ਛਟ੍ਹਾਲੇ ਦੀ ਟਰਾਲੀ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਪੱਠੇ-ਦੱਥੇ ਵਲੋਂ ਦੁੱਲਾ ਅਤੇ ਉਸ ਦਾ ਮੁੰਡਾ ਘੁੱਕ, ਡੰਗਰਾਂ ਨੂੰ ਕਦੀ ਤੋਟ ਨਹੀਂ ਸੀ ਆਉਣ ਦਿੰਦੇ। ਕੁੱਝ ਪੱਠੇ ਖੇਤ ਮਜ਼ਦੂਰੀ ਤੋਂ ਮਿਲ ਜਾਂਦੇ ਸਨ ਅਤੇ ਕੁੱਝ, ਦੋਵੇਂ...

Farming

ਪੱਠੇ-ਦੱਥੇ ਵਲੋਂ ਦੁੱਲਾ ਅਤੇ ਉਸ ਦਾ ਮੁੰਡਾ ਘੁੱਕ, ਡੰਗਰਾਂ ਨੂੰ ਕਦੀ ਤੋਟ ਨਹੀਂ ਸੀ ਆਉਣ ਦਿੰਦੇ। ਕੁੱਝ ਪੱਠੇ ਖੇਤ ਮਜ਼ਦੂਰੀ ਤੋਂ ਮਿਲ ਜਾਂਦੇ ਸਨ ਅਤੇ ਕੁੱਝ, ਦੋਵੇਂ ਪਿਉ-ਪੁੱਤਰ ਵੱਟਾਂ ਬੰਨਿਆਂ ਤੋਂ ਘਾਹ-ਮੈਣੇਂ ਦੀ ਚਿੱਲੀ (ਵੱਡੀ ਪੰਡ) ਕੱਢ ਲਿਆਉਂਦੇ ਸਨ। ਸੁੱਕਾ (ਤੂੜੀ), ਉਨ੍ਹਾਂ ਨੇ ਪਿਛਲੀਆਂ ਵਾਢੀਆਂ ਵਿਚ ਹੀ ਸਾਲ ਜੋਗਾ ਜਮ੍ਹਾਂ ਕਰ ਲਿਆ ਹੋਇਆ ਸੀ। ਦੁੱਲੇ ਕੋਲ 20-20 ਸੇਰ ਦੁੱਧ ਦੇਣ ਵਾਲੀਆਂ ਸੋਹਣੀਆਂ ਅਤੇ ਤਕੜੀਆਂ, ਦੋ ਮਹੀਆਂ ਸਨ। ਪਿਛਲੇ ਦਿਨੀਂ ਉਸ ਨੇ, ਦੋ ਹੋਰ ਕੱਟੀਆਂ ਮੁੱਲ ਖ਼ਰੀਦੀਆਂ ਸਨ ਨੁਸ਼ਿਹਰੇ ਵਾਲਿਆਂ ਕੋਲੋਂ। ਸਸਤੀਆਂ ਹੀ ਮਿਲ ਗਈਆਂ ਸਨ।

ਵੇਖਣ ਨੂੰ ਭਾਵੇਂ ਕਮਜ਼ੋਰ ਲਗਦੀਆਂ ਸਨ ਪਰ ਦੁੱਲੇ ਨੂੰ ਇਹ ਪਤਾ ਸੀ ਕਿ  ਚੰਗੀ ਨਸਲ ਦੀਆਂ ਨੇ ਅਤੇ ਚੰਗੀ  ਸੇਵਾ ਕਰ ਕੇ ਇਹ ਕੱਟੀਆਂ, ਚੋਖਾ ਦੁੱਧ ਦੇਣ ਵਾਲੀਆਂ ਵਧੀਆ ਝੋਟੀਆਂ ਬਣ ਜਾਣੀਆਂ ਨੇ, ਜਿਨ੍ਹਾਂ ਦਾ ਮੰਡੀ ਵਿਚ ਉੱਚਾ ਮੁੱਲ ਪਵੇਗਾ। ਘੁੱਕ ਨੇ ਅਠਵੀਂ ਦਾ ਇਮਤਿਹਾਨ ਦੇਣਾ ਸੀ, ਇਸ ਲਈ ਪੱਠਿਆਂ ਵਾਸਤੇ ਹੁਣ ਉਸ ਕੋਲ ਸਮਾਂ ਘੱਟ ਸੀ ਅਤੇ ਡੰਗਰਾਂ ਦੀ ਗਿਣਤੀ ਵੀ ਦੂਣੀ ਹੋ ਗਈ ਸੀ। ਇਸੇ ਕਰ ਕੇ ਹਰੇ ਚਾਰੇ ਦਾ ਪ੍ਰਬੰਧ ਕਰਨ ਲਈ ਪੱਠੇ ਮੁੱਲ ਲੈਣੇ ਪਏ। ਲੰਬੜਦਾਰ ਦੀ ਬੂਲੇ-ਆਣੇ ਖੂਹ ਦੇ ਨਾਲ ਵਾਲੀ ਪੈਲੀ 'ਚੋਂ, ਦੁੱਲੇ ਨੇ 10 ਮਰਲੇ ਛਟ੍ਹਾਲਾ-ਸਾਰੇ ਲੌਅ, ਮੁੱਲ ਲੈ ਲਿਆ।

ਕਦੀ ਦੁੱਲਾ ਲੈ ਆਉਂਦਾ ਅਤੇ ਕਦੀ ਸਕੂਲ ਤੋਂ ਆ ਕੇ ਘੁੱਕ ਪੱਠੇ ਲੈ ਆਉਂਦਾ। ਇਸ ਪੈਲੀ ਵਿਚ ਛਟ੍ਹਾਲਾ ਚੰਗਾ ਹੋਇਆ ਸੀ। ਪੋਹ ਵਿਚ ਤਾਂ ਠੰਢ ਕਰ ਕੇ ਪੱਠੇ ਵੱਡੇ ਨਹੀਂ ਹੁੰਦੇ, ਮਾਘ (ਫ਼ਰਵਰੀ) 'ਚ ਜਾ ਕੇ ਇਨ੍ਹਾਂ ਨੂੰ ਹੋਸ਼ ਆਉਂਦੀ ਹੈ। ''ਦੁੱਲਿਆ....ਕਿੱਥੇ ਹੱਥ ਲਾਇਆ ਈ ਪੱਠਿਆਂ ਨੂੰ?...ਬੜਾ ਵਧੀਆ ਛਟ੍ਹਾਲਾ ਏ......।'' ਪੱਠਿਆਂ ਦੀ ਪੰਡ ਚੁੱਕੀ ਆਉਂਦੇ ਦੁੱਲੇ ਨੂੰ, ਸ਼ਹਿਰ ਤੋਂ ਕੰਮ ਕਰ ਕੇ ਆ ਰਹੇ, ਉਸ ਦੇ ਹੀ 'ਵਿਹੜੇ' ਦੇ ਰੁਲਦੂ ਨੇ, ਸਾਈਕਲ ਤੋਂ ਉਤਰ ਕੇ ਨਾਲ ਨਾਲ ਤੁਰਦਿਆਂ ਪੁਛਿਆ। ''ਪੱਠੇ ....? ਅਸੀ ਆਹ ਬੂਲੇ-ਆਣੇ ਦੇ ਨਾਲ ਦੀ ਪੈਲੀ 'ਚੋਂ ਲਏ ਨੇ ਲੰਬੜਦਾਰ ਕੋਲੋਂ....., ਹਾਂ ਹੋਰ ਸੁਣਾ .......ਕੀ ਹਾਲ ਏ ਰੁਲਦਾ ਸਿੰਹਾਂ?” (ਚਲਦਾ)