨੂੰ ਅਪਣੇ ਲਾਗੇ ਪੱਠਿਆਂ ਨੂੰ 'ਹੱਥ ਲਵਾਇਆ' (ਦਿਵਾਏ ਨੇ), ਹੁਣ ਤੂੰ ਆਪ ਈ ਚੋਰੀ ਕਰਨ ਲੱਗ ਪਿਐਂ?” ''ਲੰਬੜਦਾਰਾ..., ਇਹ ਕੀ ਆਂਹਨਾਂ ਏਂ? ਨਾ ਮੈਂ ਪਹਿਲਾਂ ਕਦੀ ਏਦਾਂ ਦਾ ਕੰਮ ਕੀਤੈ... ਤੇ ਨਾ ਈ ਹੁਣ ਇਹ ਕੰਮ ਕੀਤੈ...। ਇਸ ਨੂੰ ਪਤਾ 'ਨੀਂ... ਮੇਰੇ ਤੇ ਕਿਉਂ ਸ਼ੱਕ ਹੋ ਗਿਐ?” ਦੁੱਲੇ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਨੂੰ ਕਿਉਂ ਸਦਿਆ ਗਿਆ ਸੀ। ਪੱਠੇ ਚੋਰੀ ਵਾਲੀ ਗੱਲ ਸੁਣ ਕੇ ਉਹ ਹੈਰਾਨੀ ਅਤੇ ਗੁੱਸੇ ਨਾਲ ਭਰ ਗਿਆ। ਦੋਸ਼ੀ ਨਾ ਹੋਣ ਦੇ ਬਾਵਜੂਦ ਵੀ ਉਸ ਦੇ ਸਿਰ ਜੁਰਮ ਮੜ੍ਹਿਆ ਜਾ ਰਿਹਾ ਸੀ, ਪਰ ਉਹ ਸਿਰ ਉਪਰ ਕਰ ਕੇ ਅਤੇ ਲੰਬੜਦਾਰ ਨਾਲ ਨਜ਼ਰ ਮਿਲਾ ਕੇ ਗੱਲ ਕਰ ਰਿਹਾ ਸੀ ਤਾਕਿ ਅਪਣੇ ਆਪ ਨੂੰ ਬੇਕਸੂਰ ਸਾਬਤ ਕਰ ਸਕੇ। ਰੁਲਦੂ ਗਾਲ ਕੱਢ ਕੇ ਬੋਲਿਆ, ''ਚੁੱਪ ਕਰ ਓਏ ਮੀਸਣਿਆਂ... ਮੈਨੂੰ ਸੱਭ ਪਤੈ ਤੂੰ ਕੀ ਕਰਦੈਂ, ਘੁੰਨਾਂ ਜਿਹਾ..।” (ਚਲਦਾ)