ਕੱਕਾ ਬਿੱਲਾ ਆਦਮੀ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਾਰਗਿਲ ਵਿਖੇ ਪਲਟਨ ਕੱਪੂਵਾਲਾ ਆ ਗਈ। ਨਵੀਂ ਥਾਂ ਤੇ ਨਵੇਂ ਆਏ ਸੀ.ਓ. ਹਰਜੀਤ ਗਰੇਵਾਲ ਟੀਮ ਸਮੇਤ ਇੰਸਪੈਕਸ਼ਨ ਕਰਨ ਨਿਕਲੇ। ਕੁਆਟਰਗਾਡ ਤੋਂ ਸਲਾਮੀ ਮਿਲਣ ਤੇ ਹੱਥ ਖੜਾ...

man with cat eyes

ਕਾਰਗਿਲ ਵਿਖੇ ਪਲਟਨ ਕੱਪੂਵਾਲਾ ਆ ਗਈ। ਨਵੀਂ ਥਾਂ ਤੇ ਨਵੇਂ ਆਏ ਸੀ.ਓ. ਹਰਜੀਤ ਗਰੇਵਾਲ ਟੀਮ ਸਮੇਤ ਇੰਸਪੈਕਸ਼ਨ ਕਰਨ ਨਿਕਲੇ। ਕੁਆਟਰਗਾਡ ਤੋਂ ਸਲਾਮੀ ਮਿਲਣ ਤੇ ਹੱਥ ਖੜਾ ਕਰ ਕੇ ਵਿਸ਼ਰਾਮ ਪਲੀਜ਼ ਕਿਹਾ, ਫਿਰ ਟੂ.ਆਈ.ਸੀ. ਮੇਜਰ ਪੀ.ਕੇ. ਮਰੇ ਨੂੰ ਬੋਲੇ, ''ਆਪ ਨੇ ਉਸ ਕੈਪਟਨ ਨੂੰ ਨਹੀਂ ਮਿਲਾਇਆ ਜਿਸ ਨੂੰ ਪਾਗਲ ਮੰਨਦੇ ਹੋ। ਕਿੱਥੇ ਰੱਖ ਛਡਿਐ ਉਸ ਨੂੰ?'' ''ਮਿਲਾ ਦਿਆਂਗੇ ਸਰ। ਮਾਫ਼ੀ ਵੀ ਮੰਗੂ ਅਤੇ ਪਰਨਾਲਾ ਵੀ ਉਥੇ ਦਾ ਉਥੇ ਰਹੂ। ਪੁਰਾਣੇ ਸੀ.ਓ. ਤੋਂ ਇਸੇ ਤਰ੍ਹਾਂ ਬਚਦਾ ਰਿਹਾ। ਗੱਲ ਸੁਰਖ਼ੀਆਂ 'ਚ ਆ ਗਈ ਤਾਂ ਕਾਰਗਿਲ ਦੀ ਜਿੱਤ ਮਿੱਟੀ 'ਚ ਮਿਲ ਜਾਏਗੀ।''

''ਆਪ ਦਾ ਕੀ ਖ਼ਿਆਲ ਏ ਐਸ.ਐਮ. ਸਾਬ੍ਹ।'' ਸੀ.ਓ. ਨੇ ਸੂਬੇਦਾਰ ਮੇਜਰ ਬਲਵੀਰ ਤੋਂ ਤਸੱਲੀ ਮੰਗੀ। ਚਾਰ ਗੋਰਖਾ ਰਾਈਫ਼ਲ 'ਚ ਕੁੱਝ ਗਿਣੇ ਚੁਣੇ ਹੀ ਪੰਜਾਬੀ ਸਨ। ''ਸਰ ਕੈਪਟਨ ਅਜੀਤ ਮਾਨ ਬੁਰੇ ਨਹੀਂ। ਸਾਬ੍ਹ ਦੀਆਂ ਗੱਲਾਂ ਤੋਂ ਕੁੱਝ ਟੈਨਸ਼ਨ ਮੰਨ ਗਏ। ਅਫ਼ਸਰਾਂ 'ਚ ਇਕੱਲੇ ਪੰਜਾਬੀ ਹੋਣ ਕਰ ਕੇ...।'' ''ਬਟਾਲੀਅਨ ਸਾਵਧਾਨ, ਬਟਾਲੀਅਨ ਵਿਸ਼ਰਾਮ। ਬਟਾਲੀਅਨ ਜੰੰਗ ਕੇ ਲੀਏ ਕੂਚ ਕਰ।'' ਸੜਕੇ-ਸੜਕੇ ਪੈਂਟ ਬੁਨੈਣ ਅਤੇ ਜੂੜੇ ਤੇ ਬੰਨ੍ਹੇ ਰੁਮਾਲ ਵਾਲਾ ਇਕ ਪੰਜਾਬੀ ਹੱਥ 'ਚ ਫੜੀ ਹਾਕੀ ਨਾਲ ਪੱਥਰਾਂ ਨੂੰ ਟੋਲੇ ਮਾਰਦਾ ਆਉਂਦਾ ਦਿਸਿਆ।

''ਲਉ ਸਰ ਆ ਗਏ। ਇਹੀ ਕੈਪਟਨ ਅਜੀਤ ਮਾਨ ਏ।'' ਕੈਪਟਨ ਹਾਕੀ ਉੱਚੀ ਕਰ ਕੇ ਕੁਆਟਰਗਾਡ ਦੇ ਜਵਾਨਾਂ ਨੂੰ ਬੋਲਿਆ, ''ਵੈਲਡਨ ਵੈਲਡਨ ਜਵਾਨੋ ਡਟੇ ਰਹੋ। ਤੁਸੀ ਸਲੂਟ ਦੇ ਹੱਕਦਾਰ ਹੋ। ਨਾਲ ਮੈਗਜ਼ੀਨ ਸੀ। ਮੈਗਜ਼ੀਨ ਦੇ ਸੰਤਰੀ ਨੂੰ ਬੋਲਿਆ, ''ਏ ਜਵਾਨ, ਗਿਵ ਮੀ ਐਸ.ਐਲ.ਆਰ.।'' ਹੌਲਦਾਰ ਨੇ ਅਪਣੀ ਰਾਈਫ਼ਲ ਫੜਾ ਦਿਤੀ। ਕੈਪਟਨ ਬਾਰਡਰ ਵਲ ਦੋ ਫ਼ਾਇਰ ਕਰਦਾ ਬੋਲਿਆ, ''ਸਮਝ ਜਾ ਪਾਕਿਸਤਾਨ ਨਹੀਂ ਤਾਂ ਉਥੇ ਵਾੜ ਦਿਆਂਗੇ।'' ਅਗਲੇ ਸ਼ਬਦ ਫ਼ਾਇਰਾਂ ਦੇ ਖੜਾਕੇ 'ਚ ਦੱਬ ਗਏ। ਫਿਰ ਟੀਮ ਕੋਲ ਦੀ ਲੰਘ ਕੇ ਵਾਪਸ ਜਾਂਦਾ ਬੋਲਿਆ, ''ਕਾਤਲ ਵੀ ਸਮਝ ਜਾਣ। ਨਹੀਂ ਤਾਂ ਪੀ ਕੇ ਨਹੀਂ ਬਿਨ ਪੀਤਿਆਂ ਹੀ ਮਰ ਜਾਣਗੇ।''

''ਡੌਂਟ ਵਰੀ ਮੇਜਰ ਮੈਂ ਵੇਖਦਾਂ। ਬਲਵੀਰ ਸਾਬ੍ਹ ਨੋਟ ਕਰੋ, ਜਦ ਵੀ ਕੈਪਟਨ ਨਾਰਮਲ ਹੋਵੇ ਮੇਰੇ ਬੰਗਲ ਲਿਆਉਣਾ।'' ਨਾਲ ਫਿਰਦਾ ਜੇ. ਸਾਬ੍ਹ, ਬੀ.ਐਚ.ਐਮ. ਵੀਰ ਬਹਾਦਰ ਥਾਪਾ ਨੂੰ ਕਹਿ ਰਿਹਾ ਸੀ, ''ਨੋਟ ਕਰੋ ਥਾਪਾ ਜੀ, ਮੈਗਜ਼ੀਨ ਦਾ ਗਾਰਡ ਕਮਾਂਡਰ ਪੇਸ਼ੀ ਤੇ।'' ਬੰਗਲੇ ਦੀਆਂ ਲਾਇਟਾਂ ਜਗ ਚੁੱਕੀਆਂ ਸਨ। ਜਦ ਵਰਦੀਧਾਰੀ ਕੈਪਟਨ ਨੇ ਆ ਕੇ ਸੀ.ਓ. ਨੂੰ ਸਲੂਟ ਮਾਰਿਆ, ਕਲ ਵਾਲਾ ਕੈਪਟਨ ਨਹੀਂ ਲਗਦਾ ਸੀ। ਸੀ.ਓ. ਨੇ ਜੱਫ਼ੀ 'ਚ ਲੈ ਕੇ ਕਿਹਾ, ''ਬਸ ਬਸ ਪਹਿਲਾਂ ਤਾਂ ਦੱਸ ਸਿਹਤ ਠੀਕ ਏ? ਇਸ ਵਰਦੀ ਦੀ ਕੀ ਜ਼ਰੂਰਤ ਸੀ। ਤੂੰ ਸੀ.ਓ. ਦੇ ਬੰਗਲੇ ਨਹੀਂ, ਅਪਣੇ ਭਰਾ ਦੇ ਘਰ ਆਇਐਂ?''

''ਵਰਦੀ ਤਾਂ ਸਿਪਾਹੀ ਦਾ ਇਕ ਗਹਿਣਾ ਹੈ ਸਰ। ਸਲੂਟ ਫ਼ੌਜ ਦਾ ਇਕ ਆਪਸੀ ਰਿਸ਼ਤਾ ਅਤੇ ਹੁਕਮ, ਹੁਕਮ ਮਝਧਾਰ 'ਚ ਅਟਕੀ ਪਤਵਾਰ ਦਾ ਚੱਪੂ ਏ। ਇਹ ਜਾਣਦਿਆਂ ਹੋਇਆਂ ਵੀ ਮੈਂ ਕਦੋਂ ਅਨੁਸ਼ਾਸਨ ਭੰਗ ਕਰ ਦਿਆਂ, ਪਤਾ ਨਹੀਂ ਰਹਿੰਦਾ। ਮੈਨੂੰ ਮਾਫ਼ ਕਰ ਦਿਉ ਸਰ।'' ''ਬਸ ਅੱਗੇ ਤੋਂ ਖ਼ਿਆਲ ਰੱਖੀਂ। ਆਉ ਅੰਦਰ ਆਉ। ਤੁਸੀ ਵੀ ਆਉ ਬਲਵੀਰ ਸਾਬ੍ਹ।'' ਸੀ.ਓ. ਨੇ ਰਸਤਾ ਦਿੰਦਿਆਂ ਕਿਹਾ।  ''ਮੈਂ ਬਾਅਦ 'ਚ ਗੇੜਾ ਮਾਰਦਾਂ ਸਰ ਜਾ ਕੇ ਹੁਕਮ ਸੁਣਾਉਣੇ ਨੇ।'' ਬਲਵੀਰ ਚਲਾ ਗਿਆ।

''ਮੈਂ ਸੀ.ਓ. ਘੱਟ ਅਤੇ ਜਾਂਚ ਅਫ਼ਸਰ ਜ਼ਿਆਦਾ ਬਣ ਕੇ ਆਇਆਂ। ਪਹਿਲਾਂ ਤਾਂ ਇਹ ਦੱਸ ਕਿ ਕਿਹੜੀ ਚੱਲੂ। ਵੋਦਕਾ ਜਾਂ ਵਿਸਕੀ? ਵੇਖੋ ਨਾਂਹ ਨਾ ਕਰਿਉ। ਮੈਂ ਜਾਣਦਾਂ ਲਏ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਣੀ।'' ਨਾਲ ਹੀ ਬਾਹਰ ਦੀ ਘੰਟੀ ਮਾਰ ਦਿਤੀ। ਸੇਵਾਦਾਰ ਕਈ ਕਿਸਮ ਦੀ ਸ਼ਰਾਬ ਅਤੇ ਖਾਣ-ਪੀਣ ਦਾ ਸਮਾਨ ਰੱਖ ਗਿਆ। ''ਕਿਉਂ ਬਾਂਦਰ ਦੀ ਪੂਛ ਨੂੰ ਅੱਗ ਲਾਉਂਨੇ ਓ ਸਰ?'' ਕੈਪਟਨ ਨੇ ਮੂੰਹ ਵੀ ਸਵਾਰਿਆ। (ਚਲਦਾ)