ਤੁਸੀਂ ਅਨਪੜ੍ਹ ਆਖਦੇ ਹੋ! ਇਹ ਕਿਸਾਨ ਤਾਂ ਕਿਤਾਬਾਂ ਪੜ੍ਹਦੇ ਵੀ ਨੇ ਤੇ ਵੰਡਦੇ ਵੀ ਨੇ

ਸਪੋਕਸਮੈਨ ਸਮਾਚਾਰ ਸੇਵਾ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁੰਡਲੀ ਬਾਰਡਰ ‘ਤੇ ਲਾਇਆ ਕਿਤਾਬਾਂ ਦਾ ਲੰਗਰ

Punjabi University Students Distribute Free books at Kundli Border

ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਕਿਸਾਨੀ ਮੋਰਚੇ ਦੌਰਾਨ ਪੰਜਾਬੀਅਤ ਦੀਆਂ ਕਈ ਖ਼ੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਹਨਾਂ ਤਸਵੀਰਾਂ ਤੋਂ ਪੰਜਾਬੀਆਂ ਦੀ ਸਖ਼ਸ਼ੀਅਤ ਦਾ ਅੰਦਾਜ਼ਾ ਬੜੀ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਪੰਜਾਬੀਆਂ ਪ੍ਰਤੀ ਗਲਤ ਬਿਆਨਬਾਜ਼ੀਆਂ ਕਰਨ ਵਾਲਿਆਂ ਨੂੰ ਇਹਨਾਂ ਤਸਵੀਰਾਂ ਤੋਂ ਹੀ ਅਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ।

ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਤਾਬਾਂ ਦਾ ਅਨੋਖਾ ਲੰਗਰ ਲਗਾਇਆ ਹੋਇਆ ਹੈ। ਵਿਦਿਆਰਥੀਆਂ ਨੇ ਇਹ ਲੰਗਰ ‘ਘਰ ਘਰ ਪੰਜਾਬ ਜਾਵੇ ਕਿਤਾਬ’ ਮੁਹਿੰਮ ਅਧੀਨ ਲਗਾਇਆ ਹੈ। ਵਿਦਿਆਰਥੀਆਂ ਦੀ ਕੋਸ਼ਿਸ਼ ਹੈ ਕਿ ਤਕਨੀਕੀ ਯੁੱਗ ਵਿਚ ਕਿਤਾਬਾਂ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਫਿਰ ਤੋਂ ਕਿਤਾਬਾਂ ਨਾਲ ਜੋੜਿਆ ਜਾਵੇ।

ਇਸ ਦੇ ਲਈ ਵਿਦਿਆਰਥੀਆਂ ਨੇ ਚਲਦੀ ਫਿਰਦੀ ਲਾਇਬ੍ਰੇਰੀ ਬਣਾਈ ਹੈ, ਜਿਸ ਵਿਚੋਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਵੱਲ਼ੋਂ ਆਨਲਾਈਨ ਪੜ੍ਹਨ ਲਈ ਕਿਤਾਬਾਂ ਦੀਆਂ ਪੀਡੀਐਫ ਫਾਈਲਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬੀਆਂ ਨੂੰ ਜਿਸ ਤਰ੍ਹਾਂ ਦੇ ਟੈਗ ਦਿੱਤੇ ਜਾਂਦੇ ਨੇ, ਉਸ ਦਾ ਜਵਾਬ ਪੰਜਾਬੀ ਬਹੁਤ ਚੰਗੀ ਤਰ੍ਹਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਉੜਦਾ ਹੀ ਨਹੀਂ ਉਡਾਉਂਦਾ ਵੀ ਹੈ। ਚਾਹੇ ਉਹ ਕਿਤਾਬਾਂ ਜ਼ਰੀਏ ਉਡਾਵੇ ਜਾਂ ਅਪਣੀ ਵਿਚਾਰਧਾਰਾ ਜ਼ਰੀਏ ਉਡਾਵੇ।

ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਦੱਸਿਆ ਕਿ ਜੇਕਰ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨੀ ਲਈ ਫਾਇਦੇਮੰਦ ਹਨ ਤਾਂ ਸਰਕਾਰ ਨੂੰ ਕਿਸਾਨਾਂ ਤੱਕ ਅਪਣੀ ਗੱਲ ਪਹੁੰਚਾਉਣੀ ਚਾਹੀਦੀ ਸੀ। ਨਹੀਂ ਤਾਂ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਨਾ ਬੈਠਦੇ। ਉਹਨਾਂ ਕਿਹਾ ਕਿ ਸਰਕਾਰ ਇਸ ਵਿਚ ਅਸਫ਼ਲ ਰਹੀ, ਇਹੀ ਕਾਰਨ ਹੈ ਕਿ ਸਰਕਾਰ ਦੀਆਂ ਮੀਟਿੰਗਾ ਬੇਸਿੱਟਾ ਰਹਿ ਰਹੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ, ਸਰਕਾਰ ਨੂੰ ਝੁਕਣਾ ਹੀ ਪਵੇਗਾ।