ਕੱਕਾ ਬਿੱਲਾ ਆਦਮੀ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

''ਤੂੰ ਮੇਰਾ ਭਰਾ ਏਂ। ਬਹੁਤਾ ਨਾ ਸਹੀ, ਬੀਅਰ ਨਾਲ ਛੋਟਾ ਪੈੱਗ ਹੋ ਜਾਏ। ਇਸ ਤਰ੍ਹਾਂ ਤਾਂ ਆਪਾਂ ਖੁਲ੍ਹਣਾ ਹੀ ਨਹੀਂ।'' ਸੀ.ਓ. ਨੇ ਗਲਾਸ ਬਣਾਉਣੇ ਸ਼ੁਰੂ ਕਰ ਦਿਤੇ।ਕੈਪਟ...

man with cat eyes

''ਤੂੰ ਮੇਰਾ ਭਰਾ ਏਂ। ਬਹੁਤਾ ਨਾ ਸਹੀ, ਬੀਅਰ ਨਾਲ ਛੋਟਾ ਪੈੱਗ ਹੋ ਜਾਏ। ਇਸ ਤਰ੍ਹਾਂ ਤਾਂ ਆਪਾਂ ਖੁਲ੍ਹਣਾ ਹੀ ਨਹੀਂ।'' ਸੀ.ਓ. ਨੇ ਗਲਾਸ ਬਣਾਉਣੇ ਸ਼ੁਰੂ ਕਰ ਦਿਤੇ।ਕੈਪਟਨ ਕੁੱਝ ਚਿਰ ਸੰਗਿਆ। ਫਿਰ ਸ਼ੁਰੂ ਹੋ ਗਿਆ। ਮੁੜ ਪਛਾਣ ਕੇ ਸੀ.ਓ. ਨੇ ਗੱਲ ਤੋਰੀ, ''ਮੈਂ ਜਾਣਦਾਂ ਹਾਲਾਤ ਨੇ ਤੈਨੂੰ ਮੈਡੀਕਲ ਲੋਅ ਬਣਾ ਦਿਤਾ ਪਰ ਵਿਸ਼ਵਾਸ ਕਰ ਤੇਰੀ ਏ.ਸੀ.ਆਰ. ਮੈਂ ਠੀਕ ਕਰੂੰਗਾ। ਬਸ ਏਨਾ ਦੱਸ ਦੇ ਕਿ ਕਾਰਗਿਲ 'ਚ ਮਰਨ ਵਾਲੀ ਉਸ ਜਾਸੂਸ ਐਕਟਰਨੀ ਦੇ ਜਾਲ 'ਚ ਤੂੰ ਕਿਵੇਂ ਫੱਸ ਗਿਆ?''

''ਉਹ ਜਾਸੂਸ ਨਹੀਂ ਸੀ ਸਰ। ਬੇਸ਼ੱਕ ਇਸਲਾਮ ਧਰਮ ਦੀ ਸੀ ਪਰ ਘਰਾਣਾ ਬਹੁਤ ਵਧੀਆ ਹੈ। ਪਿਉ ਨਜ਼ੀਰ ਖ਼ਾਨ ਦੀ ਮੌਤ ਤੋਂ ਬਾਅਦ ਮਾਂ ਸਲੀਮਾ ਬੇਗ਼ਮ ਉਸ ਦੀ ਥਾਂ ਪ੍ਰਿੰਸੀਪਲ ਹੈ। ਦੋ ਭਰਾ ਹਤਾਉਤੁਲਾ ਅਤੇ ਹੁਸੈਨਉੱਲਾ ਗੁਹਾਟੀ ਆਸਾਮ ਚਾਹ ਦੀਆਂ ਫ਼ੈਕਟਰੀਆਂ ਚਲਾਉਂਦੇ ਨੇ। ਆਖੋ ਤਾਂ ਵਿਖਾ ਲਿਆਵਾਂ? ਨਾਲੇ ਸੋਗ ਮਨਾ ਆਵਾਂਗੇ।'' ''ਵੇਖੀ ਜਾਊ। ਪਹਿਲਾਂ ਬੋਲ ਕੇ ਦੱਸ ਕੀ ਹੋਇਆ?'' ''ਅੱਛਾ ਸੁਣੋ।''

ਕੈਪਟਨ ਸੀ.ਓ. ਨੂੰ ਜਿਵੇਂ ਸਿਕਮ ਦੀਆਂ ਬਰਫ਼ ਲੱਦੀਆਂ ਪਹਾੜੀਆਂ 'ਚ ਲੈ ਗਿਆ ਹੋਵੇ: ਰਾਸ਼ਨ ਲਿਆਉਂਦੀ ਇਕ ਗੱਡੀ ਪਹਾੜੀਆਂ 'ਚ ਰੁੜ੍ਹ ਗਈ ਸੀ। ਉਸ ਨੂੰ ਕੱਢਣ ਆਉਂਦੀ ਇਕ ਮੁਟਿਆਰ ਟਕਰਾ ਕੇ ਢਲਾਣਾਂ 'ਚ ਰੁੜ੍ਹ ਗਈ। ਰਿਕਵਰੀ ਦੇ ਟੋਚਨ ਨਾਲ ਕੈਪਟਨ ਉਸ ਨੂੰ ਬਾਹਰ ਕੱਢ ਲਿਆਇਆ। ਬੋਲਿਆ, ''ਮੈਡਮ ਬਰਫ਼ਬਾਰੀ ਦੇ ਮੌਸਮ 'ਚ ਹੌਲੀ ਚੱਲਣ ਦੀ ਆਦਤ ਪਾਉ। ਭਲਾ ਹੋਵੇ ਏਨਾ ਰੋਕਣ ਵਾਲੀਆਂ ਝਾੜੀਆਂ ਦਾ ਨਹੀਂ ਤਾਂ ਪਤਾ ਨਹੀਂ ਕਿੱਥੇ ਜਾ ਰਹੇ ਸੀ ਏਨੀ ਤੇਜ਼।''

ਉਸ ਨੇ ਕਿਹਾ, ''ਜੀ ਮੇਰਾ ਨਾਂ ਜ਼ਰੀਨਾ ਏ। ਰਿਹਾਇਸ਼ ਸਿਲੀਗੁੜੀ ਹੈ ਪਰ ਗੰਗਟੋਕ ਨਾਨਕੇ ਰਹਿ ਕੇ ਐਕਟਿੰਗ ਸਿਖਦੀ ਹਾਂ। ਕਾਲਿਮਪਾਉਂ ਭੂਆ ਕੋਲ ਚੱਲੀ ਸੀ। ਤੁਹਾਡਾ ਸ਼ੁਕਰੀਆ। ਗੰਗਟੋਕ ਆਏ ਤਾਂ ਮੁਨਸ਼ੀ ਸ਼ੇਰ ਮੁਹੰਮਦ ਦੇ ਘਰ ਆਉਣਾ ਨਾ ਭੁਲਿਉ।'' ਕਹਿੰਦੀ ਜ਼ਰੀਨਾ ਨੇ ਅਪਣੇ ਆਪ ਨੂੰ ਵੇਖਿਆ ਤਾਂ ਸ਼ਰਮ ਨਾਲ ਸਿਮਟਦੀ ਮੂੰਹ ਫੇਰ ਕੇ ਖਲੋ ਗਈ। ਝਾੜੀਆਂ ਨੇ ਉਸ ਦੇ ਕਪੜੇ ਕੁੱਝ ਨਾਜ਼ੁਕ ਅੰਗਾਂ ਤੋਂ ਪਾੜ ਦਿਤੇ ਸਨ। ਹਸਦੇ ਹੋਏ ਕੈਪਟਨ ਨੇ ਅਪਣਾ ਕੋਟ ਉਤਾਰਿਆ ਅਤੇ ਉਸ ਵਲ ਸੁੱਟ ਕੇ ਬੋਲਿਆ, ''ਜਾਹ ਤੇਰੀ ਐਕਟਿੰਗ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।''

ਸ਼ਾਇਦ ਮੇਜਰ ਦਾ ਚਕਿਆ ਸੀ.ਓ. ਖ਼ੁਸ਼ ਨਹੀਂ ਸੀ। ਸ਼ਾਮੀਂ ਮੈੱਸ 'ਚ ਹੀਰ ਦਾ ਬੈਂਤ ਸੁਣਾ ਕੇ ਕਹਿ ਦਿਤਾ ਸੀ, ''ਵਾਰਿਸ ਸ਼ਾਹ ਜਾਂ ਰੰਨ ਦਿਆਲ ਹੁੰਦੀ ਕੁੱਜਾ...।'' ਅਗਲੇ ਸ਼ਬਦ ਅਫ਼ਸਰਾਂ ਦੇ ਹਾਸੇ 'ਚ ਡੁਬ ਗਏ। ਕੈਪਟਨ ਮੂਹਰੇ ਪਿਆ ਗਲਾਸ ਖ਼ਾਲੀ ਕਰ ਕੇ ਬਿਨ ਖਾਧੇ ਹੀ ਚਲਾ ਆਇਆ। ਉਸ ਨੂੰ ਨੀਂਦ ਨਹੀਂ ਆਈ। ਸਾਰੀ ਰਾਤ ਅਫ਼ਸਰ ਮਜ਼ਾਕ ਕਰਦੇ ਦਿਸਦੇ ਰਹੇ। 

ਕਈ ਦਿਨਾਂ ਬਾਅਦ ਉਸ ਦਾ ਸ਼ਨਾਖਤੀ ਕਾਰਡ, ਜੋ ਜ਼ਰੀਨਾ ਨੂੰ ਦਿਤੇ ਸਰਕਾਰੀ ਕੋਟ 'ਚ ਚਲਾ ਗਿਆ ਸੀ, ਆਰਮੀ ਹੈੱਡਕੁਆਰਟਰ ਤੋਂ ਹੋ ਕੇ ਆ ਗਿਆ। ਉਸ ਦੀ ਨਾਲਾਇਕੀ ਦੱਸਣ ਵਾਸਤੇ ਮੇਜਰ ਨੇ ਅਫ਼ਸਰਾਂ ਦੀ ਮੀਟਿੰਗ 'ਚ ਕਾਰਡ ਦੇ ਕੇ ਕਿਹਾ, ''ਅਪਣੀ ਗੁਪਤਤਾ ਖ਼ਤਮ ਹੋਣ ਦੇ ਸਬੰਧ 'ਚ ਬ੍ਰਿਗੇਡ ਪੇਸ਼ੀ ਭੁਗਤ ਆਏ ਓ ਮਾਨ ਸਾਬ੍ਹ?'' ਬਾਕੀ ਅਫ਼ਸਰ ਇਕ-ਦੂਜੇ ਦੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰ ਜਾਂਦੇ ਪਰ ਉਸੇ ਨਾਲ ਪਤਾ ਨਹੀਂ ਕਿਉਂ ਅਜਿਹਾ ਸਲੂਕ ਹੋ ਰਿਹਾ ਹੈ।

ਫਿਰ ਇਕ ਸਮੇਂ ਮਾਉਵਾਦੀਆਂ ਦੇ ਖ਼ਾਤਮੇ ਵਾਸਤੇ ਆਰਮੀ ਹੈੱਡਕੁਆਰਟਰ ਨੇ ਇਕ ਅਜਿਹੇ ਅਫ਼ਸਰ ਦੀ ਰਿਮਾਂਡ ਕੀਤੀ ਜਿਸ ਨੇ ਸੁਕਨਾ ਜੰਗਲ ਦਾ ਨਕਸ਼ਾ ਪਾਸ ਕੀਤਾ ਹੋਵੇ। ਉਸ ਅਫ਼ਸਰ ਨੂੰ ਇਕ ਰੈਂਕ ਅੱਪ ਕਰ ਕੇ ਸੁਕਨਾ ਮੁਹਿੰਮ ਤੇ ਭੇਜਣਾ ਸੀ। ਉਹ ਡਿਪਲੋਮਾ ਕੈਪਟਨ ਕੋਲ ਸੀ। ਕੈਪਟਨ ਦੇ ਹੁਕਮ ਵੀ ਹੋ ਗਏ ਪਰ ਮੌਕੇ ਤੇ ਬੀ. ਮਰੂਸ ਲਪਟੈਨ ਨੂੰ ਭੇਜਿਆ ਗਿਆ। ਕੈਪਟਨ ਨੇ ਰੋਸ ਪ੍ਰਗਟਾਇਆ ਤਾਂ ਮੇਜਰ ਬੋਲਿਆ, ''ਡਿਊਟੀਆਂ ਹੋਰ ਬਥੇਰੀਆਂ। ਆਹ ਲਉ ਮੁਵਮੈਂਟ ਔਰਡਰ ਵਿਚ ਅਪਣਾ ਨਾਂ ਭਰ ਲਉ। ਤੁਸੀ ਕਲਕੱਤੇ ਟੀ.ਵਾਈ. ਡਿਊਟੀ ਵਰੰਟ ਲੈਣ ਜਾ ਰਹੇ ਹੋ।'' (ਚਲਦਾ)