ਮਿੰਨੀ ਕਹਾਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪਿਛਲੇ ਕੁੱਝ ਵਰ੍ਹਿਆਂ ਤੋਂ ਵਿਕਾਸ ਕਰ ਕੇ ਪਿੰਡ ਤਰੱਕੀ ਦੀਆਂ ਲੀਹਾਂ ਉਤੇ ਜਾ ਰਿਹਾ ਹੈ। ਧਾਰਮਕ ਅਸਥਾਨਾਂ ਉਤੇ ਲੱਗੇ ਮਹਿੰਗੇ ਤੋਂ ਮਹਿੰਗੇ ਸੰਗਮਰਮਰ ਦੇ ਪੱਥਰ,...

Short Stories

ਅਧੂਰਾ ਵਿਕਾਸ
ਪਿਛਲੇ ਕੁੱਝ ਵਰ੍ਹਿਆਂ ਤੋਂ ਵਿਕਾਸ ਕਰ ਕੇ ਪਿੰਡ ਤਰੱਕੀ ਦੀਆਂ ਲੀਹਾਂ ਉਤੇ ਜਾ ਰਿਹਾ ਹੈ। ਧਾਰਮਕ ਅਸਥਾਨਾਂ ਉਤੇ ਲੱਗੇ ਮਹਿੰਗੇ ਤੋਂ ਮਹਿੰਗੇ ਸੰਗਮਰਮਰ ਦੇ ਪੱਥਰ, ਕਬਰਿਸਤਾਨ ਅਤੇ ਸ਼ਮਸ਼ਾਨਘਾਟ ਦੀਆਂ ਉੱਚੀਆਂ ਹੋਈਆਂ ਕੰਧਾਂ, ਆਮ ਘਰ ਤੋਂ ਚੰਗੀ ਦਿੱਖ ਵਾਲੀ ਬਣੀ ਸਰਪੰਚ ਦੀ ਕੋਠੀ ਆਦਿ ਸੱਭ ਵਿਕਾਸ ਦੀ ਗਵਾਹੀ ਭਰ ਰਹੀਆਂ ਸਨ। ਪਰ ਪਿਛਲੇ ਕੁੱਝ ਸਮੇਂ ਤੋਂ ਸਰਕਾਰੀ ਗ੍ਰਾਂਟ ਦੀ ਕਮੀ ਅਤੇ ਪੰਚਾਇਤ ਦੀ ਅਣਦੇਖੀ ਕਰ ਕੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਬਰਸਾਤਾਂ ਦੇ ਦਿਨਾਂ ਵਿਚ ਚੋ ਜਾਣ ਕਰ ਕੇ ਬੱਚਿਆਂ ਨੂੰ ਅਨੇਕਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਮੈਨੂੰ ਪਿੰਡ ਦਾ ਹੋ ਰਿਹਾ ਵਿਕਾਸ ਅਧੂਰਾ ਵਿਕਾਸ ਜਾਪ ਰਿਹਾ ਸੀ।
ਇਕਬਾਲ ਪਾਲੀ, ਮੋਬਾਈਲ : 94786-55572

ਸੇਵਾ
''ਬਾਬਾ ਜੀ, ਕੀ ਥੋੜ੍ਹਾ ਦੁੱਧ ਮਿਲੇਗਾ? ਮੇਰੀ ਬੱਚੀ ਨੂੰ ਭੁੱਖ ਲੱਗੀ ਏ।''  ਇਕ ਔਰਤ ਨੇ ਚਾਹ ਦਾ ਲੰਗਰ ਵਰਤਾ ਰਹੇ ਭਾਈ ਜੀ ਨੂੰ ਬੜੀ ਨਿਰਮਤਾ ਨਾਲ ਪੁਛਿਆ। 
''ਹਾਂ, ਹਾਂ ਬੇਟੀ ਕਿਉਂ ਨਹੀਂ ਮਿਲੇਗਾ? ਇਹ ਲੰਗਰ ਤਾਂ ਅਸੀ ਸੱਭ ਦੀ ਸੇਵਾ ਲਈ ਲਗਾਇਆ ਹੋਇਐ। ਪਰ ਜੇ ਰੱਬ ਦੇ ਪਿਆਰੇ ਬੱਚੇ ਹੀ ਭੁੱਖੇ ਰਹੇ ਤਾਂ ਇਸ ਲੰਗਰ ਦਾ ਕੋਈ ਫ਼ਾਇਦਾ ਨਹੀਂ। ਆਹ ਪਤੀਲਾ ਦੁੱਧ ਦਾ ਅਸੀ ਅਲੱਗ ਕਰ ਕੇ ਬੱਚਿਆਂ ਵਾਸਤੇ ਹੀ ਰਖਿਆ ਹੋਇਐ। ਔਹ ਮੁੰਡੇ ਤੋਂ ਕਿਸੇ ਭਾਂਡੇ ਵਿਚ ਪੁਆ ਕੇ ਬੱਚੀ ਨੂੰ ਪਿਆ ਦੇ।'' ਭਾਈ ਜੀ ਨੇ ਬੜੇ ਪਿਆਰ ਨਾਲ ਅਤੇ ਮਿਠਾਸ ਨਾਲ ਔਰਤ ਨੂੰ ਕਿਹਾ।

ਦੁੱਧ ਲੈਣ ਤੋਂ ਬਾਅਦ ਔਰਤ ਚਾਹ ਪੀਣ ਲਈ ਕਤਾਰ 'ਚ ਬੈਠ ਗਈ ਤਾਂ ਅਚਾਨਕ ਉਸ ਦੇ ਕੰਨਾਂ 'ਚ ਇਹ ਸ਼ਬਦ ਪਏ, ''ਪਰੇ ਹਟੋ, ਜਾਹਿਲ ਕਿਸੇ ਥਾਂ ਦੇ। ਲਾਈਨ 'ਚ ਨਹੀਂ ਲੱਗ ਸਕਦੇ? ਕਿਵੇਂ ਭੀੜ ਪਾਈ ਹੈ। ਸਬਰ ਤਾਂ ਹੈ ਈ ਨਹੀਂ।'' ਚਾਹ ਦੀ ਕੇਤਲੀ ਚੁੱਕੀ ਇਕ ਨੌਜੁਆਨ ਭੀੜ ਨੂੰ ਧੱਕੇ ਜਹੇ ਮਾਰ ਰਿਹਾ ਸੀ ਅਤੇ ਬੋਲੀ ਜਾ ਰਿਹਾ ਸੀ। ਔਰਤ ਚਾਹ ਪੀਂਦਿਆਂ ਸੋਚ ਰਹੀ ਸੀ ਕਿ ਸੇਵਾ ਤਾਂ ਉਹ ਬਾਬਾ ਜੀ ਵੀ ਕਰ ਰਹੇ ਹਨ ਅਤੇ ਇਹ ਨੌਜੁਆਨ ਵੀ ਸੇਵਾ ਕਰ ਰਿਹਾ ਹੈ। ਪਰ ਦੋਹਾਂ ਦੀ ਸੇਵਾ 'ਚ ਕਿੰਨਾ ਫ਼ਰਕ ਹੈ।
ਮਨਜੀਤ ਕੌਰ, ਸ਼ੇਰਪੁਰ, ਲੁਧਿਆਣਾ