ਪੰਜਾਬੀ ਲੋਕਧਾਰਾ ਦੀਆਂ ਲੰਮੀਆਂ ਵਾਟਾਂ ਦਾ ਪਾਂਧੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਡਾ. ਵਣਜਾਰਾ ਬੇਦੀ ਦਾ ਜਨਮ 28 ਨਵੰਬਰ 1924 ਨੂੰ ਪਿੰਡ ਧਮਿਆਲ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ।

Sohinder Singh Wanjara Bedi

ਪੰਜਾਬੀ ਲੋਕਧਾਰਾ ਦੀਆਂ ਲੰਮੀਆਂ ਵਾਟਾਂ ਦੇ ਪਾਂਧੀ ਡਾਕਟਰ ਸੋਹਿੰਦਰ ਸਿੰਘ ਵਣਜਾਰਾ ਬੇਦੀ (1924-2001) ਨੇ ਬਹੁਤ ਬਿਖੜੇ ਤੇ ਦੁਸ਼ਵਾਰੀਆਂ ਨਾਲ ਭਰਪੂਰ ਪੈਂਡੇ ਤੈਅ ਕਰ ਕੇ ਇਸ ਖੇਤਰ ਦੇ ਖੋਜ ਕਾਰਜ ਵਿਚ ਨਵੀਆਂ ਸਥਾਪਨਾਵਾਂ ਬਣਾਈਆਂ, ਨਵੇਂ ਸੰਕਲਪ ਵਿਕਸਤ ਕੀਤੇ ਅਤੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਡਾ. ਵਣਜਾਰਾ ਬੇਦੀ ਦਾ ਜਨਮ 28 ਨਵੰਬਰ 1924 ਨੂੰ ਪਿੰਡ ਧਮਿਆਲ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ।

ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਬੇਦੀ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸਨ। ਸੋਹਿੰਦਰ ਸਿੰਘ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਸਰਕਾਰੀ ਨੌਕਰੀ ਦੌਰਾਨ ਪਿਤਾ ਦਾ ਤਬਾਦਲਾ ਹੁੰਦਾ ਰਹਿਣ ਕਾਰਨ ਵਣਜਾਰਾ ਬੇਦੀ ਨੂੰ ਜਲੰਧਰ ਛਾਉਣੀ, ਰਾਵਲਪਿੰਡੀ ਤੇ ਕਈ ਹੋਰ ਥਾਈਂ ਜਾ ਕੇ ਪੜ੍ਹਾਈ ਕਰਨੀ ਪੈਂਦੀ ਰਹੀ। ਬੀ.ਏ. ਦੀ ਡਿਗਰੀ ਉਸ ਨੇ ਡੀ.ਏ.ਵੀ.ਕਾਲਜ ਲਾਹੌਰ ਤੋਂ ਚੰਗੇ ਨੰਬਰ ਪ੍ਰਾਪਤ ਕਰ ਕੇ ਕੀਤੀ।

ਕੁੱਝ ਚਿਰ ਲਈ ਉਸ ਨੇ ਬੈਂਕ ਵਿਚ ਨੌਕਰੀ ਕੀਤੀ ਪਰ ਪੜ੍ਹਨ ਵਿਚ ਉਸ ਦੀ ਦਿਲਚਸਪੀ ਬਰਕਰਾਰ ਰਹੀ। ਦੇਸ਼ ਦੀ ਵੰਡ ਨੇ ਉਨ੍ਹਾਂ ਦੇ ਪ੍ਰਵਾਰ ਨੂੰ ਬੁਰੀ ਤਰ੍ਹਾਂ ਉਖਾੜ ਦਿਤਾ ਸੀ। ਸਮੇਂ ਦੀ ਕਰੋਪੀ 'ਤੇ ਬਿਖੇੜੇ ਸਹਿੰਦਿਆਂ ਉਸ ਨੂੰ ਪ੍ਰਵਾਰ ਸਮੇਤ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਔਕੜਾਂ ਵਿਚੋਂ ਸਿੱਖੇ ਸਬਕ ਉਸ ਦੀ ਮਗਰਲੀ ਜ਼ਿੰਦਗੀ ਵਿਚ ਉਸ ਦੇ ਕੰਮ ਆਉਂਦੇ ਰਹੇ। ਐਫ਼.ਏ. ਵਿਚ ਪੜ੍ਹਦਿਆਂ ਉਸ ਨੇ ਕਾਵਿ ਸੰਗ੍ਰਹਿ 'ਖ਼ੁਸ਼ਬੂਆਂ' ਦੀ ਰਚਨਾ ਕੀਤੀ।

ਹੌਲੀ-ਹੌਲੀ ਉਸ ਦਾ ਝੁਕਾਅ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਅਧਿਐਨ ਕਰਨ ਵੱਲ ਹੁੰਦਾ ਗਿਆ। ਉਸ ਦੀਆਂ ਪ੍ਰਸਿੱਧ ਪੁਸਤਕਾਂ ਵਿਚੋਂ ਕੁੱਝ ਇਸ ਪ੍ਰਕਾਰ ਹਨ : ਲੋਕ ਆਖਦੇ ਹਨ (1959), ਇਕ ਘੁੱਟ ਰਸ ਦਾ (ਲੋਕ ਕਹਾਣੀਆਂ ਦੀ ਪੁਸਤਕ-1964), ਪੰਜਾਬ ਦਾ ਲੋਕ ਸਾਹਿਤ (1968), ਪੰਜਾਬ ਦੀ ਲੋਕਧਾਰਾ, ਪੰਜਾਬ ਦੀਆਂ ਲੋਕ ਕਹਾਣੀਆਂ, ਲੋਕਧਾਰਾ ਅਤੇ ਸਾਹਿਤ, ਮੱਧਕਾਲੀਨ ਪੰਜਾਬੀ ਕਥਾ : ਰੂਪ ਤੇ ਪ੍ਰੰਪਰਾ, ਬਾਤਾਂ ਮੁੱਢ ਕਦੀਮ ਦੀਆਂ, ਲੋਕ ਬੀਰ ਰਾਜਾ ਰਸਾਲੂ, ਮੇਰਾ ਨਾਨਕਾ ਪਿੰਡ, ਰੂਸੀ ਲੋਕਧਾਰਾ, ਮੱਧਕਾਲੀ ਕਾਵਿ ਬੋਧ, ਲੋਕ ਧਰਮ ਆਦਿ।

ਲਗਭਗ ਤਿੰਨ ਦਰਜਨ ਪੁਸਤਕਾਂ ਦੀ ਰਚਨਾ ਕਰ ਕੇ ਉਸ ਨੇ ਪੰਜਾਬੀ ਲੋਕਧਾਰਾ ਤੇ ਲੋਕ ਸਾਹਿਤ ਦੀ ਭਰਪੂਰ ਸੇਵਾ ਕੀਤੀ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਅੱਠ ਜਿਲਦਾਂ), ਅੱਧੀ ਮਿੱਟੀ ਅੱਧਾ ਸੋਨਾ, ਗਲੀਏ ਚਿੱਕੜ ਦੂਰ ਘਰਿ (ਸਵੈ ਜੀਵਨੀਆਂ) ਆਦਿ ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ। ਪੰਜਾਬੀ ਲੋਕ ਸਾਹਿਤ ਵਿਚ ਲੋਕ ਵਾਰਤਕ ਬਿਰਤਾਂਤ, ਉਸ ਦੇ ਅਧਿਐਨ ਦਾ ਪਸੰਦੀਦਾ ਵਿਸ਼ਾ ਰਿਹਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ ਉਸ ਨੇ ਲੋਕਧਾਰਾ ਦੀ ਸਮੱਗਰੀ ਨੂੰ ਇਕੱਠਿਆਂ ਕਰਨ ਦੇ ਕਾਰਜ ਨੂੰ 1939 ਈ. ਵਿਚ ਆਰੰਭ ਕਰ ਦਿਤਾ ਸੀ ਜਦੋਂ ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ।

ਡਾ. ਵਣਜਾਰਾ ਬੇਦੀ ਨੇ ਅਪਣੇ ਪਿਤਾ ਸੁੰਦਰ ਸਿੰਘ ਬੇਦੀ ਦਾ ਅਤੇ ਅਪਣੇ ਸਕੂਲ ਦੇ ਮੁੱਖ ਅਧਿਆਪਕ ਦਾ ਵਿਸ਼ੇਸ਼ ਤੌਰ 'ਤੇ ਪ੍ਰਭਾਵ ਗ੍ਰਹਿਣ ਕੀਤਾ। 1978 ਈ. ਵਿਚ 'ਪੰਜਾਬੀ ਲੋਕਧਾਰਾ ਵਿਸ਼ਵਕੋਸ਼' ਦੀ ਪਹਿਲੀ ਜਿਲਦ ਵਿਚ ਡਾ. ਵਣਜਾਰਾ ਬੇਦੀ ਲਿਖਦੇ ਹਨ-''ਮੈਂ ਮਾਨਸਕ ਤੌਰ ਉਤੇ ਲੋਕਧਾਰਾ ਨਾਲ ਇੰਨਾ ਇਕ ਰਸ ਹੋ ਗਿਆ ਹਾਂ ਕਿ ਮੇਰੀ ਪਛਾਣ ਹੀ ਲੋਕਧਾਰਾ ਵਿਚ ਲੀਨ ਹੋ ਕੇ ਅਪਣਾ ਵਖਰਾ ਅਸਤਿਤਵ ਗਵਾ ਬੈਠੀ ਹੈ। ਲੋਕਧਾਰਾ ਮੇਰਾ ਪ੍ਰਾਣ ਹੈ, ਮੇਰੀ ਸ਼ਾਹ ਰਗ, ਇਸ ਨਾਲੋਂ ਟੁੱਟ ਕੇ ਮੈਂ ਜੀਅ ਨਹੀਂ ਸਕਦਾ।'' (ਪੰਨਾ 6)।

ਡਾ. ਵਣਜਾਰਾ ਬੇਦੀ ਦੇ ਖੋਜ ਕਾਰਜ ਦੇ ਹਵਾਲਿਆਂ ਨਾਲ ਦਰਜਨਾਂ ਖੋਜਾਰਥੀਆਂ ਨੇ ਪੰਜਾਬੀ ਲੋਕਧਾਰਾ ਨਾਲ ਸਬੰਧਤ ਬਹੁ-ਪਾਸਾਰੀ ਵਿਸ਼ਿਆਂ ਉਪਰ ਖੋਜ ਕਾਰਜ ਸੰਪੰਨ ਕੀਤਾ ਹੈ। ਕਈ ਸੰਸਥਾਵਾਂ ਵਲੋਂ ਤੇ ਖੋਜਾਰਥੀਆਂ ਦੀਆਂ ਵੱਡ-ਆਕਾਰੀ ਟੀਮਾਂ ਵਲੋਂ ਸਮੂਹਕ ਰੂਪ ਵਿਚ ਕੀਤੇ/ਕਰਵਾਏ ਜਾਣ ਵਾਲੇ ਕਠਿਨ ਖੇਤਰੀ ਤੇ ਵਿਵਹਾਰਕ ਖੋਜ ਕਾਰਜ ਨੂੰ ਡਾ. ਵਣਜਾਰਾ ਬੇਦੀ ਨੇ ਇਕੱਲਿਆਂ ਕਰ ਵਿਖਾਇਆ ਹੈ। ਡਾ. ਵਣਜਾਰਾ ਬੇਦੀ ਨੇ ਪੰਜਾਬੀ ਲੋਕ ਧਾਰਾ ਦੇ ਅਨੁਸ਼ਾਸਨ ਨੂੰ ਲੋਕ ਧਾਰਾ ਵਿਗਿਆਨ ਦੇ ਤੌਰ 'ਤੇ ਸਥਾਪਤ ਕਰਨ ਅਤੇ ਇਸ ਦਾ ਅਧਿਐਨ ਵਿਗਿਆਨਕ ਲੀਹਾਂ 'ਤੇ ਕਰਨ ਦੀ ਲੋੜ 'ਤੇ ਜ਼ੋਰ ਦਿਤਾ ਹੈ।