ਸਾਂਝੇ ਪੰਜਾਬ ਦੇ ਭੁੱਲੇ ਵਿਸਰੇ ਨਾਇਕ-2

ਸਪੋਕਸਮੈਨ ਸਮਾਚਾਰ ਸੇਵਾ

ਬਾਬਾ ਨਾਨਕ ਦੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੇ ਲਾਗੇ 13 ਅਪ੍ਰੈਲ 1851 ਨੂੰ ਪੈਦਾ ਹੋਏ ਸਰ ਗੰਗਾ ਰਾਮ ਦਾ ਯੋਗਦਾਨ ਵੀ ਬੇਮਿਸਾਲ ਰਿਹਾ ਹੈ।

The forgotten heroes of the common Punjab

(ਪਿਛਲੇ ਹਫ਼ਤੇ ਤੋਂ ਅੱਗੇ)
ਦੂਜਾ ਵਿਅਕਤੀ ਸੀ ਸਰ ਗੰਗਾ ਰਾਮ ਜਿਸ ਨੂੰ ਕਿ ਲਾਹੌਰ ਦਾ ਬਾਪ ਵੀ ਕਿਹਾ ਜਾਂਦਾ ਹੈ। ਬਾਬਾ ਨਾਨਕ ਦੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੇ ਲਾਗੇ 13 ਅਪ੍ਰੈਲ 1851 ਨੂੰ ਪੈਦਾ ਹੋਏ ਸਰ ਗੰਗਾ ਰਾਮ ਦਾ ਯੋਗਦਾਨ ਵੀ ਬੇਮਿਸਾਲ ਰਿਹਾ ਹੈ। ਉਹ ਹਮੇਸ਼ਾ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਕਾਇਮ ਰਹੇ। ਉਨ੍ਹਾਂ ਨੇ ਲਾਹੌਰ ਵਿਖੇ ਕਈ ਇਮਾਰਤਾਂ ਬਣਾਉਣ ਦੇ ਨਾਲ ਨਾਲ ਲਾਹੌਰ ਦਾ ਵਾਟਰ ਵਰਕਸ ਵੀ ਬਣਵਾ ਦਿਤਾ ਸੀ। ਸਰ ਗੰਗਾ ਰਾਮ 12 ਸਾਲ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ ਰਹੇ ਅਤੇ ਉਹ ਸਮਾ 'ਗੰਗਾ ਰਾਮ ਇਮਾਰਤਸਾਜ਼ੀ' ਦਾ ਸਮਾਂ ਕਹਾਉਂਦਾ ਹੈ। ਸਰ ਗੰਗਾ ਰਾਮ ਦੀ ਹਵੇਲੀ ਜਿਹੜੀ ਅੱਜ ਵੀ ਖੜੀ ਹੈ, ਉਹ ਨਾ ਲਾਹੌਰੀਆਂ ਨੇ ਢਾਹੁਣ ਦਿਤੀ ਹੈ ਤੇ ਨਾ ਹੀ ਵਿਕਣ ਦਿਤੀ ਹੈ। ਜਿਉਂ ਦੀ ਤਿਉਂ ਖੜੀ ਹੈ। ਇਸ ਹਵੇਲੀ ਨੂੰ ਹੁਣ ਅਜਾਇਬ ਘਰ ਦਾ ਰੂਪ ਦੇ ਦੇਣਾ ਚਾਹੀਦਾ ਹੈ। ਇਸ ਵਿਚ ਸਰ ਗੰਗਾ ਰਾਮ ਨਾਲ ਸਬੰਧਤ ਦਸਤਾਵੇਜ਼ਾਂ ਦੀ ਨੁਮਾਇਸ਼ ਲਗਾਈ ਜਾ ਸਕਦੀ ਹੈ।

ਸਰ ਗੰਗਾ ਰਾਮ ਨੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਉਹ ਗੌਰਮਿੰਟ ਕਾਲਜ ਲਾਹੌਰ ਵਿਖੇ ਪੜ੍ਹਨ ਲੱਗ ਗਏ। ਫਿਰ ਉਨ੍ਹਾਂ ਨੂੰ ਸਿਵਲ ਇੰਜੀਨੀਅਰਿੰਗ ਕਾਲਜ ਰੁੜਕੀ ਵਿਖੇ ਸਕਾਲਰਸ਼ਿਪ ਮਿਲੀ ਅਤੇ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਦਿਆਂ ਇਹ ਇਮਤਿਹਾਨ ਪਾਸ ਕੀਤਾ। ਫਿਰ ਉਨ੍ਹਾਂ ਦੀ ਸਹਾਇਕ ਇੰਜਨੀਅਰ ਵਜੋਂ ਨਿਯੁਕਤੀ ਹੋਈ। ਇਕ ਵਾਰ ਉਨ੍ਹਾਂ ਨੇ 50 ਹਜ਼ਾਰ ਏਕੜ ਬੰਜਰ ਜ਼ਮੀਨ ਪਟੇ ਤੇ ਲਈ ਅਤੇ ਅਪਣੇ ਇੰਜਨੀਅਰੀ ਦੇ ਹੁਨਰ ਸਦਕਾ ਤਿੰਨ ਸਾਲਾਂ ਵਿਚ ਉਹ ਜ਼ਮੀਨ ਉਪਜਾਊ ਬਣਾ ਲਈ। ਉਨ੍ਹਾਂ ਨੇ ਇਸ ਜ਼ਮੀਨ ਤੋਂ ਲੱਖਾਂ ਰੁਪਏ ਕਮਾਏ ਅਤੇ ਦਾਨ ਕੀਤੇ। ਉਨ੍ਹਾਂ ਨੇ ਲਾਹੌਰ ਵਿਚ ਜਨਰਲ ਪੋਸਟ ਆਫ਼ਿਸ ਲਾਹੌਰ ਮਿਊਜ਼ੀਅਮ, ਗੰਗਾ ਰਾਮ ਹਸਪਤਾਲ, ਲੇਡੀ ਮੈਕਡਾਨਲ ਗਰਲਜ਼ ਹਾਈ ਸਕੂਲ, ਗੰਗਾ ਰਾਮ ਟਰੱਸਟ ਬਿਲਡਿੰਗ ਆਦਿ ਕਿੰਨੀਆਂ ਹੀ ਇਮਾਰਤਾਂ ਦੇ ਸਿਰਫ਼ ਨਮੂਨੇ ਹੀ ਨਹੀਂ ਬਣਾਏ ਸਗੋਂ ਖ਼ੁਦ ਤਿਆਰ ਵੀ ਕਰਵਾਏ।

ਉਨ੍ਹਾਂ ਨੇ ਹੀ ਪਠਾਨਕੋਟ ਤੋਂ ਅੰਮ੍ਰਿਤਸਰ ਵਿਚਾਲੇ ਰੇਲਵੇ ਲਾਈਨ ਵਿਛਾਉਣ ਦਾ ਕੰਮ ਕਰਵਾਇਆ ਸੀ। ਚਾਹੇ ਕੁੱਝ ਵੀ ਹੋਵੇ ਪਰ ਗੰਗਾ ਰਾਮ ਨੂੰ ਲਾਹੌਰ ਤੋਂ ਵੱਖ ਨਹੀ ਕੀਤਾ ਜਾ ਸਕਦਾ। ਉਸ ਦਾ ਹਸਪਤਾਲ ਅੱਜ ਵੀ ਲਾਹੌਰੀਆਂ ਦੀ ਸੇਵਾ ਕਰ ਰਿਹਾ ਹੈ। 'ਮੰਟੋ' ਦੀ ਇਕ ਵੰਡ ਸਬੰਧੀ ਕਹਾਣੀ ਵਿਚ ਵੀ ਇਸ ਹਸਪਤਾਲ ਦਾ ਜ਼ਿਕਰ ਹੈ। ਜਦੋਂ ਫਸਾਦੀ ਲਾਹੌਰ ਵਿਚੋਂ ਸਾਰੇ ਹਿੰਦੂ-ਸਿੱਖਾਂ ਨੂੰ ਮਾਰਨ ਲਈ 'ਆਦਮ ਬੋ ਆਦਮ ਬੋ' ਕਰਦੇ ਫਿਰ ਰਹੇ ਸਨ ਤਾਂ ਇਕ ਦੰਗਾਈ ਜ਼ਖ਼ਮੀ ਹੋ ਜਾਂਦਾ ਹੈ।  ਤਾਂ ਨਾਲ ਦੇ ਕਹਿੰਦੇ ਹਨ ਕਿ ਇਸ ਨੂੰ ਸਰ ਗੰਗਾ ਰਾਮ ਹਸਪਤਾਲ ਲੈ ਚਲੋ।  ਸਰ ਗੰਗਾਰਾਮ ਬਾਰੇ ਉਦੋਂ ਪੰਜਾਬ ਦੇ ਗਵਰਨਰ ਸਰ ਮੈਕਲਮ ਹੈਲੀ ਨੇ ਲਿਖਿਆ ਸੀ ਕਿ '8e won like a hero and gave like a saint'। ਬਦਕਿਸਮਤੀ ਕਿ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਬਾਰੇ ਅਸੀਂ ਨਹੀਂ ਜਾਣਦੇ ਅਤੇ ਜ਼ਿਆਦਾਤਰ ਉਹ ਵੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹੇ ਨੇ।

ਇਸ ਤੋਂ ਅੱਗੇ ਗੱਲ ਜੋ ਮੈਂ ਲਿਖਣ ਜਾ ਰਿਹਾ ਹਾਂ ਉਸ 'ਤੇ ਬਹਿਸ ਅਤੇ ਖੋਜ ਹੋਣੀ ਬਹੁਤ ਜ਼ਰੂਰੀ ਹੈ। 72 ਸਾਲ ਬਾਅਦ ਵੀ ਕੋਈ ਅਜਿਹੀ ਕਿਤਾਬ ਮੇਰੇ ਹੱਥ ਨਹੀਂ ਲੱਗੀ ਜੋ ਸਾਡੇ ਮੁਕੰਮਲ ਲਹਿੰਦੇ ਪੰਜਾਬ ਦੀ ਕਹਾਣੀ ਅਤੇ ਨਕਸ਼ਾ ਪੇਸ਼ ਕਰਦੀ ਹੋਵੇ। ਸੱਭ ਪਾਠਕਾਂ ਦੀ ਰਾਇ ਉਧਰ ਰਹਿ ਗਏ ਜ਼ਿਲ੍ਹਿਆਂ ਬਾਰੇ ਵਖਰੀ ਵਖਰੀ ਹੁੰਦੀ ਹੈ ਕਿ ਕਿੰਨੇ ਜ਼ਿਲ੍ਹੇ ਉਧਰ ਰਹਿ ਗਏ ਅਤੇ ਕੁਲ ਕਿੰਨੇ ਇਧਰ ਭਾਰਤ ਦੇ ਹਿੱਸੇ ਆਏ। ਭਾਵੇਂ ਕਿ ਕੋਈ ਲਹਿੰਦੇ ਪੰਜਾਬ 'ਚ 24 ਜ਼ਿਲ੍ਹੇ ਰਹਿ ਜਾਣ ਦੀ ਗੱਲ ਕਰਦਾ ਹੈ, ਕੋਈ 27, ਕੋਈ 29 ਅਤੇ ਕੋਈ ਕੁੱਝ ਹੋਰ। ਪਰ ਮੈਨੂੰ ਇਕ ਦਿਨ ਫੇਸਬੁੱਕ ਤੇ ਨਾਵਾਂ ਸਮੇਤ ਕੁਲ 36 ਜ਼ਿਲ੍ਹਿਆਂ ਦੀ ਸੂਚੀ ਮਿਲੀ ਜੋ ਲਹਿੰਦੇ ਪੰਜਾਬ 'ਚ ਰਹਿ ਗਏ। ਹੁਣ ਜਿਨ੍ਹਾਂ ਦਾ ਪਿਛੋਕੜ ਲਹਿੰਦੇ ਪੰਜਾਬ ਦਾ ਹੈ ਉਨ੍ਹਾਂ ਨੂੰ ਜ਼ਰੂਰ ਇਨ੍ਹਾਂ ਨਾਵਾਂ ਬਾਰੇ ਗਿਆਨ ਹੋਵੇਗਾ। ਉਹ ਖ਼ੁਦ ਇਨ੍ਹਾਂ ਜ਼ਿਲ੍ਹਿਆਂ ਦੇ ਠੀਕ ਜਾਂ ਗ਼ਲਤ ਹੋਣ ਦਾ ਨਿਤਾਰਾ ਕਰਨ।

ਜਦੋਂ ਕਦੇ ਫ਼ੇਸਬੁੱਕ ਜਾਂ ਇੰਸਟਾਗ੍ਰਾਮ ਤੇ ਲਹਿੰਦੇ ਪੰਜਾਬ 'ਚ ਕਾਰਾਂ ਜਾਂ ਮੋਟਰਸਾਈਕਲਾਂ ਪਿੱਛੇ ਲਿਖਿਆ ਜਲੰਧਰੀ, ਅੰਬਰਸਰੀਏ ਆਦਿ ਪੜ੍ਹਦਾ ਹਾਂ ਅਤੇ ਇਧਰ ਲਾਹੌਰੀਏ, ਮੁਲਤਾਨੀਏ ਆਦਿ ਤਾਂ ਦਿਲ ਦਾ ਰੁੱਗ ਭਰਿਆ ਜਾਂਦਾ ਹੈ। ਧਰਮ ਮਜ਼ਹਬ ਕਦੇ ਵੀ ਅਪਣੀ ਜੰਮਣ ਭੋਇੰ ਤੋਂ ਵੱਡੇ ਨਹੀਂ ਹੋ ਸਕਦੇ। ਜਦੋਂ ਮੇਰਾ ਲੇਖ 'ਇਕ ਚਿੱਠੀ ਬਾਬਾ ਲਾਹੌਰ ਸਿੰਘ ਦੇ ਨਾਂ' ਛਪਿਆ ਤਾਂ ਇਕ ਅਜਿਹੇ ਵੀ ਪਾਠਕ ਦਾ ਫ਼ੋਨ ਆਇਆ ਕਿ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰੀਏ ਕਿ ਅਪਣਾ 500-1000 ਜਣਿਆਂ ਦਾ ਜਥਾ ਉਧਰ ਲਹਿੰਦੇ ਪੰਜਾਬ ਦੇ ਦਰਸ਼ਨ ਕਰ ਕੇ ਆਇਆ ਕਰੇ। ਮੈਂ ਕਿਹਾ ਠੀਕ ਹੈ ਕਿ ਦੋਵੇਂ ਮੁਲਕਾਂ ਨੂੰ ਚਾਹੀਦਾ ਹੈ ਕਿ ਸਰਹੱਦਾਂ ਦੇ ਆਰ-ਪਾਰ ਜਾਣ ਦਾ ਸੌਖਾ ਰਾਹ ਕੱਢਣ।

ਜਦੋਂ ਅਸੀਂ ਚਾਹੀਏ ਉਧਰ ਜਾ ਸਕੀਏ ਅਤੇ ਜਦੋਂ  ਉਹ ਚਾਹੁਣ ਇਧਰ ਆ ਸਕਣ। ਪਰ ਉਹ ਸੱਜਣ ਕਹਿੰਦਾ ਕਿ 'ਨਹੀਂ ਜੀ ਅਪਣਾ ਹੀ ਜਾਣ ਦਾ ਪ੍ਰਬੰਧ ਹੋਵੇ ਉਥੇ। ਗੁਰੂਦੁਆਰਿਆਂ ਦੇ ਦਰਸ਼ਨ ਕਰ ਸਕੀਏ। ਉਨ੍ਹਾਂ ਨੇ ਇਧਰ ਕੀ ਕਰਨ ਆਉਣੈ?' ਹੁਣ ਉਸ ਸੱਜਣ ਨੂੰ ਕੌਣ ਸਮਝਾਵੇ ਕਿ ਜਿਥੇ ਬਚਪਨ ਬੀਤਿਆ, ਜਿਥੇ ਖੇਡ ਕੇ ਵੱਡੇ ਹੋਏ, ਉਹ ਗਲੀਆਂ, ਉਹ ਨਗਰ, ਉਹ ਗਰਾਂ, ਉਹ ਖੇਤ ਪੈਲੀਆਂ, ਉਹ ਖੂਹ, ਟੋਭੇ, ਟਿੱਬੇ, ਬੰਨੇ ਆਦਿ ਥਾਵਾਂ ਦਾ ਨਾ ਕੋਈ ਮੁੱਲ ਪਛਾਣ ਸਕਦਾ ਹੈ ਤੇ ਨਾ ਦੇ ਸਕਦਾ ਹੈ। ਜਿੰਨੀ ਕੁ ਤਾਂਘ ਸਾਨੂੰ ਉਧਰ ਜਾਣ ਦੀ ਹੈ ਓਨੀ ਹੀ ਉਨ੍ਹਾਂ ਨੂੰ ਇਧਰ ਆਉਣ ਦੀ ਹੈ। ਪਰ ਚੰਦਰੀ ਸਿਆਸਤ ਕੁੱਝ ਨਹੀਂ ਹੋਣ ਦਿੰਦੀ। ਬਿਗਾਨੀ ਧਰਤੀ ਤੇ ਹੰਢਾਏ ਸੌ ਸਾਲ ਅਪਣੀ ਜੰਮਣ ਭੋਇੰ ਦੇ ਇਕ ਪਲ ਦੇ ਬਰਾਬਰ ਵੀ ਨਹੀਂ ਹੋ ਸਕਦੇ।

ਲਾਹੌਰ ਸਮੂਹ ਪੰਜਾਬੀਆਂ ਵਾਸਤੇ ਇਕ ਸ਼ਹਿਰ ਦਾ ਨਾਂ ਨਾ ਹੋ ਕੇ ਸਾਡੇ ਸਭਿਆਚਾਰ ਦਾ ਧੁਰਾ ਕਿਹਾ ਜਾ ਸਕਦਾ ਹੈ। ਲਾਹੌਰ ਕਹਿਣ ਨੂੰ ਤਾਂ ਇਕ ਸਾਧਾਰਣ ਜਿਹਾ ਲਫ਼ਜ਼ ਹੈ ਪਰ ਜੋ ਇਸ ਨੂੰ ਦਿਲੋਂ ਮਹਿਸੂਸ ਕਰਦੇ ਹਨ, ਉਨ੍ਹਾਂ ਵਾਸਤੇ ਇਸ ਦੇ ਅਰਥ ਬੜੇ ਡੂੰਘੇ ਹਨ। ਲਾਹੌਰ ਸ਼ਹਿਰ ਦੇ ਕਿਸੇ ਸਥਾਨ ਤੇ ਜਦੋਂ ਕੋਈ ਲਹਿੰਦੇ ਪੰਜਾਬ ਦਾ ਪੰਜਾਬੀ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਪੋਸਟ ਪਾਉਂਦਾ ਹੈ ਤਾਂ ਦਿਲ ਵਿਚ ਇਕ ਚੀਸ ਜਿਹੀ ਉਠਦੀ ਹੈ ਕਿ ਹਾਏ ਸਾਡਾ ਲਾਹੌਰ। ਇਹ ਗੱਲ ਕੋਈ ਦਿੱਲੀ, ਕਾਨਪੁਰ, ਚੇਨਈ ਜਾਂ ਮੁੰਬਈ ਵਿਚ ਬੈਠਾ ਵਿਅਕਤੀ ਨਹੀਂ ਸਮਝ ਸਕਦਾ ਕਿ ਉਹ ਲਾਹੌਰ ਸਾਡਾ ਕਿਵੇਂ ਹੋ ਗਿਆ। ਉਹ ਤਾਂ ਪਾਕਿਸਤਾਨ ਦਾ ਸ਼ਹਿਰ ਹੈ। ਇਹ ਗੱਲ ਸੱਚਾ ਪੰਜਾਬੀ ਹੀ ਸਮਝ ਸਕਦਾ ਹੈ ਜੋ ਪੰਜਾਬ ਨੂੰ ਰੂਹ ਨਾਲ ਮੁਹੱਬਤ ਕਰਦਾ ਹੈ।

ਦੋ ਹੋਰ ਅਜਿਹੇ ਵਿਅਕਤੀ ਜੋ ਪੰਜਾਬ ਨਾਲ ਮੁਹੱਬਤ ਕਾਰਨ ਇਤਿਹਾਸ 'ਚੋਂ ਬਿਲਕੁਲ ਗ਼ਾਇਬ ਹਨ। ਪਹਿਲਾ ਮਲਿਕ ਖ਼ਿਜ਼ਰ ਹਿਯਾਤ ਟਿਵਾਣਾ ਜੋ 1942 ਤੋਂ 1947 ਦੀ ਵੰਡ ਤਕ ਪੰਜਾਬ ਦਾ 'Premier of the Punjab' ਸੀ। ਯਾਨੀ ਕਿ ਇਸ ਨੂੰ ਪੰਜਾਬ ਦਾ ਉਦੋਂ ਦਾ ਪ੍ਰਧਾਨ ਮੰਤਰੀ ਕਹਿ ਸਕਦੇ ਹਾਂ। ਇਹ ਸ਼ਖ਼ਸ ਜਿਸ ਨੇ ਪੰਜਾਬ ਵੰਡ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਅਖੀਰ ਤਕ ਕੋਸ਼ਿਸ਼ ਕੀਤੀ ਕਿ ਅੰਗਰੇਜ਼ ਪੰਜਾਬ ਨੂੰ ਵੰਡਣ ਦੀ ਬਜਾਏ ਪੰਜਾਬ ਹੀ ਰਹਿਣ ਦੇਣ। ਪਰ ਉਸ ਦੀ ਗੱਲ ਨਾ ਮੰਨੀ ਗਈ ਅਤੇ ਪਾਕਿਸਤਾਨ ਬਣ ਜਾਣ ਤੋਂ ਬਾਅਦ ਵੀ ਇਸ ਸਟੈਂਡ ਕਾਰਨ ਉਸ ਨੂੰ ਜ਼ਲੀਲ ਕੀਤਾ ਗਿਆ। ਖ਼ਿਜ਼ਰ ਟਿਵਾਣਾ ਸਰਗੋਧੇ ਲਾਗੇ ਦਾ ਇਕ ਤਕੜਾ ਜਗੀਰਦਾਰ ਸੀ ਅਤੇ ਉਸ ਕੋਲ 1 ਲੱਖ ਏਕੜ ਜ਼ਮੀਨ ਅਤੇ ਬਾਰਾਂ ਸੌ ਫ਼ੌਜੀਆਂ ਦੀ ਅਪਣੀ ਟੁਕੜੀ ਸੀ। ਕਹਿੰਦੇ ਹਨ ਕਿ ਸਰਕਾਰ ਵਿਚ ਰਹਿੰਦਿਆਂ ਹੋਇਆਂ ਵੀ ਇਨ੍ਹਾਂ ਨੇ ਅਪਣੇ ਮੁਲਾਜ਼ਮਾਂ ਦਾ ਰੋਟੀ, ਪਾਣੀ ਅਤੇ ਘਿਉ ਆਦਿ ਦਾ ਖ਼ਰਚਾ ਅਪਣੇ ਨਿਜੀ ਖ਼ਰਚੇ 'ਚਂੋ ਚੁਕਿਆ ਸੀ।

ਦੂਜਾ ਨਾਮ ਸਾਡੇ ਆਖ਼ਰੀ ਮਹਾਰਾਜੇ ਦਲੀਪ ਸਿੰਘ ਦੀ ਧੀ ਅਤੇ ਸਾਡੀ ਆਖ਼ਰੀ ਮਹਾਰਾਣੀ ਬੰਬਾ ਵੀ 1947 ਦੇ ਸਮੇਂ ਦੌਰਾਨ ਅਪਣਾ ਰਾਜ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ। ਲਾਹੌਰ ਸ਼ਹਿਰ ਗਵਾਹ ਹੈ ਕਿ ਸਾਡੀ ਮਹਾਰਾਣੀ ਨੇ ਸਿਰਤੋੜ ਯਤਨ ਕੀਤਾ ਕਿ ਦੇਸ਼ ਪੰਜਾਬ ਦੀ ਉਹ ਆਖ਼ਰੀ ਵਾਰਿਸ ਹੈ ਅਤੇ ਉਸ ਦਾ ਰਾਜ ਉਸ ਨੂੰ ਵਾਪਸ ਮਿਲਣਾ ਚਾਹੀਦਾ ਹੈ। ਪਰ 1957 ਵਿਚ ਇਸੇ ਚੀਸ ਨੂੰ ਦਿਲ ਵਿਚ ਲੈ ਕੇ ਸਾਡੀ ਆਖ਼ਰੀ ਸ਼ਹਿਜ਼ਾਦੀ ਦੁਨੀਆਂ ਤੋਂ ਰੁਖਸਤ ਹੋ ਗਈ। ਖੁਸਿਆ ਰਾਜ ਤਾਂ ਕੀ ਮਿਲਣਾ ਸੀ ਸਗੋਂ ਬੜੀ ਬੇਰਹਿਮੀ ਨਾਲ ਉਸ ਦੇ ਦੇਸ਼ ਪੰਜਾਬ ਦੇ ਦੋ ਟੋਟੇ ਕਰ ਦਿਤੇ ਗਏ। ਮਹਾਰਾਣੀ ਬੰਬਾ ਦੀ ਵੀ ਇਕ ਛੋਟੀ ਜਿਹੀ ਯਾਦਗਾਰ ਲਾਹੌਰ ਵਿਚ ਬਣੀ ਹੋਈ ਹੈ ਅਤੇ ਸਿਤਮ ਇਹ ਕਿ ਅੱਜ ਜਦੋਂ ਸਕੂਲਾਂ-ਕਾਲਜਾਂ ਵਿਚ ਇਤਿਹਾਸ ਪੜ੍ਹਾਇਆ ਜਾਂਦਾ ਹੈ ਤਾਂ ਇਹ ਨਾਂ ਬਿਲਕੁਲ ਗ਼ਾਇਬ ਕਰ ਦਿਤੇ ਗਏ ਹਨ।

ਸੋ ਅੱਜ ਮੇਰਾ ਇਹ ਲੇਕ ਲਿਖਣ ਦਾ ਮਕਸਦ ਸੀ ਕਿ ਲਾਹੌਰ ਕਿਸੇ ਰਾਜਧਾਨੀ ਜਾਂ ਸ਼ਹਿਰ ਦਾ ਨਾਂ ਨਹੀਂ।  ਇਹ ਪੰਜਾਬ ਦੇ ਦਿਲ ਦਾ ਨਾਂ ਹੈ। ਲਾਹੌਰ ਤੋਂ ਬਿਨਾਂ ਪੰਜਾਬ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਅਸੀਂ ਵੰਡ ਸਮੇਂ ਇਕੱਲਾ ਲਾਹੌਰ ਹੀ ਨਹੀਂ ਗਵਾਇਆ, ਲਾਹੌਰ ਦੇ ਨਾਲ ਨਾਲ ਅਸੀਂ ਅਪਣਾ ਸਭਿਆਚਾਰ, ਵਿਰਸਾ, ਤਹਿਜ਼ੀਬ, ਪੰਜਾਬੀਅਤ, ਮਿੱਠੀ ਜ਼ੁਬਾਨ, ਬਾਰਾਂ, ਜ਼ਰਖੇਜ਼ ਪੈਲੀਆਂ ਤੇ ਬਾਦਸ਼ਾਹਤ ਵੀ ਗਵਾ ਲਈ। ਅੰਤ ਵਿਚ ਮੇਰੇ ਪਾਠਕਾਂ ਦੇ ਨਾਂ 'ਲਾਹੌਰ' ਤੇ ਵੰਡ ਨਾਲ ਸਬੰਧਤ ਇਕ ਗੀਤ ਜੋ ਮੈਂ ਲਿਖਿਆ ਸੀ। ਇਹ ਗੀਤ ਮੈਂ ਕਰਮਜੀਤ ਅਨਮੋਲ ਨੂੰ ਗਾਉਣ ਵਾਸਤੇ ਕਿਹਾ ਸੀ ਪਰ 1 ਮਹੀਨਾ ਲਾਰੇ ਜਿਹੇ ਲਾ ਕੇ ਅੰਤ ਉਨ੍ਹਾਂ ਨੇ ਕਹਿ ਦਿਤਾ ਕਿ ਇਹ ਗੀਤ (3ommercial) ਵਪਾਰਕ ਨਹੀਂ ਹੈ, ਸੋ ਗਾਉਣ ਤੋਂ ਇਨਕਾਰ ਕਰ ਦਿਤਾ। ਸੋ ਲਾਹੌਰ ਜਾਣ ਤੋਂ ਬਾਅਦ ਸਾਡੀ ਪੰਜਾਬੀਅਤ ਦੀ ਜਗਾ ਵੀ ਵਪਾਰ ਨੇ ਲੈ ਲਈ ਹੈ। ਅਸੀਂ ਸਿਰਫ਼ ਉਸ ਚੀਜ਼ ਨੂੰ ਹੀ ਹੱਥ ਪਾਉਂਦੇ ਹਾਂ ਜਿਸ 'ਚ ਪੈਸਾ ਹੋਵੇ, ਨਫ਼ਾ ਹੋਵੇ। ਰੂਹ ਦੀ ਖੁਰਾਕ ਲਈ ਕੀਤੀਆਂ ਜਾਣ ਵਾਲੀਆਂ ਗੱਲਾਂ ਅੱਜ ਦੇ ਪੰਜਾਬੀਆਂ ਵਾਸਤੇ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈਆਂ ਹਨ।

ਸ਼ੇਅਰ
15 ਅਗਸਤ ਦੇ ਦਿਨ ਚੰਦਰੇ ਨੂੰ,
ਕਿੱਦਾਂ ਢੋਲੇ ਮਾਹੀਏ ਗਾਈਏ,
ਵਿਛੜੇ ਨਨਕਾਣੇ ਦੇ ਸੱਲ ਨੂੰ,
ਦੱਸੋ ਕਿਵੇਂ ਭੁਲਾਈਏ,
ਚੱਕ ਮੁਲਤਾਨ ਤੇ ਗੁਜਰਾਂਵਾਲਾ,
ਤੇ ਵਿਛੜ ਕਸੂਰ ਗਿਆ,
47 ਵੇਲੇ ਛਾਂਗੇ ਪੰਜਾਬ ਤੇ,
ਫੇਰ ਕਦੇ ਨਾਂ ਬੂਰ ਪਿਆ,
ਜਮਰੌਦ ਕਿਲ੍ਹੇ ਦੇ ਵਾਰਿਸ ਭੁੱਲੇ,
ਗੱਲ ਸੁੱਟ ਬੈਠੇ ਤਕਦੀਰਾਂ ਤੇ,
ਲਾਹੌਰ ਤਖਤ ਦੇ ਮਾਲਿਕ ਤਾਹੀਉਂ,
ਅੱਜ ਫਿਰਦੇ ਵਾਂਗ ਫਕੀਰਾਂ ਦੇ।

(ਗੀਤ)
47 ਵਾਲੇ ਫੱਟ ਉਏ ਲੋਕੋ,
ਕਿਉਂ ਅੱਜ ਵੀ ਰਿਸਤੇ ਰਹਿੰਦੇ ਨੇ,
ਲੋਕੀ ਜਿਸਨੂੰ ਕਹਿਣ ਅਜ਼ਾਦੀ,
ਕਿਉਂ ਬਾਬੇ ਉਜਾੜਾ ਕਹਿੰਦੇ ਨੇ,
ਦੋਹਾਂ ਗੱਲਾਂ ਦੇ ਫਰਕ ਦੱਸਿਉ,
ਮੈਨੂੰ ਕਿਉਂ ਸਮਝ ਨਾਂ ਪੈਂਦੇ ਨੇ।
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਦੱਸ ਮਾਏ ਕਿਉਂ ਤਖਤ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਖੇਤੀਆਂ ਗੋਡੀਆਂ ਕੱਠੀਆਂ ਕਰਦੇ,
ਸਦੀਆਂ ਤੋਂ ਸਾਂਝਾਂ ਪੁੱਗੀਆਂ ਸੀ,
ਜਿਥੇ ਕਣਕ ਕਪਾਹ ਦੇ ਛਿੱਟੇ ਦਿੱਤੇ,
ਉਥੇ ਛਵ੍ਹੀਆਂ ਤਲਵਾਰਾਂ ਉੱਗੀਆਂ ਸੀ।
47 ਵੇਲੇ ਪਿੰਡ ਘੁੱਗ ਵਸਦੇ ਸੀ,
ਅੱਜ ਕਿਉਂ ਥੇਹਾਂ ਕਹਿੰਦੇ ਨੇ,
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਸਿੱਖਾਂ ਵਾਲੀਆਂ ਸ਼ਕਲਾਂ ਸਾਹਵੇਂ,
ਕੋਈ ਬਰਕਤੇ ਹੱਥ ਜੋੜਦੀ ਰਹੀ,
ਮੁਸਲਿਮ ਸਕਲ ਦੇ ਲੋਕਾਂ ਅੱਗੇ,
ਗਿੰਦੋ ਕੋਈ ਦਮ ਤੋੜਦੀ ਰਹੀ,
ਜਿਹਾ ਬੀਜਿਆ ਤਿਹਾ ਵੱਢਿਆ,
ਸੱਚ ਸਿਆਣੇ ਕਹਿੰਦੇ ਨੇ,
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਰਾਜਸੀ ਲੋਕਾਂ ਜ਼ਹਿਰਾ ਦਿੱਤੀਆਂ,
ਭਾਈਚਾਰਾ ਹੋ ਗਿਆ ਚੀਥੜੇ,
ਪਹਿਲੀ ਵੇਰਾਂ ਹਿੰਦੂ ਕਾਫਰ ਹੋ ਗਏ,
ਬਾਕੀ ਹੋ ਗਏ ਮੁਸਲੇ ਸਿਖੜੇ,
ਮਾਨਸ ਵਾਲੀ ਜ਼ਾਤ ਭੁੱਲ ਗਏ,
ਹੁਣ ਲੱਗੇ ਕਲੰਕ ਨਾਂ ਲਹਿੰਦੇ ਨੇ,
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਜ਼ਹਿਰੀ ਫਸਲਾਂ ਬੀਜਣ ਵਾਲੇ,
ਇੱਕ ਇੱਕ ਕਰ ਕੇ ਤੁਰ ਗਏ ਨੇ,
ਪੰਜਾਬੀ ਦੋਵਾਂ ਪਾਸਿਆਂ ਵਾਲੇ,
ਮੁੜ ਵਤਨਾ ਵੱਲ ਮੁੜ ਪਏ ਨੇ,
ਉਹ ਦਿਨ ਲਗਦੈ ਛੇਤੀ ਆਉਣਾ,
ਜਦੋਂ ਕਿਲੇ ਦੁਸ਼ਮਣੀ ਢਹਿੰਦੇ ਨੇ,
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ,
ਨਿੱਪੀ ਸ਼ਮੀਰੀਆ ਕਰੇ ਦੁਆਵਾਂ,
ਐਸੀ ਘੜੀ ਕੋਈ ਆਵੇ,
ਕੋਟ ਸ਼ਮੀਰ ਤੋਂ ਰੇਲ ਸਿੱਧੀ,
ਸ਼ਹਿਰ ਲਾਹੌਰ ਨੂੰ ਜਾਵੇ,
ਬਠਿੰਡੇ ਸ਼ਹਿਰ ਤੋਂ ਰੇਲ ਸਿੱਧੀ,
ਤਖਤ ਲਾਹੌਰ ਨੂੰ ਜਾਵੇ,
ਪੰਜਾਬੀ ਇੱਕ ਦਿਨ ਕੱਠੇ ਹੋਣੇ,
ਭਾਵੇ ਚੜ੍ਹਦੇ ਭਾਵੇ ਲਹਿੰਦੇ ਨੇ,
ਦੱਸ ਮਾਏ ਕਿਉਂ ਸ਼ਹਿਰ ਲਾਹੌਰ ਦੇ ਸੁਫਨੇ ਆਉਂਦੇ ਰਹਿੰਦੇ ਨੇ।

ਸੰਪਰਕ : 94785-22228, 98775-58127