ਕੱਕਾ ਬਿੱਲਾ ਆਦਮੀ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜੁੰਗਾ ਜੀਪ ਗੰਗਟੋਕ 'ਚੋਂ ਲੰਘਦਿਆਂ ਜ਼ਰੀਨਾ ਦੀ ਯਾਦ ਆਈ ਪਰ ਮੇਜਰ ਪੱਖ ਦੇ ਕੁੱਝ ਨੁਮਾਇੰਦੇ ਨਾਲ ਸਨ। ਜ਼ਰੀਨਾ ਨਾਲ ਜੁੜੀ ਸਿਲੀਗੁੜੀ ਉਸ ਨੂੰ ਸਹੁਰਿਆਂ ਦਾ ਸ਼ਹਿਰ ਜਾਪਣ...

Man with cat eyes

ਜੁੰਗਾ ਜੀਪ ਗੰਗਟੋਕ 'ਚੋਂ ਲੰਘਦਿਆਂ ਜ਼ਰੀਨਾ ਦੀ ਯਾਦ ਆਈ ਪਰ ਮੇਜਰ ਪੱਖ ਦੇ ਕੁੱਝ ਨੁਮਾਇੰਦੇ ਨਾਲ ਸਨ। ਜ਼ਰੀਨਾ ਨਾਲ ਜੁੜੀ ਸਿਲੀਗੁੜੀ ਉਸ ਨੂੰ ਸਹੁਰਿਆਂ ਦਾ ਸ਼ਹਿਰ ਜਾਪਣ ਲੱਗੀ। ਸਿਲੀਗੁੜੀ ਸਟੇਸ਼ਨ ਤੇ ਪਹੁੰਚ ਗੱਡੀ ਵਾਪਸ ਮੋੜੀ ਅਤੇ ਅਟੈਚੀ ਚੁੱਕ ਵੇਟਿੰਗ ਰੂਮ ਜਾ ਬੈਠਾ। ਕੰਟੀਨ ਵਲ ਇਕ ਉਂਗਲ ਖੜੀ ਕਰ ਕੇ ਚਾਹ ਦਾ ਕੱਪ ਮੰਗਿਆ। ਉਸ ਨੂੰ ਕਿਸੇ ਜਾਣੀ ਪਛਾਣੀ ਆਵਾਜ਼ ਨੇ 'ਸਲਾਮ ਵਾਲੇਕਮ ਸਾਬ੍ਹ' ਕਹਿ ਕੇ ਬੁਲਾਇਆ। ਵੇਖਿਆ ਤਾਂ ਪਿੱਛੇ ਜ਼ਰੀਨਾ ਖੜੀ ਸੀ। ਹੈਰਾਨੀ ਅਤੇ ਖ਼ੁਸ਼ੀ 'ਚ ਡੁੱਬੇ ਨੇ ਕੰਟੀਨ ਵਲ ਦੋ ਉਂਗਲਾਂ ਖੜੀਆਂ ਕੀਤੀਆਂ। 

''ਦੋ ਨਹੀਂ ਤਿੰਨ। ਮੇਰੇ ਅੰਮੀ ਜਾਨ ਵੀ ਨਾਲ ਹਨ।'' ਜ਼ਰੀਨਾ ਨੇ ਬਾਥਰੂਮ ਵਲ ਇਸ਼ਾਰਾ ਕੀਤਾ ਜਿਧਰ ਸ਼ਾਇਦ ਉਸ ਦੀ ਮਾਂ ਗਈ ਸੀ। ''ਤਿੰਨ ਕਿਉਂ? ਚਾਰ ਕਿਉਂ ਨਹੀਂ ਭਾਈ ਜਾਨ?'' ਉਨ੍ਹਾਂ ਵਲ ਬਿੱਲੀਆਂ ਅੱਖਾਂ ਅਤੇ ਕੱਕੇ ਵਾਲਾਂ ਵਾਲਾ ਨੌਜਵਾਨ ਆ ਰਿਹਾ ਸੀ। ਜ਼ਰੀਨਾ ਦੀ ਚਾਹ 'ਚ ਜਿਵੇਂ ਮੱਖੀ ਡਿੱਗ ਪਈ ਹੋਵੇ। ਫਿਰ ਵੀ ਜਾਣ-ਪਛਾਣ ਕਰਾਉਣੀ ਪਈ, ''ਇਹ ਹਬੀਬਾ ਅਖ਼ਤਰ ਕਾਲਿਮਪਾਉ ਤੋਂ ਮੇਰਾ ਫੁਫੇਰਾ ਭਰਾ। ਇਹ ਵੀ ਮੇਰੇ ਨਾਲ ਹੀ ਐਕਟਿੰਗ ਸਿਖਦਾ ਹੈ। ਹਬੀਬਿਆ ਇਹ ਉਹ ਮਾਨ ਸਾਬ੍ਹ ਨੇ ਜਿਨ੍ਹਾਂ ਮੈਨੂੰ ਢਲਾਣਾਂ 'ਚੋਂ ਕਢਿਆ ਸੀ।''

''ਹੈਲੋ ਕੈਪਟਨ ਕਾਫ਼ੀ ਤੰਦਰੁਸਤ ਲਗਦੇ ਹੋ।'' ਹੱਥ ਮਿਲਾਉਂਦਿਆਂ ਹਬੀਬ ਨੇ ਉਸ ਦਾ ਹੱਥ ਵੱਧ ਤੋਂ ਵੱਧ ਘੁੱਟਣ ਦੀ ਕੋਸ਼ਿਸ਼ ਕੀਤੀ। ਪਰ ਅੱਗੋਂ ਕੈਪਟਨ ਦੀ ਸ਼ਿਕੰਜੇ ਵਰਗੀ ਪਕੜ ਨੇ ਉਸ ਨੂੰ ਤਰੇਲੀਆਂ ਲਿਆ ਦਿਤੀਆਂ। ਹੱਸ ਕੇ ਕੈਪਟਨ ਬੋਲਿਆ, ''ਹੋ ਗਿਆ ਅੰਦਾਜ਼ਾ ਤਾਂ ਆਜਾ ਪੀਨੇ ਆਂ।'' ''ਨਹੀਂ ਚਾਹ ਤਾਂ ਮੈਂ ਪੀਂਦਾ ਹੀ ਨਹੀਂ। ਵੈਸੇ ਹੀ ਕਹਿ ਦਿਤਾ ਸੀ। ਮੈਂ ਤਾਂ ਨੀਲਮ ਨੂੰ ਭਾਲਦਾ ਫਿਰਦਾਂ। ਅਸੀ ਕਿਤੇ ਚੱਲੇ ਹਾਂ।'' ਹੱਥ ਪਲੋਸਦਾ ਹਬੀਬ ਸਟੇਸ਼ਨ ਅੰਦਰ ਚਲਾ ਗਿਆ। ''ਕਿਸ ਨੀਲਮ ਦੀ ਗੱਲ ਕਰਦਾ ਸੀ?''

ਪੁਛਿਆ ਤਾਂ ਉਹ ਬੋਲੀ, ''ਹੈਗੀ ਸਾਡੇ ਨਾਲ ਦੀ ਸਟੂਡੈਂਟ। ਲੰਡੇ ਨੂੰ ਖੁੰਡਾ ਮਿਲਿਐ। ਪਤਾ ਨਹੀਂ ਕਿਹੜੀ ਮਾਰ ਤੇ ਚੱਲੇ ਹੋਣਗੇ। ਇਹ ਮੇਰੇ ਤੇ ਵੀ ਟਰਾਈਆਂ ਮਾਰਦੈ। ਘਟੀਆ ਬੰਦਾ ਭਰੋਸੇਯੋਗ ਨਹੀਂ।'' ''ਉਹ ਤਾਂ ਪਤਾ ਹੀ ਏ। 'ਕੱਕਾ ਬਿੱਲਾ ਆਦਮੀ, ਮੁੱਛਾਂ ਵਾਲੀ ਰੰਨ। ਜਿਹੜਾ ਇਨ੍ਹਾਂ ਤੇ ਕਰੂ ਭਰੋਸਾ ਉਹਦੀ...।'' ਸੁਣ ਕੇ ਜ਼ਰੀਨਾ ਹੱਸੀ ਤੇ ਬੋਲੀ, ''ਵਾਕਿਆ ਫ਼ੌਜੀ ਗੱਲ ਕਰਨ ਨੂੰ ਬੜੇ ਖੁੱਲ੍ਹੇ ਹੁੰਦੇ ਨੇ।'' ਹਸਦੀ ਸੋਹਣੀ ਲੱਗੀ ਤਾਂ ਕੈਪਟਨ ਰੋਮਾਂਟਿਕ ਹੋ ਗਿਆ। ਬੋਲਿਆ, ''ਅੱਜ ਫਿਰ ਕਿਹੜੇ ਮਾੜੇ ਕਰਮਾਂ ਵਾਲੇ ਉਤੇ ਬਿਜਲੀਆਂ ਸੁੱਟਣ ਜਾ ਰਹੇ ਹੋ?''

''ਬਿਜਲੀਆਂ ਤਾਂ ਜਿਥੇ ਸੁਟਣੀਆਂ ਸੀ ਸੁਟ ਦਿਤੀਆਂ। ਅੱਜ ਤਾਂ ਮਾਸੀ ਕੋਲ ਈਦ ਮਨਾਉਣ ਜਾ ਰਹੇ ਹਾਂ। ਕਿਸ਼ਨਗੰਜ।'' ''ਫਿਰ ਤਾਂ ਉਥੋਂ ਤਕ ਕੱਠੇ ਚੱਲਾਂਗੇ। ਮੈਂ ਕਲਕੱਤੇ ਪਲਟਨ ਦੇ ਕਿਸੇ ਕੰਮ ਜਾ ਰਿਹਾਂ।'' ''ਕਿਆ ਬਾਤ ਹੈ। ਇਕੋ ਰੂਟ। ਗੰਗਟੋਕ ਤੋਂ ਵੀ ਸਾਡੀ ਟੈਕਸੀ ਤੁਹਾਡੇ ਪਿੱਛੇ ਪਿੱਛੇ ਆਈ ਹੈ।'' ਕੈਪਟਨ ਹਸਿਆ, ''ਜਾਸੂਸੀ ਹੋ ਰਹੀ ਏ ਮੇਰੀ?'' ''ਅਸੀਂ ਕੁੱਝ ਕਰ ਤਾਂ ਲਿਆ। ਤੁਹਾਥੋਂ ਕੁਛ ਹੋਇਆ ਵੀ ਨਹੀਂ। ਅਪਣਾ ਸ਼ਨਾਖਤੀ ਕਾਰਡ ਹੀ ਲੈਣ ਆ ਜਾਂਦੇ। ਉਹ ਵੀ ਡਾਕ ਰਾਹੀਂ ਪਲਟਨ ਨੂੰ ਭੇਜਣਾ ਪਿਆ।'' ''ਪਲਟਨ ਨੂੰ ਜਾਂ ਆਰਮੀ ਹੈੱਡਕੁਆਰਟਰ ਨੂੰ?'' ''ਨਾ ਨਾ ਫ਼ੋਰ ਜੀ ਆਰ ਨੂੰ।

ਮੇਰੇ ਕੋਲ ਰਜਿਸਟਰੀ ਦੀ ਰਸੀਦ ਵੀ ਹੈ।'' ਪਰਸ 'ਚੋਂ ਰਸੀਦ ਕੱਢ ਕੇ ਜ਼ਰੀਨਾ ਬੋਲੀ, ''ਮੈਂ ਜਾਣਦੀ ਸੀ ਕਿ ਅਣਗਹਿਲੀ ਸਾਬਤ ਹੋਣ ਤੇ ਤੁਹਾਡੀ ਨੌਕਰੀ ਤੇ ਅਸਰ ਪਏਗਾ।'' ਉਸ ਅੱਗੇ ਮੇਜਰ ਘੁੰਮ ਗਿਆ। ਗ਼ੁਸਲਖ਼ਾਨੇ 'ਚੋਂ ਇਕ ਅਧਖੜ ਔਰਤ ਨੇ ਆ ਕੇ ਕਿਹਾ, ''ਪੁੱਤਰ ਜ਼ਰੀਨਾ ਗੱਡੀ ਦਾ ਪਤਾ ਕਰ। ਅਜਕਲ ਦੇ ਮੰਤਰੀਆਂ ਵਾਂਗ ਗੱਡੀਆਂ ਨੂੰ ਵੀ ਲੇਟ ਹੋਣ ਦੀ ਆਦਤ ਹੈ। ਇਹ ਸ਼ਹਿਜ਼ਾਦਾ ਕੌਣ ਏ?'' ''ਇਹੀ ਕੈਪਟਨ ਮਾਨ ਏ ਅੰਮੀ ਜਾਨ, ਜਿਸ ਬਾਰੇ ਮੈਂ ਤੁਹਾਨੂੰ ਦਸਿਆ ਸੀ। ਕਲਕੱਤੇ ਜਾ ਰਹੇ ਹਾਂ। ਕਿਸ਼ਨਗੰਜ ਤਕ ਅਪਣੇ ਨਾਲ ਚੱਲਣਗੇ। ਕੈਪਟਨ ਮਾਨ ਇਹ ਮੇਰੀ ਅੰਮੀ ਜਾਨ ਨੇ। ਅੱਬੂ ਤੋਂ ਬਾਅਦ ਉਸੇ ਸਕੂਲ 'ਚ ਪ੍ਰਿੰਸੀਪਲ ਲੱਗੇ ਨੇ।

ਕਿਤੇ ਵੀ ਜਾਵਾਂ ਮੈਂ ਅੰਮੀ ਜਾਨ ਨੂੰ ਨਾਲ ਹੀ ਰਖਦੀ ਹਾਂ।'' ਕੈਪਟਨ ਔਰਤ ਦੇ ਪੈਰਾਂ ਤੇ ਝੁਕ ਗਿਆ। ''ਅੱਲਾਹ ਲੰਮੀ ਉਮਰ ਬਖ਼ਸ਼ੇ। ਜ਼ਰੀਨਾ ਤਾ ਕਹਿੰਦੀ ਸੀ ਤੁਸੀ ਆਉਗੇ। ਨਾ ਗੰਗਟੋਕ ਗਏ ਨਾ ਇਥੇ ਆਏ। ਗੁਹਾਟੀ ਤੋਂ ਹਤਾਊਤੁਲਾ ਆ ਕੇ ਕਈ ਦਿਨ ਰਹਿ ਕੇ ਗਿਆ। ਅਸੀ ਸੋਚਿਆ ਤੁਹਾਡਾ ਸਟੇਸ਼ਨ ਬਦਲ ਨਾ ਗਿਆ ਹੋਵੇ।'' ''ਬਦਲਿਆ ਤਾਂ ਨਹੀਂ ਸਮਝੋ ਬਦਲਣ ਹੀ ਵਾਲਾ ਹੈ। ਡਿਬਰੂਗੜ੍ਹ ਐਡਵਾਂਸ ਪਾਰਟੀ ਚਲੀ ਗਈ ਏ। ਦੋ ਤਿੰਨ ਮਹੀਨਿਆਂ 'ਚ ਅਸੀ ਵੀ ਚਲੇ ਜਾਵਾਂਗੇ। ਜਾ ਕੇ ਮੈਂ ਚਿੱਠੀ ਪਾ ਦਿਆਂਗਾ।'' ਫਿਰ ਕੰਟੀਨ ਵਾਲੇ ਗੋਰਖੇ ਨੂੰ ਬੋਲਿਆ, ''ਉਏ ਸਾਥੀ ਲਿਆ ਯਾਰ। ਚਾਹ ਬਣਾਉਨੈਂ ਜਾਂ ਮੁਰਗਾ ਬਣਾਉਨੈਂ? ਤੂੰ ਤਾਂ ਵਰ੍ਹੇ ਗੁਜ਼ਾਰ ਦਿਤੇ।'' (ਬਾਕੀ ਅਗਲੇ ਅੰਕ 'ਚ) ਸੰਪਰਕ : 98885-26276