ਪ੍ਰੋ. ਪ੍ਰੀਤਮ ਸਿੰਘ ਜੀ ਦੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਮੈਂ ਅੱਜ ਤਕ ਭਾਪਾ ਜੀ ਨਾਲ ਕੀਤਾ ਵਾਅਦਾ ਨਿਭਾ ਰਹੀ ਹਾਂ ਤੇ ਸ਼ੁਕਰਗੁਜ਼ਾਰ ਵੀ ਹਾਂ ਹ

Professor Pritam Singh

ਕਈ ਸਾਲ ਹੋ ਗਏ, ਮੈਂ ਇਕ ਦਿਨ ਸ਼ਾਮ ਨੂੰ ਅਪਣੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਗਈ ਤਾਂ ਵੇਖਿਆ ਕਿ ਉਹ ਗਮਲਿਆਂ ਵਿਚਲੇ ਬੂਟਿਆਂ ਨੂੰ ਪਾਣੀ ਦੇ ਰਹੇ ਸਨ। ਉਹ ਬੜੇ ਧਿਆਨ ਨਾਲ ਇਕ-ਇਕ ਬੂਟੇ ਦੇ ਪੱਤੇ ਨੂੰ ਸਾਫ਼ ਕਰ ਕੇ ਟਾਹਣੀਆਂ ਸਿੱਧੀਆਂ ਕਰਦੇ ਰਹੇ ਤੇ ਮੈਂ ਗਹੁ ਨਾਲ ਤਕਦੀ ਰਹੀ।

ਅਖ਼ੀਰ ਮੈਂ ਹੱਸ ਕੇ ਕਿਹਾ, ''ਤੁਸੀਂ ਤਾਂ ਬੂਟਿਆਂ ਨੂੰ ਵੀ ਇੰਜ ਪਰਖ ਰਹੇ ਹੋ ਜਿਵੇਂ ਇਹ ਅੱਖਰ ਹੋਣ! ਇਨ੍ਹਾਂ ਵਿੱਚੋਂ ਸ਼ਬਦਾਂ ਦੀ ਖ਼ੁਸਬੋ ਨਹੀਂ ਆਉਣ ਲੱਗੀ।'' ਉਨ੍ਹਾਂ ਮੇਰੀ ਗੱਲ ਅਣਸੁਣੀ ਕਰ ਕੇ ਕਿਹਾ, ''ਤੂੰ ਬੱਚਿਆਂ ਲਈ ਕਿਉਂ ਨਹੀਂ ਲਿਖਦੀ?'' ਮੈਂ ਮੋੜਵਾਂ ਜਵਾਬ ਦਿਤਾ, ''ਪਾਪਾ ਜੀ ਤੁਸੀ ਤਾਂ ਐਵੇਂ ਹੀ ਨਵੀਂ ਜਹੀ ਗੱਲ ਛੇੜ ਦਿੰਦੇ ਹੋ। ਅੱਗੇ ਮੈਂ ਡਾਕਟਰੀ ਸਹਿਤ ਬਾਰੇ ਮਸਾਂ ਹੀ ਲਿਖਣਾ ਸ਼ੁਰੂ ਕੀਤਾ ਹੈ ਤੇ ਹੁਣ ਇਹ ਨਵੀਂ ਗੱਲ।

ਮੈਂ ਡਾਕਟਰੀ ਕਰਨੀ ਹੈ। ਮੈਂ ਕੋਈ ਲਿਖਾਰੀ ਨਹੀਂ ਹਾਂ। ਜਿਹੜਾ ਵੀ ਜਣਾ ਪੰਜਾਬੀ ਸਾਹਿਤ ਪੜ੍ਹ ਰਿਹਾ ਹੈ ਜਾਂ ਉਸ ਦਾ ਕਿੱਤਾ ਇਹ ਹੈ, ਉਸ ਦਾ ਕੰਮ ਹੈ ਬਾਲ ਸਾਹਿਤ ਰਚੇ। ਮੈਨੂੰ ਕੀ ਲੋੜ ਹੈ?'' ਮੇਰੇ ਵਲ ਤਕ ਕੇ ਉਨ੍ਹਾਂ ਮੈਨੂੰ ਹੇਠ ਬੈਠਣ ਦਾ ਇਸ਼ਾਰਾ ਕੀਤਾ। ਮੈਂ ਉਨ੍ਹਾਂ ਕੋਲ ਹੀ ਗੋਡੇ ਪਰਨੇ ਝੁਕ ਕੇ ਬੈਠ ਗਈ। ਕਹਿਣ ਲੱਗੇ, ''ਇਹ ਵੇਖ ਖਾਂ ਬੱਲਿਆ ਨਿੱਕਾ ਜਿਹਾ ਬੂਟਾ ਪੁੰਗਰਿਐ ਪਰ ਇਹ ਟੇਢਾ ਜਾਣ ਲੱਗ ਪਿਐ।''

ਮੈਂ ਕਿਹਾ, ''ਇਸ ਵਿਚ ਕੀ ਐ? ਸਾਫ਼ ਦਿਸਦਾ ਪਿਐ ਕਿ ਹੇਠੋਂ ਦੋ ਪਾਸਿਉਂ ਨਿਕੀਆਂ ਬੇਲੋੜੀਆਂ ਟਾਹਣੀਆਂ ਨਿਕਲਣ ਲੱਗ ਪਈਆਂ ਨੇ। ਜੇ ਇਹ ਕੱਟ ਦੇਈਏ ਤਾਂ ਬੂਟਾ ਬਿਲਕੁਲ ਸਿੱਧਾ ਉੱਗ ਪਵੇਗਾ।'' ਬੜੀ ਹੌਲੀ ਜਹੀ ਗੰਭੀਰਤਾ ਨਾਲ ਪਾਪਾ ਜੀ ਬੋਲੇ, ''ਤੈਨੂੰ ਕਿਵੇਂ ਪਤੈ ਬੱਚੀਏ? ਤੂੰ ਤਾਂ ਮਾਲੀ ਨਹੀਂ ਹੈਂ?'' ਮੈਂ ਬਿਨਾਂ ਸੋਚੇ ਸਮਝੇ ਝੱਟ ਬੋਲ ਪਈ, ''ਏਨਾ ਕੁ ਤਾਂ ਕਿਸੇ ਨੂੰ ਵੀ ਪਤਾ ਹੋਵੇਗਾ। ਸਾਫ਼ ਤਾਂ ਦਿਸਦਾ ਪਿਐ। ਜੇ ਚਾਹੋ ਤਾਂ ਰਤਾ ਕੁ ਐਲਜੈਬਰਾ ਲਗਾ ਲਵੋ। ਏਨੇ ਕੰਮ ਲਈ ਮਾਲੀ ਤੋਂ ਪੁੱਛਣ ਦੀ ਕੀ ਲੋੜ ਹੈ?''

ਪਾਪਾ ਜੀ ਇੰਜ ਮੁਸਕੁਰਾਏ ਜਿਵੇਂ ਮੱਛੀ ਜਾਲ ਵਿਚ ਫਸ ਗਈ ਹੋਵੇ ਤੇ ਕਹਿਣ ਲੱਗੇ, ''ਤੂੰ ਬੱਚਿਆਂ ਦੀ ਡਾਕਟਰ ਹੈਂ। ਬਾਲ ਮਨੋਵਿਗਿਆਨ ਤੂੰ ਪੜ੍ਹਿਆ ਹੈ। ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਵੀ ਤੂੰ ਜਾਣਦੀ ਹੈਂ ਕਿ ਕਿੰਨੇ ਅੱਖਰ ਤੇ ਕਿਹੜੇ ਸ਼ਬਦ ਕਿਸ ਉਮਰ ਵਿਚ ਬੱਚੇ ਦੇ ਦਿਮਾਗ਼ ਵਿਚ ਸਮਾਅ ਸਕਦੇ ਹਨ, ਕਿਹੜੀਆਂ ਗੱਲਾਂ ਬੱਚੇ ਦੇ ਦਿਮਾਗ਼ ਉੱਤੇ ਡੂੰਘਾ ਅਸਰ ਪਾ ਸਕਦੀਆਂ ਹਨ ਤੇ ਬੱਚਾ ਕਿਵੇਂ ਇਨ੍ਹਾਂ ਤੋਂ ਸੇਧ ਲੈ ਸਕਦਾ ਹੈ, ਬਾਰੇ ਤੂੰ ਸੱਭ ਜਾਣਦੀ ਹੈਂ। ਏਨਾ ਕੁੱਝ ਜਾਣ ਲੈਣ ਬਾਅਦ ਹਾਲੇ ਤੂੰ ਆਖਦੀ ਹੈਂ ਕਿ ਬਾਲਾਂ ਵਾਸਤੇ ਤੂੰ ਲਿਖ ਨਹੀਂ ਸਕਦੀ। ਇਸ ਤੇ ਤਾਂ ਕੋਈ ਹੋਰ ਲਿਖੇ। ਤੈਨੂੰ ਬੂਟਿਆਂ ਬਾਰੇ ਪੂਰੀ ਸਮਝ ਨਹੀਂ ਪਰ ਫਿਰ ਵੀ ਤੂੰ ਦਸ ਸਕਦੀ ਹੈਂ ਕਿ ਇਨ੍ਹਾਂ ਨੂੰ ਟੇਢੇ ਮੇਢੇ ਹੋ ਜਾਣ ਤੋਂ ਕਿਵੇਂ ਬਚਾਉਣਾ ਹੈ!''

ਮੈਨੂੰ ਕੁੜਿੱਕੀ ਵਿਚ ਫਸੀ ਵੇਖ ਕੇ ਉਹ ਮੈਨੂੰ ਸਮਝਾਉਣ ਲੱਗੇ, ''ਬਲਿਆ ਜੇ ਕਿਸੇ ਦਰੱਖ਼ਤ ਦਾ ਤਣਾ ਸਿੱਧਾ ਰਖਣਾ ਹੈ ਤਾਂ ਉਸ ਨੂੰ ਉਦੋਂ ਤੋਂ ਹੀ ਧਿਆਨ ਦੇਣਾ ਪੈਂਦਾ ਹੈ ਜਦੋਂ ਉਹ ਛੋਟਾ ਬੂਟਾ ਹੋਵੇ। ਉਸ ਦੀਆਂ ਫ਼ਾਲਤੂ ਟਾਹਣੀਆਂ ਛਾਂਗਣੀਆਂ ਪੈਂਦੀਆਂ ਹਨ। ਬਿਲਕੁਲ ਏਸੇ ਗੱਲ ਹੀ ਤਰ੍ਹਾਂ ਸਮਾਜ ਕਿਹੋ ਜਿਹਾ ਬਣਾਉਣਾ ਹੈ, ਵੀ ਇਸੇ ਉੱਤੇ ਨਿਰਭਰ ਹੈ ਕਿ ਉਸ ਵਿਚ ਉਸਰਈਏ ਹਨ ਜਾਂ ਨਹੀਂ।

ਜੇ ਉਸਰਈਏ ਘੜਨੇ ਹੋਣ ਤਾਂ ਬੱਚਿਆਂ ਲਈ ਢੁਕਵੇਂ ਤੇ ਲੋੜੀਂਦੇ ਸਾਹਿਤ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਉਨ੍ਹਾਂ ਦੇ ਮਨਾਂ ਵਿਚ ਵਿਗਾੜ ਪੈਣ ਤੋਂ ਰੋਕ ਸਕੇ ਤੇ ਉਨ੍ਹਾਂ ਨੂੰ ਸਿੱਧਾ ਤਗੜਾ ਦਰੱਖ਼ਤ ਬਣਾ ਦੇਵੇ। ਜੇ ਵਧੀਆ ਬਾਲ ਸਾਹਿਤ ਸਿਰਜਿਆ ਜਾਵੇ ਤਾਂ ਸਾਡੇ ਬੱਚੇ ਬਹੁਤ ਤਗੜੇ ਦਰੱਖ਼ਤ ਵਾਂਗ ਹੋਣਗੇ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਮਾਤ ਭੂਮੀ ਵਿਚ ਪਕਿਆਈ ਫੜ ਕੇ ਬੈਠੀਆਂ ਰਹਿਣਗੀਆਂ ਤੇ ਉਹ ਮਾਂ ਬੋਲੀ ਉੱਤੇ ਪੈਂਦੀ ਹਰ ਹਨੇਰੀ ਝਖੜ ਅੱਗੇ ਲਿਫ਼ ਭਾਵੇਂ ਪੈਣ ਪਰ ਛੇਤੀ ਡਿੱਗਣਗੇ ਨਹੀਂ ਤੇ ਦੁਬਾਰਾ ਖੜੇ ਹੋ ਜਾਣਗੇ। ਇਸੇ ਲਈ ਜੇ ਮਾਂ-ਬੋਲੀ ਬਚਾਉਣੀ ਹੋਵੇ ਤਾਂ ਅਗਲੀ ਪੌਦ ਲਈ ਵਧੀਆ ਸਾਹਿਤ ਰਚਣਾ ਜ਼ਰੂਰੀ ਹੁੰਦਾ ਹੈ।

ਹਰ ਕਿਸਮ ਦੇ ਕਿੱਤੇ ਨਾਲ ਜੁੜੇ ਬੰਦੇ ਨੂੰ ਅਪਣੀ ਮਾਂ-ਬੋਲੀ ਦਾ ਕਰਜ਼ ਲਾਹੁਣ ਲਈ ਇਸ ਵਿਚ ਸਾਹਿਤ ਰਚਨਾ ਜ਼ਰੂਰੀ ਹੈ ਤੇ ਉਹ ਵੀ ਖ਼ਾਸ ਕਰ, ਨਵੀਂ ਤਰ੍ਹਾਂ ਦੀ ਜਾਣਕਾਰੀ ਭਰਪੂਰ। ਬਾਲ ਸਾਹਿਤ ਕਿਉਂ ਜ਼ਰੂਰੀ ਹੈ, ਇਹ ਤਾਂ ਹੁਣ ਤੈਨੂੰ ਸਮਝ ਆ ਹੀ ਗਈ ਹੋਵੇਗੀ! ਮੈਂ ਵੀ ਇਸੇ ਲਈ ਬੱਚਿਆਂ ਲਈ ਜਾਣਕਾਰੀ ਭਰਪੂਰ ਬਾਲ-ਕਹਾਣੀਆਂ ਲਿਖੀਆਂ ਹਨ।''

ਇਹ ਪਾਪਾ ਜੀ ਵਲੋਂ ਲਗਾਈ ਚੇਟਕ ਦਾ ਹੀ ਨਤੀਜਾ ਸੀ ਕਿ ਮੈਂ ਬਾਲ ਸਾਹਿਤ ਰੱਚ ਸਕੀ ਤੇ ਬੱਚਿਆਂ ਲਈ ''ਡਾਕਟਰ ਮਾਸੀ ਦੀਆਂ ਕਹਾਣੀਆਂ'' ਲਿਖੀਆਂ, ਜਿਨ੍ਹਾਂ ਨੂੰ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਸਲਾਹਿਆ ਤੇ ਉਸ ਉੱਤੇ ਮੈਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਨਮਾਨ ਵੀ ਮਿਲਿਆ। ਬਾਲ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਲਈ ਪਾਪਾ ਜੀ ਨੇ ਮੇਰੇ ਦਾਦੀ ਜੀ ਦੇ ਨਾਂ ਹੇਠ ਹਰ ਸਾਲ ਸਰਵੋਤਮ ਬਾਲ ਪੁਸਤਕ ਲਈ ਮਾਲੀ ਇਨਾਮ ਵੀ ਸ਼ੁਰੂ ਕੀਤਾ ਜੋ ਹਾਲੇ ਵੀ ਦਿਤਾ ਜਾ ਰਿਹਾ ਹੈ।

ਮੈਂ ਅੱਜ ਤਕ ਭਾਪਾ ਜੀ ਨਾਲ ਕੀਤਾ ਵਾਅਦਾ ਨਿਭਾ ਰਹੀ ਹਾਂ ਤੇ ਸ਼ੁਕਰਗੁਜ਼ਾਰ ਵੀ ਹਾਂ ਹਰ ਬਾਲ ਸਾਹਿਤ ਨਾਲ ਜੁੜੇ ਲੇਖਕ ਤੇ ਸੰਪਾਦਕ ਦੀ, ਜਿਹੜੇ ਮੇਰੇ ਨਾਲੋਂ ਵਧ ਇਹ ਸਮਝ ਰਖਦੇ ਹੋਏ ਇਹ ਡਿਊਟੀ ਕਈ ਚਿਰਾਂ ਤੋਂ ਬੜੀ ਈਮਾਨਦਾਰੀ ਨਾਲ ਨਿਭਾ ਰਹੇ ਹਨ ਕਿ ਸਾਡੀ ਆਉਣ ਵਾਲੀ ਪਨੀਰੀ ਮਾਂ ਬੋਲੀ ਨਾਲ ਜੁੜੀ ਵੀ ਰਹੇ ਤੇ ਸਹੀ ਸੇਧ ਵੀ ਲੈਂਦੀ ਰਹੇ।        

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783