ਮੈਂ ਗੁਨਾਹਗਾਰ ਹਾਂ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਮੈਂ ਅਥਰੀ ਦਾ ਕਿੱਸਾ ਲਿਖਿਆ ਜੋ ਅੱਜ ਮੁੱਕ ਗਿਆ। ਪਰ ਲਗਦੈ ਇਹ ਦਾਸਤਾਨ ਮੇਰੀ ਹਯਾਤੀ ਤੋਂ ਬਾਅਦ ਤਕ ਵੀ ਨਹੀਂ ਮੁਕਣੀ। ਸੋਚਦਾ ਸੀ ਜਿਸ ਦਿਨ ਕਹਾਣੀ ਦਾ...

Guilty

(ਅਮੀਨ ਮਲਿਕ) ਮੈਂ ਅਥਰੀ ਦਾ ਕਿੱਸਾ ਲਿਖਿਆ ਜੋ ਅੱਜ ਮੁੱਕ ਗਿਆ। ਪਰ ਲਗਦੈ ਇਹ ਦਾਸਤਾਨ ਮੇਰੀ ਹਯਾਤੀ ਤੋਂ ਬਾਅਦ ਤਕ ਵੀ ਨਹੀਂ ਮੁਕਣੀ। ਸੋਚਦਾ ਸੀ ਜਿਸ ਦਿਨ ਕਹਾਣੀ ਦਾ ਅੰਤ ਹੋ ਗਿਆ, ਚੁੱਪ ਰਚਾਂ ਹੋ ਜਾਵੇਗੀ। ਪਰ ਜਦੋਂ ਅੱਗ ਬੁੱਝ ਗਈ ਤਾਂ ਹਰ ਪਾਸੇ ਧੂੰਏਂ ਨੇ ਹਨੇਰ ਪਾ ਦਿਤਾ। ਪਾਠਕਾਂ ਨੇ ਐਸੇ-ਐਸੇ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਮੇਰੇ ਵੱਸ ਵਿਚ ਨਹੀਂ ਸੀ। ਦੱਸੋ, ਮੈਂ ਕੀ ਦੱਸਾਂ? ਤੁਸੀ ਪੁਛਦੇ ਹੋ ਕਿ ਮੈਂ ਕਿਉੁਂ ਲਾਈਆਂ? ਜੇ ਲਾਈਆਂ ਤਾਂ ਤੋੜ ਕਿਉਂ ਨਾ ਨਿਭਾਈਆਂ? ਜੇ ਹਿੰਮਤ ਨਹੀਂ ਸੀ ਤਾਂ ਸ਼ਹੁ ਵਿਚ ਛਾਲ ਕਿਉੁਂ ਮਾਰੀ ਸੀ?

ਸੱਭ ਕੁੱਝ ਦੱਸ ਬੈਠਾਂ ਹਾਂ ਪਰ ਅਪਣੇ ਰੰਜੋ ਗ਼ਮ ਨੂੰ ਘੱਟ ਕਰਨ ਲਈ ਅੱਜ ਵੀ ਪੁਛਦੇ ਨੇ, ''ਤੂੰ ਉਸ ਦਾ ਕਿਉਂ ਨਾ ਬਣ ਸਕਿਆ? ਉਹ ਤੇਰੀ ਕਿਉਂ ਨਾ ਹੋ ਸਕੀ? ਉਸ ਦੇ ਜੀਊਂਦੇ ਜੀ ਤੂੰ ਉਸ ਨੂੰ ਮਿਲਣ ਕਿਉੁਂ ਨਾ ਗਿਆ? ਉਸ ਦੀ ਮਾਲੀ ਇਮਦਾਦ ਕਿਉਂ ਨਾ ਕੀਤੀ? ਹੁਣ ਉਸ ਦੀਆਂ ਧੀਆਂ ਬਾਰੇ ਵੀ ਕਦੀ ਸੋਚਿਐ ਕਿ ਉਹ ਕਿਹੜੇ ਹਾਲ ਵਿਚ ਨੇ? ਇਹ ਮਿਹਰਬਾਨ ਸਵਾਲ ਕਰਦੇ ਹੋਏ ਰੋਏ ਤੇ ਮੈਂ ਲਾਜਵਾਬ ਹੋ ਕੇ ਰੋਇਆ। ਅਖ਼ੀਰ ਮੈਨੂੰ ਮੁਜਰਮ ਬਣਾ ਕੇ ਉਨ੍ਹਾਂ ਅਪਣੀ ਅਦਾਲਤ ਵਿਚ ਖੜਾ ਕਰ ਦਿਤਾ। ਦਰਸ਼ਨ ਸਿੰਘ ਦੇਰ ਤਕ ਰੋਂਦਾ ਰਿਹਾ ਅਤੇ ਮੈਨੂੰ ਗੁਨਾਹਗਾਰ ਦਾ ਨਾਮ ਦਿੰਦੇ ਹੋਏ ਆਖਿਆ,

''ਉਸ ਨਸੀਬਾਂ ਮਾਰੀ ਦਾ ਖਾਵੰਦ ਮੁਨਾਖਾ ਹੋ ਕੇ ਮਰ ਗਿਆ ਤੇ ਉਹ ਤਿੰਨ ਧੀਆਂ ਲੈ ਕੇ ਗ਼ਰੀਬ ਮਾਪਿਆਂ ਘਰ ਆ ਕੇ ਰੋਟੀਉਂ ਆਤੁਰ ਹੋ ਗਈ। ਤੂੰ ਅਪਣੇ ਮੌਜ ਮੇਲਿਆਂ ਵਿਚ ਰੁੱਝ ਗਿਐ ਤੇ ਤੇਰੇ ਉਤੇ ਕੁਰਬਾਨ ਹੋ ਜਾਣ ਵਾਲੀ ਹਜ਼ਾਰਾਂ ਦੁੱਖਾਂ ਤੇ ਉਮਰਾਂ ਦੀਆਂ ਭੁੱਖਾਂ ਨਾਲ ਲੈ ਕੇ ਦੁਨੀਆਂ ਤੋਂ ਚਲੀ ਗਈ... ਕਿਉਂ? ਇਨ੍ਹਾਂ ਸਵਾਲਾਂ ਦਾ ਮਾੜਾ ਮੋਟਾ ਜਵਾਬ ਤਾਂ ਮੇਰੇ ਕੋਲ ਹੈ ਸੀ, ਪਰ ਮੇਰੇ ਪਾਠਕ ਮੇਰੇ ਲਈ ਜੱਜ ਅਤੇ ਮੁਹਤਬਰ ਮੁਨਸਫ਼ ਹਨ। ਮੈਂ ਅਪਣਾ ਮੁਕੱਦਮਾ ਜਿੱਤਣ ਦੀ ਬਜਾਏ ਪਾਠਕਾਂ ਦੀ ਪਰ੍ਹਿਆ ਨੂੰ ਹੀ ਜੇਤੂ ਆਖਦਾ ਹਾਂ।

ਮੈਂ ਆਖ ਸਕਦਾ ਸੀ ਕਿ ਵਿਆਹ ਤੋਂ ਬਾਅਦ ਅਥਰੀ ਦੀ ਖ਼ਬਰ ਲੈਣਾ ਉਸ ਨੂੰ ਦੂਜੀ ਵਾਰ ਨਸ਼ਰ ਕਰਨ ਵਾਲੀ ਗੱਲ ਸੀ। ਮਾਪਿਆਂ ਨੇ ਤਾਂ ਸਾਡੇ ਚੰਗੇ-ਮੰਦੇ ਪਿਆਰ ਦੇ ਜੁਰਮ ਨੂੰ ਗਾਲ ਮੰਦਾ ਕਰ ਕੇ ਢੱਕ ਠੱਪ ਲਿਆ ਸੀ ਪਰ ਸਹੁਰਿਆਂ ਨੂੰ ਪਤਾ ਲਗਦਾ ਤਾਂ ਉਸ ਵਿਚਾਰੀ ਦੇ ਬਾਕੀ ਬਚੇ ਝੁੱਗੇ ਨੂੰ ਵੀ ਸੰਨ੍ਹ ਲੱਗ ਜਾਣੀ ਸੀ। ਉਸ ਦਾ ਦੂਜੀ ਵਾਰ ਉਜਾੜਾ ਮੈਂ ਨਹੀਂ ਸੀ ਵੇਖਣਾ ਚਾਹੁੰਦਾ। ਇਸ ਭਲਾਈ ਦਾ ਇਰਾਦਾ ਕਰਨਾ ਇੰਜ ਹੀ ਸੀ ਜਿਵੇਂ ਮਸੀਤੇ ਨਮਾਜ਼ ਪੜ੍ਹਨ ਜਾਣ ਵਾਲੇ ਨੂੰ ਕੋਈ ਮਸੱਲੇ ਦਾ ਚੋਰ ਆਖ ਕੇ ਰੌਲਾ ਪਾ ਦੇਵੇ।

ਕਦੀ-ਕਦੀ ਨਮਾਜ਼ਾਂ ਵੀ ਜੁਰਮ ਬਣ ਜਾਂਦੀਆਂ ਨੇ। ਹਾਂ, ਇਹ ਸੱਚ ਹੈ ਕਿ ਬੰਦਾ ਵਡੇਰਾ ਹੋ ਜਾਏ ਤੇ ਉਸ ਦੀ ਉਮਰ ਵਿਚੋਂ ਜਵਾਨੀ ਦਾ ਜ਼ਹਿਰੀਲਾ ਡੰਗ ਨਿਕਲ ਜਾਂਦੈ। ਉਸ ਰੱਸੀ ਵਰਗੇ ਸੱਪ ਕੋਲੋਂ ਕਾਹਦਾ ਖ਼ਤਰਾ? (ਚਲਦਾ)