ਭੂਆ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

30 ਸਾਲ ਪਹਿਲਾਂ ਦਾ ਪਿੰਡ ਹੁਣ ਬਦਲਿਆ-ਬਦਲਿਆ ਨਜ਼ਰ ਆਉਂਦਾ ਸੀ। ਪੱਕੀਆਂ ਸੜਕਾਂ ਅਤੇ ਨਹਿਰ ਜੋ ਭੂਆ ਦੇ ਪਿੰਡ ਦੇ ਲਾਗੇ ਲੰਘਦੀ ਸੀ ਹੁਣ ਪੱਕੀ ਕਰ ਦਿਤੀ ਗਈ ਸੀ। ਮੁੱਖ...

family love

30 ਸਾਲ ਪਹਿਲਾਂ ਦਾ ਪਿੰਡ ਹੁਣ ਬਦਲਿਆ-ਬਦਲਿਆ ਨਜ਼ਰ ਆਉਂਦਾ ਸੀ। ਪੱਕੀਆਂ ਸੜਕਾਂ ਅਤੇ ਨਹਿਰ ਜੋ ਭੂਆ ਦੇ ਪਿੰਡ ਦੇ ਲਾਗੇ ਲੰਘਦੀ ਸੀ ਹੁਣ ਪੱਕੀ ਕਰ ਦਿਤੀ ਗਈ ਸੀ। ਮੁੱਖ ਸੜਕ ਦੀ ਨਹਿਰ ਤੇ ਹੁਣ ਛੋਟਾ ਜਿਹਾ ਪੁਲ ਵੀ ਬਣਿਆ ਹੋਇਆ ਸੀ। ਸਾਰੇ ਘਰ ਪੱਕੇ ਨਜ਼ਰ ਆਉਂਦੇ ਸਨ। ਪਰ ਦੂਰ ਤੋਂ ਭੂਆ ਦੇ ਘਰ ਦੇ ਸਾਹਮਣੇ ਵਾਲਾ ਬੋਹੜ ਉਵੇਂ ਹੀ ਨਜ਼ਰ ਆ ਰਿਹਾ ਸੀ। ਮੈਨੂੰ ਯਾਦ ਹੈ, ਫੁੱਫੜ ਸ਼ਹਿਰ ਤੋਂ ਡਿਊਟੀ ਦੇ ਕੇ ਰਾਤ ਦੇਰ ਆਉਂਦਾ ਸੀ ਪਰ ਉਹ ਜਦੋਂ ਆਉਂਦਾ ਸੀ ਮੇਰੇ ਲਈ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਲਿਆਉਂਦਾ ਸੀ।

ਇਸ ਚੀਜ਼ ਦੇ ਲਾਲਚ ਕਰ ਕੇ ਮੈਂ ਭੂਆ ਨਾਲ ਦੇਰ ਰਾਤ ਤਕ ਫੁੱਫੜ ਦਾ ਰਾਹ ਵੇਖਦਾ ਰਹਿੰਦਾ। ਪਿੰਡ ਵਿਚ ਬਿਜਲੀ ਨਹੀਂ ਸੀ। ਲੈਂਪਾਂ ਹੁੰਦੀਆਂ ਸਨ। ਕੱਚੀ ਨਹਿਰ ਸੀ। ਪਾਣੀ ਥੋੜ੍ਹਾ ਹੁੰਦਾ ਤਾਂ ਲੋਕ ਨਹਿਰ ਪਾਰ ਕਰ ਕੇ ਆ ਜਾਂਦੇ। ਜਦੋਂ ਫੁੱਫੜ ਨੇ ਰਾਤ ਨਹਿਰ ਪਾਰ ਕਰ ਕੇ ਆਉਣਾ ਹੁੰਦਾ ਤਾਂ ਉਹ ਦੂਰ ਤੋਂ ਖੜਾ ਹੋ ਕੇ ਆਵਾਜ਼ ਦੇ ਦਿੰਦਾ। ਨਹਿਰ ਪਿੰਡ ਦੇ ਬਿਲਕੁਲ ਨਜ਼ਦੀਕ ਸੀ। ਭੂਆ ਅਤੇ ਮੈਂ ਲੈਂਪ ਲੈ ਕੇ ਨਹਿਰ ਵਿਚੋਂ ਫੁੱਫੜ ਨੂੰ ਨਾਲ ਲੈ ਕੇ ਆਉਂਦੇ। ਫੁੱਫੜ ਮੈਨੂੰ ਚੁੱਕ ਲੈਂਦਾ, ਪਾਰੀਆਂ ਕਰਦਾ ਤੇ ਮੇਰੀ ਚੀਜ਼ ਮੈਨੂੰ ਫੜਾ ਦਿੰਦਾ। ਮੈਂ ਖ਼ੁਸ਼ੀ ਵਿਚ ਉਥੇ ਹੀ ਉਸ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦਾ।

ਘਰ ਆ ਕੇ ਮੈਂ ਉਹ ਚੀਜ਼ ਖਾ ਕੇ ਖ਼ੁਸ਼ ਹੁੰਦਾ ਤੇ ਸਵਾਦ ਨਾਲ ਖਾਂਦਾ। ਰਾਤ ਨੂੰ ਸੌਣ ਲਗਿਆਂ ਭੂਆ ਮੇਰਾ ਸਿਰ ਪਲੋਸਦੀ ਅਤੇ ਲੋਰੀਆਂ ਨਾਲ ਮੈਨੂੰ ਸੁਆ ਦਿੰਦੀ। ਇਸ ਤਰ੍ਹਾਂ ਮੈਂ ਕਈ ਕਈ ਦਿਨ ਭੂਆ ਕੋਲ ਰਹਿੰਦਾ। ਜਦੋਂ ਮੈਨੂੰ ਕੋਈ ਘਰ ਤੋਂ ਲੈਣ ਆਉਂਦਾ ਤਾਂ ਮੈਂ ਰੋਂਦਾ ਹੋਇਆ ਭੂਆ ਨਾਲ ਚਿੰਬੜ ਜਾਂਦਾ। ਰੋ ਰੋ ਕੇ ਬੇਹਾਲ ਹੋ ਜਾਂਦਾ ਤੇ ਭੂਆ ਦੀਆਂ ਅੱਖਾਂ 'ਚੋਂ ਵੀ ਹੰਝੂ ਆ ਜਾਂਦੇ ਤੇ ਉਹ ਕਹਿੰਦੀ, ''ਅੱਛਾ ਬਿੰਦ ਹੁਣ ਚੱਲ ਮੈਂ ਛੇਤੀ ਛੇਤੀ ਫਿਰ ਤੈਨੂੰ ਲੈਣ ਆਵਾਂਗੀ।'' ਇੰਜ ਆਖਦੀ ਹੋਈ ਉਹ ਕਈ ਵਾਰੀ ਸਿਰ ਤੋਂ ਵਾਰੀ ਘੋਲੀ ਜਾਂਦੀ। ਅੱਜ ਸੋਚ ਰਿਹਾ ਸੀ ਰਿਸ਼ਤਿਆਂ ਵਿਚ ਸਵਾਰਥ ਮਜਬੂਰੀਆਂ ਦੀ ਦੀਵਾਰ ਖੜੀ ਹੋ ਜਾਂਦੀ ਹੈ ਪਰ ਮਨੁੱਖ ਨੂੰ ਛੋਟੀਆਂ ਛੋਟੀਆਂ ਗੱਲਾਂ ਪਿਛੇ ਰਿਸ਼ਤਿਆਂ ਨੂੰ ਤਿਲਾਂਜਲੀ ਨਹੀਂ ਦੇਣੀ ਚਾਹੀਦੀ। ਸਮਾਜ ਵਿਚ ਰਹਿੰਦਿਆਂ ਉੱਨੀ-ਇੱਕੀ ਹੁੰਦੀ ਰਹਿੰਦੀ ਹੈ। ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409 (ਚਲਦਾ)