ਜ਼ਿੰਦਗੀ ਦਾ ਹਾਸਲ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਵਧਾਈਆਂ ਲੈਂਦੀ ਉਸ ਦੀ ਮਾਂ ਪਿੰਡ 'ਚ ਮਾਣਮੱਤੀ ਸੱਸ ਬਣ ਗਈ ਤੇ ਉਹ ਡੋਲੀ ਵਾਲੀ ਕਾਰ ਵਿਚ ਸਾਰੇ ਰਾਹ ਟੇਪ ਤੇ ਵਜਦਾ ਗੀਤ 'ਠਾਰਾਂ ਵਰ੍ਹੇ ਚੰਦ ਕੌਰੇ ਪੇਕਿਆਂ ਦੇ ਪਿੰਡ...

Gain of life

ਵਧਾਈਆਂ ਲੈਂਦੀ ਉਸ ਦੀ ਮਾਂ ਪਿੰਡ 'ਚ ਮਾਣਮੱਤੀ ਸੱਸ ਬਣ ਗਈ ਤੇ ਉਹ ਡੋਲੀ ਵਾਲੀ ਕਾਰ ਵਿਚ ਸਾਰੇ ਰਾਹ ਟੇਪ ਤੇ ਵਜਦਾ ਗੀਤ 'ਠਾਰਾਂ ਵਰ੍ਹੇ ਚੰਦ ਕੌਰੇ ਪੇਕਿਆਂ ਦੇ ਪਿੰਡ ਰਹੀ, ਲਿੱਪਦੀ ਬਨੇਰਿਆਂ ਦੇ ਲਿਉੜ ਬੱਲੀਏ, ਨੀ ਹੁਣ ਸਹੁਰਿਆਂ ਦੇ ਘਰ ਤੇਰੀ ਲੋੜ ਬੱਲੀਏ' ਸੁਣਦੀ ਪਿੰਡ ਦੀ ਲਾਗਣ ਸਮੇਤ ਉਸ ਜਗ੍ਹਾ ਪਹੁੰਚ ਗਈ ਜਿੱਥੇ ਹਰ ਕੁੜੀ ਦਾ ਨਵੇਂ ਸਿਰਿਉਂ ਸੰਘਰਸ਼ੀ ਪੜਾਅ ਹੁੰਦਾ ਹੈ। ਉਦੋਂ ਹੁਣ ਵਾਂਗ ਇਕੋ ਦਿਨ ਹੀ ਸੱਭ ਕੁੱਝ ਨਹੀਂ ਹੁੰਦਾ ਸੀ। ਕਿੰਨਾ ਸੁਆਦ ਸੀ ਦਿਲ 'ਚ ਵੱਸੇ ਅਣਦੇਖੇ ਪਿਆਰੇ ਦੇ ਮਿਲਾਪ ਦੇ ਇੰਤਜ਼ਾਰ ਦਾ। ਕਈ ਤਰ੍ਹਾਂ ਦੇ ਸੁਪਨੇ ਬੁਣਦੀ ਤੇ ਲੈਂਦੀ ਨੇ ਨੇੜੇ ਘੂਕ ਸੁੱਤੀ ਪਈ ਲਾਗਣ ਨੂੰ ਨਿਹਾਰਦਿਆਂ ਰਾਤ ਲੰਘਾ ਦਿਤੀ ਸੀ।

ਉਦੋਂ ਉਹ ਸੋਚ ਰਹੀ ਸੀ 'ਜੇ ਲਾਗਣਾਂ ਲਾੜੀਆਂ ਵਾਂਗ ਜਾਗਣ ਲੱਗਣ ਤਾਂ ਨੀਂਦਰੇ ਈ ਮਰ ਜਾਣ।' ਬਾਹਰ ਦੇ ਕੰਨ ਬੜਿੱਕੇ ਲੈਂਦਿਆਂ ਮਚਲਦੇ ਅਰਮਾਨਾਂ ਨੂੰ ਕਾਬੂ ਕਰ ਕਰ ਗੁਜ਼ਾਰੀ ਰਾਤ ਤੋਂ ਬਾਅਦ ਅਗਲੇ ਦਿਨ ਰੀਝਾਂ ਨਾਲ ਨਾਨਕੀਆਂ-ਦਾਦਕੀਆਂ ਵਿਚ ਸੁਹਾਗ ਗੀਤ ਗਾਉਂਦਿਆਂ ਪਿੰਡ ਦੀ ਨੈਣ ਵਲੋਂ ਪਰਾਤ ਵਿਚ ਘੋਲੇ ਗੋਤਕਨਾਲੇ 'ਚੋਂ ਰੁਪਈਏ ਦਾ ਸਿੱਕਾ ਲੱਭਦਿਆਂ ਦੋਹਾਂ ਜੀਆਂ ਨੇ ਹਾਰ ਜਿੱਤ ਦਰਜ ਕਰ ਕੇ ਮੁਹੱਬਤਾਂ ਦੀਆਂ ਪੀਡੀਆਂ ਗੰਢਾਂ ਵਾਲੇ ਗਾਨੇ ਇਕ-ਦੂਜੇ ਦੀਆਂ ਕਲਾਈਆਂ ਤੋਂ ਖੋਲ੍ਹੇ ਸਨ।

ਦਿਹਾੜੀ 'ਚ ਪੇਕਿਆਂ ਤੋਂ ਸਹੁਰੇ ਪਰਿਵਾਰ ਨਾਲ ਮੁਕਲਾਵੇ ਵਾਲੀ ਕਾਰ 'ਚ ਬਿਠਾ ਸਹੁਰੇ ਤੁਰਦੀ ਨੂੰ ਚੂੰਢੀਆਂ ਵੱਢ ਵੱਢ ਹਾਣ ਦੀਆਂ ਨੇ ਸੱਭ ਕੁੱਝ ਸਮਝਾ ਕੇ ਮੁਕਲਾਵੇ ਵਿਦਾ ਕੀਤਾ ਸੀ। ਤੇਲ ਚੋਅ ਕੇ ਝੱਲੀ ਸੱਸ ਵਲੋਂ ਨੂੰਹ ਦਾ ਸੁਆਗਤ ਹੋਇਆ। ਵਾਰ ਵਾਰ ਸਪੀਕਰ ਤੇ ਵਜਦਾ ਫ਼ੌਜੀ ਨਾਲ ਸਬੰਧਤ ਗੀਤ ਵਾਲਾ ਤਵਾ ਜਿਵੇਂ ਕਾਰ ਵਾਲੇ ਵਾਂਗ ਉਸ ਨੂੰ ਹੀ ਸੁਣਾ ਕੇ ਚਲਾਇਆ ਜਾ ਰਿਹਾ ਹੋਵੇ 'ਨਿੱਕੀ ਨਿੱਕੀ ਪੈਂਦੀ ਸੀ ਕਣੀ ਮੈਂ ਜਾਂ ਮੇਰਾ ਰੱਬ ਜਾਣਦਾ ਕਿੰਜ ਮੇਰੀ ਜਿੰਦ ਤੇ ਬਣੀ' 'ਤੂੰ ਕੀ ਸਾਡਾ ਜਾਣਦੀ ਪਿਆਰ ਬੱਦਲਾਂ ਤੋਂ ਪੁੱਛ ਗੋਰੀਏ ਨਿੱਤ ਘੱਲਦਾ ਸੁਨੇਹੇ ਮੈਂ ਹਜ਼ਾਰ।'

ਗੁੱਛਾ ਮੁੱਛਾ ਹੋਈ ਦਰਵਾਜ਼ੇ ਵਲ ਪਿੱਠ ਕਰ ਕੇ ਬੈਠੀ ਸ਼ਿੰਦੋ ਸੋਚ ਰਹੀ ਸੀ ਜਿਸ ਨਾਲ ਹਾਲੇ ਜ਼ੁਬਾਨ ਵੀ ਸਾਂਝੀ ਨਹੀਂ ਕੀਤੀ ਅਪਣੇ ਪਿਆਰ ਸੁਨੇਹਿਆਂ ਦੀ ਤਸਦੀਕ ਬੱਦਲਾਂ ਤੋਂ ਪੁੱਛ ਕੇ ਕਰਨ ਲਈ ਕਹਿ ਰਿਹਾ ਹੈ। ਖੁੱਲ੍ਹਦੇ ਬਾਰ ਦੀ ਚੀਂ ਚੀਂ ਨੇ ਉਸ ਨੂੰ ਸੁਚੇਤ ਕੀਤਾ ਸਿਰ ਤੋਂ ਪੈਰਾਂ ਤੀਕ ਫਿਰੀ ਝਰਨਾਹਟ ਨੇ ਜਿਵੇਂ ਕਾਂਬਾ ਛੇੜ ਦਿਤਾ ਹੋਵੇ। ''ਵਹੁਟੀਏ ਮੈਂ ਤੇਰੀ ਭੂਆ ਹਾਂ।'' (ਚਲਦਾ)